ਪੇਸ਼ਾਵਰ ਦੇ ਪ੍ਰਸਿੱਧ ਹਕੀਮ ਸਤਨਾਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ
ਹਕੀਮ ਸਤਨਾਮ ਸਿੰਘ ਜਦੋਂ ਪਿਸ਼ਾਵਰ ਦੀ ਚਾਰਸਦਾ ਰੋਡ ਸਥਿਤ ਆਪਣੇ ਖ਼ਾਲਸਾ ਯੂਨਾਨੀ ਦਵਾਖ਼ਾਨਾ ਵਿਖੇ ਮਰੀਜ਼ਾਂ ਨੂੰ ਦਵਾਈ ਦੇ ਰਿਹਾ ਸੀ ਤਾਂ ਉਸ ਦੌਰਾਨ ਉੱਥੇ ਪਹੁੰਚੇ ਹਥਿਆਰਬੰਦ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੇਸ਼ਾਵਰ: ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਪਿਸ਼ਾਵਰ ਦੇ ਪ੍ਰਸਿੱਧ ਹਕੀਮ ਸਤਨਾਮ ਸਿੰਘ ਦੀ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਹਕੀਮ ਸਤਨਾਮ ਸਿੰਘ ਜਦੋਂ ਪਿਸ਼ਾਵਰ ਦੀ ਚਾਰਸਦਾ ਰੋਡ ਸਥਿਤ ਆਪਣੇ ਖ਼ਾਲਸਾ ਯੂਨਾਨੀ ਦਵਾਖ਼ਾਨਾ ਵਿਖੇ ਮਰੀਜ਼ਾਂ ਨੂੰ ਦਵਾਈ ਦੇ ਰਿਹਾ ਸੀ ਤਾਂ ਉਸ ਦੌਰਾਨ ਉੱਥੇ ਪਹੁੰਚੇ ਹਥਿਆਰਬੰਦ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਅਨੁਸਾਰ ਸਤਨਾਮ ਸਿੰਘ ਦੇ 4 ਗੋਲੀਆਂ ਮਾਰੀਆਂ ਗਈਆਂ ਤੇ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਰਫ਼ੂ-ਚੱਕਰ ਹੋ ਗਏ। ਦੱਸਿਆ ਜਾ ਰਿਹਾ ਹੈ ਪੁਲਿਸ ਸੀਸੀਟੀਵੀ ਫੁਟੇਜ਼ ਅਤੇ ਗਵਾਹਾਂ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਦੇ ਆਧਾਰ 'ਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਸਤਨਾਮ ਸਿੰਘ ਪਿਛਲੇ ਕੁਝ ਸਮੇਂ ਤੋਂ ਰਾਜਧਾਨੀ ਇਸਲਾਮਾਬਾਦ ਦੇ ਨਜ਼ਦੀਕੀ ਸ਼ਹਿਰ ਹਸਨ ਅਬਦਾਲ 'ਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਨਾਲ ਲਗਦੀ ਗਲੀ 'ਚ ਪਰਿਵਾਰ ਸਮੇਤ ਰਹਿ ਰਿਹਾ ਸੀ ਜਦਕਿ ਉਸ ਦਾ ਕਾਰੋਬਾਰ ਪਿਸ਼ਾਵਰ 'ਚ ਸੀ।