ਵਿਸ਼ਵ ਦੇ 100 ਅਮੀਰਾਂ 'ਚ ਸ਼ੁਮਾਰ ਬੰਦੇ ਦੀ ਸੰਪੱਤੀ ਹੋਵੇਗੀ ਨੀਲਾਮ
ਰਿਆਦ: ਸਾਊਦੀ ਅਰਬ ਦੇ ਅਰਬਪਤੀ ਦੀ ਸੰਪੱਤੀ ਨੂੰ ਪ੍ਰਸ਼ਾਸਨ ਨੀਲਾਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਕਾਰੋਬਾਰੀ ਹੈ ਮਾਨ ਅਲ ਸਾਨੇ ਤੇ ਉਹ ਸਾਦ ਗਰੁੱਪ ਦਾ ਮਾਲਕ ਹੈ। ਸਾਲ 2007 'ਚ ਮਾਨ ਅਲ ਸਾਨੇ ਦੁਨੀਆ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਸ਼ਾਮਲ ਸੀ ਪਰ ਸਾਲ 2009 ਆਉਂਦਿਆਂ ਸਭ ਕੁਝ ਬਦਲ ਗਿਆ। ਉਸ ਦੀ ਕੰਪਨੀ ਭਾਰੀ ਕਰਜ਼ ਲੈ ਕੇ ਚੁਕਾ ਨਹੀਂ ਪਾਈ ਤੇ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਉਸ ਦੇ ਗਰੁੱਪ ਨੂੰ ਡਿਫਾਲਟਰ ਐਲਾਨ ਦਿੱਤਾ ਗਿਆ।
ਇਹ ਮਾਮਲਾ ਲੰਮੇ ਸਮੇਂ ਤੋਂ ਅਦਾਲਤ 'ਚ ਚੱਲ ਰਿਹਾ ਸੀ। ਤਿੰਨ ਜੱਜਾਂ ਦੇ ਟ੍ਰਿਬਿਊਨਲ ਨੇ ਹੁਣ ਇਸ ਮਾਮਲੇ 'ਚ ਫੈਸਲਾ ਸੁਣਾ ਦਿੱਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਸਾਨੇ ਦੀ ਰਿਆਦ ਤੇ ਜੇਹਾਦ 'ਚ ਜੋ ਸੰਪੱਤੀ ਹੈ ਉਸ ਨੂੰ ਪੰਜ ਮਹੀਨਿਆਂ 'ਚ ਨੀਲਾਮ ਕਰਕੇ ਕਰਜ਼ ਦੀ ਵਸੂਲੀ ਕੀਤੀ ਜਾਵੇ।
ਸੂਤਰਾਂ ਮੁਤਾਬਕ ਇਹ ਸੰਪੱਤੀ 2 ਅਰਬ ਰਿਆਲ 2.6 ਕਰੋੜ ਡਾਲਰ ਤੋਂ ਲੈ ਕੇ 5.3 ਕਰੋੜ ਡਾਲਰ ਤੱਕ ਵਿਕ ਸਕਦੀ ਹੈ। ਹਾਲਾਂਕਿ ਇਸ ਨੀਲਾਮੀ 'ਚ ਅਜੇ ਦੇਰੀ ਹੋ ਸਕਦੀ ਹੈ ਕਿਉਂਕਿ ਉੱਥੇ ਅਜੇ ਪ੍ਰਾਪਰਟੀ ਬਜ਼ਾਰ ਚ ਮੰਦੀ ਚੱਲ ਰਹੀ ਹੈ।
ਇਸ ਸਾਲ ਮਾਰਚ 'ਚ ਇਸ ਸਮੂਹ ਦੇ 9000 ਵਾਹਨਾਂ ਦੀ ਨੀਲਾਮੀ ਹੋਈ ਸੀ। ਇਸ 'ਚ ਟਰੱਕ, ਬੱਸ ਤੇ ਗੋਲਫ ਕੋਰਟ ਸ਼ਾਮਲ ਸੀ। ਇਸ ਨੀਲਾਮੀ ਤੋਂ 1.2 ਕਰੋੜ ਰਿਆਲ ਮਿਲੇ ਸਨ। ਇਸ ਨਾਲ ਕੁਝ ਕਰਜ਼ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸਾਲ 2009 'ਚ ਸਾਦ ਗਰੁੱਪ ਨੇ ਦੂਜੇ ਸਮੂਹਾਂ ਨਾ ਮਿਲ ਕੇ ਕਰੀਬ 22 ਅਰਬ ਡਾਲਰ ਦਾ ਕਰਜ਼ ਮੋੜਨ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਇਹ ਸਾਊਦੀ ਅਰਬ ਦਾ ਸਭ ਤੋਂ ਵੱਡਾ ਵਿੱਤੀ ਸੰਕਟ ਬਣ ਗਿਆ ਸੀ।