ਭਾਰਤ ਦੀ ਤਾਕਤ ਵਿਖਾਉਣ ਲਈ ਮੋਦੀ ਨੇ ਟਰੰਪ ਨੂੰ ਬੁਲਾਇਆ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਗਣਤੰਤਰ ਦਿਵਸ ਮੌਕੇ ਪ੍ਰੇਡ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਸੱਦਾ ਭੇਜਿਆ ਹੈ। ਹਾਲਾਂਕਿ ਅਜੇ ਵਾਈਟ ਹਾਊਸ ਵੱਲੋਂ ਟਰੰਪ ਦੀ ਯਾਤਰਾ ਪ੍ਰਤੀ ਕੋਈ ਸਹਿਮਤੀ ਨਹੀਂ ਦਿਖਾਈ ਗਈ। ਦੋਵੇਂ ਧਿਰਾਂ 'ਚ ਟਰੰਪ ਦੀ ਪਹਿਲੀ ਭਾਰਤ ਯਾਤਰਾ ਸਬੰਧੀ ਗੱਲਬਾਤ ਚੱਲ ਰਹੀ ਹੈ।
ਮੋਦੀ ਨੇ ਅਮਰੀਕਾ ਪਹੁੰਚ ਦਿੱਤਾ ਸੀ ਟਰੰਪ ਨੂੰ ਸੱਦਾ:
ਜ਼ਿਕਰੋਯਗ ਹੈ ਕਿ ਬੀਤੇ ਸਾਲ ਜੂਨ 'ਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਪਰਿਵਾਰ ਸਮੇਤ ਭਾਰਤ ਆਉਣ ਦਾ ਸੱਦਾ ਦਿੱਤਾ ਸੀ।
ਪਿਛਲੇ ਸਾਲ ਟਰੰਪ ਦੀ ਧੀ ਆਈ ਸੀ ਭਾਰਤ:
ਬੀਤੇ ਨਵੰਬਰ 'ਚ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਭਾਰਤ ਦਾ ਦੌਰਾ ਕੀਤਾ ਸੀ। ਇਵਾਂਕਾ ਨੇ ਹੈਦਰਾਬਾਦ ਦੇ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ 'ਚ ਗਲੋਬਲ ਸਨਅਤਕਾਰੀ ਸ਼ਿਖਰ ਸੰਮੇਲਨ 'ਚ ਹਿੱਸਾ ਲਿਆ ਸੀ। ਇਸ ਦੌਰਾਨ ਉਨ੍ਹਾਂ ਮੋਦੀ ਨੂੰ ਕਿਹਾ ਸੀ ਕਿ ਬਚਪਨ 'ਚ ਚਾਹ ਵੇਚਣ ਤੋਂ ਲੈ ਕੇ ਅੱਜ ਪ੍ਰਧਾਨ ਮੰਤਰੀ ਬਣਨ ਦੇ ਸਫਰ ਤੱਕ ਤੁਸੀ ਸਾਬਤ ਕੀਤਾ ਹੈ ਕਿ ਹਰ ਤਰ੍ਹਾਂ ਦਾ ਪਰਿਵਰਤਨ ਸੰਭਵ ਹੈ।
ਰਾਜਪਥ 'ਤੇ ਦੇਖਣਯੋਗ ਨਜ਼ਾਰਾ ਭਾਰਤ ਦੀ ਤਾਕਤ ਦਾ:
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਹਰ ਸਾਲ ਪਰੇਡ ਤੇ ਰੰਗਾਰੰਗ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਮੌਕੇ ਭਾਰਤ ਦੀਆਂ ਤਿੰਨੇ ਸੈਨਾਵਾਂ ਥਲ ਸੈਨਾ, ਹਵਾਈ ਸੈਨਾ ਤੇ ਜਲ ਸੈਨਾ ਦੇ ਜਵਾਨ ਦੁਨੀਆ ਨੂੰ ਭਾਰਤ ਦੀ ਤਾਕਤ ਦਿਖਾਉਣ ਲਈ ਕਈ ਕਰਤੱਬ ਕਰਦੇ ਹਨ। ਇੰਨਾ ਹੀ ਨਹੀਂ ਭਾਰਤ ਦੀ ਸੰਸਕ੍ਰਿਤੀ ਤੇ ਸੱਭਿਆਚਾਰ ਨੂੰ ਦਰਸਾਉਣ ਲਈ ਸੂਬਿਆਂ ਦੀਆਂ ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ।
ਭਾਰਤ ਦੇ ਗਣਤੰਤਰ ਦਿਵਸ ਮੌਕੇ ਬਾਹਰੀ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਮੁੱਖ ਮਹਿਮਾਨ ਬਣਾਉਣ ਦਾ ਰਿਵਾਜ਼ ਰਿਹਾ ਹੈ। ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਕਈ ਦੇਸ਼ਾਂ ਦੇ ਨੁਮਾਇੰਦੇ ਗਣਤੰਤਰ ਦਿਵਸ ਦੀ ਪ੍ਰੇਡ 'ਚ ਸ਼ਾਮਲ ਹੋ ਚੁੱਕੇ ਹਨ।