ਕੈਨੇਡਾ ਦੀ ‘ਤਿਰੰਗਾ ਰੈਲੀ’ ’ਚ ਗੜਬੜੀ ਫੈਲਾਉਣ ਵਾਲੇ ਪੰਜਾਬੀਆਂ ਦੀਆਂ ਗ੍ਰਿਫ਼ਤਾਰੀਆਂ
ਕੈਨੇਡੀਅਨ ਸੂਬੇ ਉਨਟਾਰੀਓ ਦੇ ਮਹਾਂਨਗਰ ਲਾਗਲੇ ਬਰੈਂਪਟਨ ’ਚ ਬੀਤੇ ਦਿਨੀਂ ‘ਤਿਰੰਗਾ ਮੈਪਲ ਕਾਰ ਰੈਲੀ’ ਵਿੱਚ ਕਥਿਤ ਤੌਰ ’ਤੇ ਕੁਝ ਗੜਬੜੀਆਂ ਫੈਲਾਉਣ ਵਾਲੇ ਪੰਜਾਬੀਆਂ ਦੀਆਂ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਮਹਿਤਾਬ-ਉਦ-ਦੀਨ
ਬਰੈਂਪਟਨ: ਕੈਨੇਡੀਅਨ ਸੂਬੇ ਉਨਟਾਰੀਓ ਦੇ ਮਹਾਂਨਗਰ ਲਾਗਲੇ ਬਰੈਂਪਟਨ ’ਚ ਬੀਤੇ ਦਿਨੀਂ ‘ਤਿਰੰਗਾ ਮੈਪਲ ਕਾਰ ਰੈਲੀ’ ਵਿੱਚ ਕਥਿਤ ਤੌਰ ’ਤੇ ਕੁਝ ਗੜਬੜੀਆਂ ਫੈਲਾਉਣ ਵਾਲੇ ਪੰਜਾਬੀਆਂ ਦੀਆਂ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਹਾਲੇ 27 ਸਾਲਾਂ ਦੇ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਆਉਣ ਵਾਲੇ ਕੁਝ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਦੱਸ ਦੇਈਏ ਕਿ ਬੀਤੀ 28 ਫ਼ਰਵਰੀ ਨੂੰ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਹੱਕ ਤੇ ਕੋਵਿਡ-19 ਵੈਕਸੀਨ ਟੀਕਾਕਰਣ ਦੀ ਖ਼ੁਸ਼ੀ ਵਿੱਚ ਵਿੱਚ ਬਰੈਂਪਟਨ ’ਚ 350 ਕਾਰਾਂ ਦੀ ਇੱਕ ਰੈਲੀ ਕੱਢੀ ਗਈ ਸੀ। ਉਸ ਰੈਲੀ ’ਚ ਕੁਝ ਪੰਜਾਬੀਆਂ ਵੱਲੋਂ ਕਥਿਤ ਗੜਬੜੀ ਫੈਲਾਉਣ ਦੀਆਂ ਕਈ ਸ਼ਿਕਾਇਤਾਂ ਪੁਲਿਸ ਕੋਲ ਪੁੱਜੀਆਂ ਸਨ।
ਇਸ ਰੈਲੀ ਦੀਆਂ ਕਈ ਵਿਡੀਓ ਕਲਿੱਪਸ ਵੀ ਵਾਇਰਲ ਹੋਈਆਂ ਹਨ; ਜਿਨ੍ਹਾਂ ਵਿੱਚ ਕੁਝ ਪੰਜਾਬੀ ਨੌਜਵਾਨਾਂ ਨੂੰ ‘ਖ਼ਾਲਿਸਤਾਨ’ ਦੇ ਬੈਨਰ ਹੱਥਾਂ ਵਿੱਚ ਫੜੇ ਵੇਖਿਆ ਜਾ ਸਕਦਾ ਹੈ। ਉਨ੍ਹਾਂ ’ਚੋਂ ਹੀ ਕੁਝ ਪੰਜਾਬੀ ਨੌਜਵਾਨ ਉੱਥੇ ਭਾਰਤ ਸਰਕਾਰ ਦੇ ਹੱਕ ’ਚ ਰੈਲੀ ਕੱਢ ਰਹੇ ਪ੍ਰਵਾਸੀ ਭਾਰਤੀਆਂ ਦਾ ਵਿਰੋਧ ਕਰਦੇ ਵਿਖਾਈ ਦੇ ਰਹੇ ਸਨ।
ਹੁਣ ਜਿਹੜੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਮਿਸੀਸਾਗਾ ਰੋਡ ਤੇ ਕੁਈਨ ਸਟ੍ਰੀਟ ਇਲਾਕੇ ’ਚ ਅਚਾਨਕ ਰੈਲੀ ਦੀ ਇੱਕ ਕਾਰ ਅੱਗੇ ਆ ਕੇ ਖਲੋ ਗਿਆ ਸੀ, ਜਿਸ ਨੂੰ 40 ਸਾਲਾਂ ਦੀ ਇੱਕ ਔਰਤ ਚਲਾ ਰਹੀ ਸੀ। ਉਸੇ ਔਰਤ ਦੀ ਸ਼ਿਕਾਇਤ ਉੱਤੇ ਇਸ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰੈਲੀ ਦੌਰਾਨ ਦੋਵਾਂ ਵਿਚਾਲੇ ਝਗੜਾ ਵੀ ਹੋਇਆ ਸੀ। ਦੋਸ਼ ਹੈ ਕਿ ਔਰਤ ਉੱਤੇ ਹਮਲਾ ਵੀ ਕੀਤਾ ਗਿਆ ਸੀ ਪਰ ਉਸ ਦੇ ਕੋਈ ਗੰਭੀਰ ਸੱਟ ਨਹੀਂ ਲੱਗੀ ਸੀ।
ਪੁਲਿਸ ਨੇ ਮੁਲਜ਼ਮ ਤੇ ਪੀੜਤ ’ਚੋਂ ਕਿਸੇ ਦਾ ਵੀ ਨਾਂ ਜੱਗ-ਜ਼ਾਹਿਰ ਨਹੀਂ ਕੀਤਾ ਹੈ। ਮੀਡੀਆ ਰਿਪੋਰਟਾਂ ’ਚ ਸਪੱਸ਼ਟ ਆਖਿਆ ਜਾ ਰਿਹਾ ਹੈ ਕਿ ਅਸਲ ਝਗੜਾ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸੀਮਾਵਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਕਰਕੇ ਹੈ। ਉਸ ਅੰਦੋਲਨ ਦੇ ਮੁੱਦੇ ਉੱਤੇ ਪ੍ਰਵਾਸੀ ਭਾਰਤੀ ਆਪਸ ਵਿੱਚ ਦੋ ਭਾਗਾਂ ’ਚ ਵੰਡੇ ਗਏ ਹਨ। ਇੱਕ ਧੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਹੱਕ ਵਿੱਚ ਹੈ ਤੇ ਦੂਜਾ ਵਿਰੁੱਧ। ਕੈਨੇਡਾ ਦੇ ਪੰਜਾਬੀ ਸਿੱਖ ਸਿੱਧੇ ਤੌਰ ਉੱਤੇ ਮੋਦੀ ਸਰਕਾਰ ਦੇ ਖ਼ਿਲਾਫ਼ ਖੜ੍ਹੇ ਦਿਸਦੇ ਹਨ।
ਪੀਲ ਪੁਲਿਸ ਅਨੁਸਾਰ ਤਿਰੰਗਾ ਰੈਲੀਆਂ ’ਚ ਗੜਬੜੀਆਂ ਫੈਲਾਉਣ ਵਾਲਿਆਂ ਦੀ ਵਿਡੀਓ ਫ਼ੁਟੇਜ ਰਾਹੀਂ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।