Russia Ukraine War : ਯੂਕਰੇਨ ਦੇ ਖਾਰਕੀਵ 'ਚ ਰੂਸ ਨੇ ਮਚਾਈ ਤਬਾਹੀ, ਤਿੰਨ ਸਕੂਲ ਤੇ ਇਕ ਚਰਚ ਤਬਾਹ
Russia ukraine Crisis : ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਹਥਿਆਰਬੰਦ ਬਲ ਯੂਕਰੇਨੀ ਸ਼ਹਿਰ ਖਾਰਕੀਵ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹਨ।
Russia Ukraine War : ਯੂਕਰੇਨ ਦੇ ਖਾਰਕੀਵ 'ਚ ਹਮਲੇ 'ਚ ਰੂਸ ਨੇ ਤਿੰਨ ਸਕੂਲ ਤੇ ਇੱਕ ਚਰਚ ਤਬਾਹ ਕਰ ਦਿੱਤੀ ਹੈ। ਇਹ ਜੰਗ ਦਾ ਅੱਠਵਾਂ ਦਿਨ ਹੈ। ਰੂਸ ਲਗਾਤਾਰ ਹਮਲੇ ਕਰ ਰਿਹਾ ਹੈ। ਜੰਗ ਦੇ ਮੈਦਾਨ ਤੋਂ ਵੱਡੀ ਖਬਰ ਆ ਰਹੀ ਹੈ ਕਿ ਯੂਕਰੇਨ ਦੇ ਓਕਟਿਰਕਾ ਅਤੇ ਖਾਰਕੀਵ ਵਿੱਚ ਰੂਸੀ ਹਮਲੇ ਕਾਰਨ ਭਾਰੀ ਨੁਕਸਾਨ ਹੋਇਆ ਹੈ। ਯੂਕਰੇਨ ਦਾ ਦਾਅਵਾ ਹੈ ਕਿ ਹਮਲੇ ਵਿੱਚ ਖਾਰਕੀਵ ਵਿੱਚ ਤਿੰਨ ਸਕੂਲ ਅਤੇ ਇੱਕ ਚਰਚ ਤਬਾਹ ਹੋ ਗਏ ਹਨ। ਓਖਤਿਰਕਾ ਵਿੱਚ ਰੂਸੀ ਹਮਲੇ ਵਿੱਚ ਦਰਜਨਾਂ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ।
ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੇ ਹਥਿਆਰਬੰਦ ਬਲ ਯੂਕਰੇਨੀ ਸ਼ਹਿਰ ਖਾਰਕੀਵ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਲਈ ਤਿਆਰ ਹਨ। ਭਾਰਤ ਵਿੱਚ ਰੂਸੀ ਦੂਤਾਵਾਸ ਦੇ ਇੱਕ ਅਧਿਕਾਰੀ ਨੇ ਰੂਸੀ ਰੱਖਿਆ ਮੰਤਰਾਲੇ ਦੀ ਬ੍ਰੀਫਿੰਗ ਦੇ ਵੇਰਵੇ ਸਾਂਝੇ ਕੀਤੇ। ਮਾਸਕੋ ਵਿੱਚ ਇੱਕ ਮੀਡੀਆ ਬ੍ਰੀਫਿੰਗ ਵਿੱਚ ਰੱਖਿਆ ਮੰਤਰਾਲੇ ਨੇ ਇਹ ਵੀ ਇਲਜ਼ਾਮ ਲਾਇਆ ਕਿ ਯੂਕਰੇਨ ਦੇ ਅਧਿਕਾਰੀ ਬੇਲਗੋਰੋਡ ਜਾਣ ਦੀ ਇੱਛਾ ਦੇ ਵਿਰੁੱਧ ਖਾਰਕੀਵ ਵਿੱਚ ਭਾਰਤੀ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈ ਰਹੇ ਹਨ।
ਭਾਰਤ ਵਿੱਚ ਰੂਸੀ ਦੂਤਾਵਾਸ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਦੇ ਸੁਰੱਖਿਆ ਬਲਾਂ ਨੇ ਮਨੁੱਖੀ ਢਾਲ ਵਜੋਂ ਵਰਤਣ ਲਈ ਬੰਧਕ ਬਣਾ ਲਿਆ ਹੈ। ਦੂਤਾਵਾਸ ਨੇ ਟਵੀਟ ਕੀਤਾ ਕਿ ਤਾਜ਼ਾ ਜਾਣਕਾਰੀ ਮੁਤਾਬਕ ਇਨ੍ਹਾਂ ਵਿਦਿਆਰਥੀਆਂ ਨੂੰ ਅਸਲ 'ਚ ਯੂਕਰੇਨ ਦੇ ਸੁਰੱਖਿਆ ਬਲਾਂ ਨੇ ਬੰਧਕ ਬਣਾ ਲਿਆ ਹੈ, ਜੋ ਉਨ੍ਹਾਂ ਨੂੰ ਮਨੁੱਖੀ ਢਾਲ ਦੇ ਰੂਪ 'ਚ ਇਸਤੇਮਾਲ ਕਰ ਰਹੇ ਹਨ ਅਤੇ ਹਰ ਸੰਭਵ ਤਰੀਕੇ ਨਾਲ ਉਨ੍ਹਾਂ ਨੂੰ ਰੂਸ ਜਾਣ ਤੋਂ ਰੋਕ ਰਹੇ ਹਨ। ਇਸ ਲਈ ਕੀਵ ਦੇ ਅਧਿਕਾਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।
ਪੀਐਮ ਮੋਦੀ ਨੇ ਕੀਤੀ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲ
ਅਜਿਹੇ 'ਚ ਰੂਸ ਦੀ ਫੌਜੀ ਕਾਰਵਾਈ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਚੱਲ ਰਹੀ ਮੁਹਿੰਮ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕੀਤੀ ਅਤੇ ਯੂਕਰੇਨ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਫ਼ੋਨ 'ਤੇ ਗੱਲ ਕੀਤੀ।
ਪੀਐਮਓ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਯੂਕਰੇਨ ਦੀ ਸਥਿਤੀ ਦਾ ਜਾਇਜ਼ਾ ਲਿਆ, ਖਾਸ ਕਰਕੇ ਖਾਰਕੀਵ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਉਨ੍ਹਾਂ ਨੇ ਜੰਗ ਪ੍ਰਭਾਵਿਤ ਖੇਤਰ ਤੋਂ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਬਾਰੇ ਚਰਚਾ ਕੀਤੀ। ਇਹ ਗੱਲਬਾਤ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ 'ਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਭਾਰਤ 'ਚ ਚਿੰਤਾ ਦਾ ਮਾਹੌਲ ਹੈ।