Russia Ukraine War: ਭਾਰੀ ਬੰਬਾਰੀ ਮਗਰੋਂ ਰੂਸ ਦਾ ਯੂਕਰੇਨ ਦੇ ਸਭ ਤੋਂ ਵੱਡੇ ਜ਼ਪੋਰਿਜ਼ੀਆ ਪ੍ਰਮਾਣੂ ਪਲਾਂਟ 'ਤੇ ਕਬਜ਼ਾ, ਰੇਡੀਏਸ਼ਨ ਦਾ ਖ਼ਤਰਾ ਵਧਿਆ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਨੌਵਾਂ ਦਿਨ ਹੈ। ਜਿਵੇਂ-ਜਿਵੇਂ ਦਿਨ ਵਧਦੇ ਜਾ ਰਹੇ ਹਨ, ਯੂਕਰੇਨ ਵਿੱਚ ਸਥਿਤੀ ਵੀ ਗੰਭੀਰ ਹੁੰਦੀ ਜਾ ਰਹੀ ਹੈ। ਰੂਸੀ ਸੈਨਿਕਾਂ ਨੇ ਯੂਕਰੇਨ ਦੇ ਐਨਰਹੋਦਰ ਸ਼ਹਿਰ 'ਚ ਹਮਲੇ ਤੇਜ਼ ਕਰ ਦਿੱਤੇ ਹਨ
Russia Ukraine War : ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਨੌਵਾਂ ਦਿਨ ਹੈ। ਜਿਵੇਂ-ਜਿਵੇਂ ਦਿਨ ਵਧਦੇ ਜਾ ਰਹੇ ਹਨ, ਯੂਕਰੇਨ ਵਿੱਚ ਸਥਿਤੀ ਵੀ ਗੰਭੀਰ ਹੁੰਦੀ ਜਾ ਰਹੀ ਹੈ। ਰੂਸੀ ਸੈਨਿਕਾਂ ਨੇ ਯੂਕਰੇਨ ਦੇ ਐਨਰਹੋਦਰ ਸ਼ਹਿਰ 'ਚ ਹਮਲੇ ਤੇਜ਼ ਕਰ ਦਿੱਤੇ ਹਨ ਤੇ ਇਸ ਦੇ ਨਾਲ ਹੀ ਰੂਸੀ ਫੌਜ ਨੇ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਊਰਜਾ ਪਲਾਂਟ 'ਤੇ ਵੀ ਕਬਜ਼ਾ ਕਰਕੇ ਬੰਬਬਾਰੀ ਕੀਤੀ, ਜਿਸ ਤੋਂ ਬਾਅਦ ਪਲਾਂਟ ਦੇ ਕੁਝ ਹਿੱਸੇ 'ਚ ਅੱਗ ਲੱਗ ਗਈ। ਵੱਡੀ ਗੱਲ ਇਹ ਹੈ ਕਿ ਇਸ ਪਲਾਂਟ ਵਿੱਚ ਅੱਗ ਲੱਗਣ ਤੋਂ ਬਾਅਦ ਇੱਥੋਂ ਰੇਡੀਏਸ਼ਨ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ।
ਗੋਲੀਬਾਰੀ ਕਾਰਨ ਅੱਗ ਬੁਝਾਉਣ ਵਿੱਚ ਹੋ ਰਹੀ ਮੁਸ਼ਕਲ
ਪਲਾਂਟ ਦੇ ਬੁਲਾਰੇ ਐਂਡਰਿਊ ਤੁਜ ਨੇ ਕਿਹਾ ਕਿ ਗੋਲੇ ਸਿੱਧੇ ਪਲਾਂਟ 'ਤੇ ਡਿੱਗ ਰਹੇ ਹਨ ਤੇ ਛੇ ਰਿਐਕਟਰਾਂ ਵਿੱਚੋਂ ਇੱਕ ਵਿੱਚ ਅੱਗ ਲੱਗ ਗਈ ਹੈ। ਹਾਲਾਂਕਿ ਇਸ ਰਿਐਕਟਰ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਇਸ ਦੇ ਅੰਦਰ ਪ੍ਰਮਾਣੂ ਈਂਧਨ ਮੌਜੂਦ ਹੈ। ਇਸ ਦੇ ਨਾਲ ਹੀ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਟਵੀਟ ਕੀਤਾ ਕਿ ਫਾਇਰ ਬ੍ਰਿਗੇਡ ਦੇ ਲੋਕ ਉੱਥੇ ਨਹੀਂ ਪਹੁੰਚ ਪਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਗੋਲੀ ਮਾਰੀ ਜਾ ਰਹੀ ਹੈ।
ਵਿਦੇਸ਼ ਮੰਤਰੀ ਨੇ ਰੂਸ ਨੂੰ ਹਮਲੇ ਨੂੰ ਰੋਕਣ ਅਤੇ ਫਾਇਰ ਬ੍ਰਿਗੇਡ ਨੂੰ ਅੰਦਰ ਜਾਣ ਦੀ ਅਪੀਲ ਕੀਤੀ ਹੈ। ਤੁਜ਼ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, “ਅਸੀਂ ਮੰਗ ਕਰਦੇ ਹਾਂ ਕਿ ਉਹ ਭਾਰੀ ਹਥਿਆਰਾਂ ਨਾਲ ਕੀਤੀ ਜਾ ਰਹੀ ਗੋਲੀਬਾਰੀ ਬੰਦ ਕਰੇ। ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ 'ਤੇ ਪ੍ਰਮਾਣੂ ਖਤਰਾ ਇੱਕ ਗੰਭੀਰ ਚੁਣੌਤੀ ਹੈ।
ਅਮਰੀਕੀ ਪਰਮਾਣੂ ਸੋਸਾਇਟੀ ਨੇ ਹਮਲੇ ਦੀ ਕੀਤੀ ਨਿੰਦਾ
ਅਮਰੀਕਨ ਨਿਊਕਲੀਅਰ ਸੋਸਾਇਟੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਪਰ ਕਿਹਾ ਕਿ ਮੌਜੂਦਾ ਰੇਡੀਏਸ਼ਨ ਦਾ ਪੱਧਰ ਆਮ ਹੈ। ਅਮਰੀਕੀ ਨਿਊਕਲੀਅਰ ਸੋਸਾਇਟੀ ਦੇ ਪ੍ਰਧਾਨ ਸਟੀਵਨ ਨੇਸਬਿਟ ਅਤੇ ਕਾਰਜਕਾਰੀ ਨਿਰਦੇਸ਼ਕ ਅਤੇ ਸੀਈਓ ਸੀ ਪਰਸੀ ਦੁਆਰਾ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਯੂਕਰੇਨੀ ਲੋਕਾਂ ਦੇ ਜੀਵਨ ਲਈ ਅਸਲ ਖ਼ਤਰਾ ਦੇਸ਼ ਦੇ ਹਿੰਸਕ ਹਮਲੇ ਅਤੇ ਬੰਬਬਾਰੀ ਨਾਲ ਹੈ।
ਇਸ ਦੌਰਾਨ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਹਥਿਆਰ ਨਿਯੰਤਰਣ ਤੇ ਗੈਰ-ਪ੍ਰਸਾਰ ਦੇ ਸਾਬਕਾ ਸੀਨੀਅਰ ਨਿਰਦੇਸ਼ਕ ਅਤੇ ਤਤਕਾਲੀ ਉਪ-ਰਾਸ਼ਟਰਪਤੀ ਜੋ ਬਿਡੇਨ ਦੇ ਸਾਬਕਾ ਵਿਸ਼ੇਸ਼ ਸਲਾਹਕਾਰ ਜੌਨ ਬੀ ਵੁਲਫਸਟਾਲ ਨੇ ਕਿਹਾ ਕਿ ਪਲਾਂਟ ਦਾ ਰਿਐਕਟਰ ਚਰਨੋਬਲ ਦੇ ਰਿਐਕਟਰ ਤੋਂ ਵੱਖਰਾ ਹੈ ਅਤੇ ਜੇ ਉਸਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ ਤਾਂ ਖ਼ਤਰਾ ਘੱਟ ਹੈ। ਉਨ੍ਹਾਂ ਕਿਹਾ ਕਿ “ਹਰ ਕਿਸੇ ਨੂੰ ਸੰਜਮ ਵਰਤਣ ਦੀ ਲੋੜ ਹੈ ਅਤੇ ਫੌਰੀ ਹੱਲ ਨਹੀਂ ਕੱਢਣ ਦੀ ਜ਼ਰੂਰਤ ਹੈ।
IAEA ਨੇ ਦਿੱਤੀ 'ਗੰਭੀਰ ਖ਼ਤਰੇ' ਦੀ ਚੇਤਾਵਨੀ
ਇਸ ਦੌਰਾਨ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਦਾ ਕਹਿਣਾ ਹੈ ਕਿ ਪਰਮਾਣੂ ਊਰਜਾ ਪਲਾਂਟ 'ਚ ਰੇਡੀਏਸ਼ਨ ਦੇ ਪੱਧਰ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਆਈਏਈਏ ਨੇ ਟਵਿੱਟਰ 'ਤੇ ਕਿਹਾ ਕਿ ਇਸ ਦੇ ਡਾਇਰੈਕਟਰ-ਜਨਰਲ ਮਾਰੀਆਨੋ ਗ੍ਰੋਸੀ ਜ਼ਾਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ਦੀ ਮੌਜੂਦਾ ਸਥਿਤੀ ਬਾਰੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨਿਸ ਸ਼ਮਿਗੇਲ ਅਤੇ ਯੂਕਰੇਨੀ ਪ੍ਰਮਾਣੂ ਊਰਜਾ ਰੈਗੂਲੇਟਰ ਅਤੇ ਆਪਰੇਟਰ ਨਾਲ ਲਗਾਤਾਰ ਸੰਪਰਕ ਵਿੱਚ ਹਨ। ਆਈਏਈਏ ਦੇ ਡਾਇਰੈਕਟਰ ਜਨਰਲ ਨੇ ਦੋਵਾਂ ਧਿਰਾਂ ਨੂੰ ਗੋਲੀਬਾਰੀ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਪ੍ਰਮਾਣੂ ਊਰਜਾ ਪਲਾਂਟ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ।
ਜੇ ਪਾਵਰ ਪਲਾਂਟ 'ਚ ਧਮਾਕਾ ਹੋਇਆ ਤਾਂ ਪੂਰਾ ਯੂਰਪ ਖਤਮ ਹੋ ਜਾਵੇਗਾ: ਜ਼ੇਲੇਨਸਕੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਜੇਕਰ ਪਰਮਾਣੂ ਪਾਵਰ ਪਲਾਂਟ ਵਿੱਚ ਧਮਾਕਾ ਹੁੰਦਾ ਹੈ ਤਾਂ ਪੂਰਾ ਯੂਰਪ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਰਮਾਣੂ ਪਾਵਰ ਸਟੇਸ਼ਨ 'ਤੇ ਤਬਾਹੀ ਨਾਲ ਯੂਰਪ ਦਾ ਖ਼ਾਤਮਾ ਨਾ ਹੋਣ ਦੇ। ਤੁਹਾਨੂੰ ਦੱਸ ਦੇਈਏ ਕਿ ਰੂਸੀ ਸੈਨਿਕ ਵੀਰਵਾਰ ਤੋਂ ਯੂਕਰੇਨ ਦੇ ਸ਼ਹਿਰ ਐਨਰਹੋਦਰ 'ਤੇ ਕਬਜ਼ੇ ਲਈ ਲੜ ਰਹੇ ਹਨ, ਜਿੱਥੇ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਾਵਰ ਪਲਾਂਟ ਸਥਿਤ ਹੈ ਅਤੇ ਉਨ੍ਹਾਂ ਨੇ ਦੇਸ਼ ਨੂੰ ਸਮੁੰਦਰੀ ਰਸਤੇ ਨਾਲੋਂ ਅਲੱਗ ਕਰਨ ਲਈ ਸਖ਼ਤ ਮਿਹਨਤ ਵੀ ਕੀਤੀ ਹੈ।
ਦੇਸ਼ ਦੇ ਨੇਤਾਵਾਂ ਨੇ ਨਾਗਰਿਕਾਂ ਨੂੰ ਹਮਲਾਵਰਾਂ ਵਿਰੁੱਧ ਗੁਰੀਲਾ ਯੁੱਧ ਛੇੜਨ ਦਾ ਸੱਦਾ ਦਿੱਤਾ ਹੈ। ਐਨਰਹੋਡਰ ਦੇਸ਼ ਦੀ ਇੱਕ ਚੌਥਾਈ ਬਿਜਲੀ ਪੈਦਾ ਕਰਦਾ ਹੈ। ਉੱਥੇ ਲੜਾਈ ਅਜਿਹੇ ਸਮੇਂ 'ਚ ਹੋ ਰਹੀ ਹੈ , ਜਦ ਰੂਸ ਅਤੇ ਯੂਕਰੇਨ ਵਿਚਕਾਰ ਗੱਲਬਾਤ ਦੇ ਦੂਜੇ ਦੌਰ ਵਿੱਚ ਨਾਗਰਿਕਾਂ ਦੀ ਨਿਕਾਸੀ ਅਤੇ ਮਨੁੱਖੀ ਸਹਾਇਤਾ ਦੀ ਸਪੁਰਦਗੀ ਲਈ ਇੱਕ ਸੁਰੱਖਿਅਤ ਗਲਿਆਰਾ ਬਣਾਉਣ ਦੇ ਸਬੰਧ ਵਿੱਚ ਇੱਕ ਅਸਥਾਈ ਸਮਝੌਤਾ ਹੋਇਆ ਹੈ।