Russia Ukraine War: 'ਛੇ ਦਿਨਾਂ ਦੀ ਜੰਗ 'ਚ ਮਾਰੇ ਗਏ 6000 ਰੂਸੀ ਨਾਗਰਿਕ', ਰਾਸ਼ਟਰਪਤੀ ਜ਼ੇਲੇਨਸਕੀ ਨੇ ਕੀਤਾ ਦਾਅਵਾ
: ਯੂਕਰੇਨ (Ukraine) ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਮਾਸਕੋ ਦੇ ਹਮਲੇ ਦੇ ਪਹਿਲੇ ਛੇ ਦਿਨਾਂ ਵਿੱਚ ਲਗਪਗ 6,000 ਰੂਸੀ ਸੈਨਿਕ ਮਾਰੇ ਗਏ ਸਨ।
Russia Ukraine War : ਯੂਕਰੇਨ (Ukraine) ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (Volodymyr Zelenskiy) ਨੇ ਬੁੱਧਵਾਰ ਨੂੰ ਕਿਹਾ ਕਿ ਮਾਸਕੋ ਦੇ ਹਮਲੇ ਦੇ ਪਹਿਲੇ ਛੇ ਦਿਨਾਂ ਵਿੱਚ ਲਗਪਗ 6,000 ਰੂਸੀ ਸੈਨਿਕ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਰੂਸ ਯੂਕਰੇਨ (Russia Ukraine War) 'ਤੇ ਬੰਬ ਤੇ ਹਵਾਈ ਹਮਲਿਆਂ ਜ਼ਰੀਏ ਕਬਜ਼ਾ ਨਹੀਂ ਕਰ ਸਕੇਗਾ।
ਬਾਬਿਨ ਯਾਰ 'ਤੇ ਰੂਸ ਦੇ ਹਮਲੇ ਦਾ ਜ਼ਿਕਰ ਕਰਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਇੱਥੇ ਹਮਲਾ ਇਹ ਸਾਬਤ ਕਰਦਾ ਹੈ ਕਿ ਰੂਸ ਦੇ ਬਹੁਤ ਸਾਰੇ ਲੋਕਾਂ ਲਈ ਸਾਡਾ ਕੀਵ ਵਿਦੇਸ਼ੀ ਹਿੱਸੇ ਵਰਗਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਕੀਵ ਬਾਰੇ ਕੁਝ ਵੀ ਨਹੀਂ ਜਾਣਦੇ। ਉਨ੍ਹਾਂ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ। ਇਨ੍ਹਾੰ ਲੋਕਾਂ ਨੂੰ ਇੱਕੋ ਇੱਕ ਆਦੇਸ਼ ਹੈ ਕਿ ਇਹ ਸਾਡੇ ਇਤਿਹਾਸ, ਸਾਡੇ ਦੇਸ਼ ਤੇ ਸਾਨੂੰ ਸਭ ਨੂੰ ਮਿਟਾਉਣ।
ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ 24 ਫਰਵਰੀ ਤੋਂ 2 ਮਾਰਚ ਤੱਕ ਚੱਲੇ ਪਿਛਲੇ 6 ਦਿਨਾਂ ਦੇ ਯੁੱਧ ਵਿੱਚ 211 ਰੂਸੀ ਟੈਂਕ ਤਬਾਹ ਕੀਤੇ ਗਏ ਹਨ। ਇਸ ਦੇ ਨਾਲ ਹੀ 862 ਬਖਤਰਬੰਦ ਨਿੱਜੀ ਵਾਹਨ, 85 ਤੋਪ ਅਤੇ 40 ਐਮਐਲਆਰਐਸ ਨੂੰ ਤਬਾਹ ਕੀਤਾ ਗਿਆ ਹੈ। ਇਸ ਜੰਗ ਵਿੱਚ ਰੂਸ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ 30 ਰੂਸੀ ਜਹਾਜ਼ ਅਤੇ 31 ਹੈਲੀਕਾਪਟਰਾਂ ਨੂੰ ਮਾਰ ਗਿਰਾਇਆ ਹੈ। ਇਸ ਤੋਂ ਇਲਾਵਾ ਦੋ ਜਹਾਜ਼, 335 ਵਾਹਨ, 60 ਫਿਊਲ ਟੈਂਕ ਅਤੇ ਤਿੰਨ ਯੂਏਵੀ ਨੂੰ ਵੀ ਮਾਰ ਗਿਰਾਇਆ ਹੈ। 9 ਐਂਟੀ-ਏਅਰਕ੍ਰਾਫਟ ਜੰਗੀ ਜਹਾਜ਼ ਵੀ ਢੇਰ ਕਰ ਦਿੱਤੇ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਯੂਕਰੇਨ ਦੀ ਫੌਜ ਰੂਸ ਨੂੰ ਸਖਤ ਟੱਕਰ ਦਿੰਦੀ ਨਜ਼ਰ ਆ ਰਹੀ ਹੈ।
ਦੇਸ਼ ਵਿੱਚ ਰਹਿ ਕੇ ਰੂਸ ਨਾਲ ਲੋਹਾ ਲੈ ਰਹੇ ਯੂਕਰੇਨੀ ਲੋਕ
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਕਾਰਨ ਵੱਡੀ ਗਿਣਤੀ 'ਚ ਲੋਕ ਯੂਕਰੇਨ ਤੋਂ ਵੀ ਭੱਜ ਗਏ ਹਨ ਪਰ ਬਹੁਤ ਸਾਰੇ ਲੋਕ ਰੂਸ ਨਾਲ ਮੁਕਾਬਲਾ ਕਰਨ ਲਈ ਯੂਕਰੇਨ ਵਿੱਚ ਰੁਕੇ ਹੋਏ ਹਨ। ਕੁਝ ਲੋਕ ਯੂਕਰੇਨ ਛੱਡ ਕੇ ਪੂਰਬੀ ਹੰਗਰੀ ਪਹੁੰਚ ਗਏ ਹਨ। ਇੱਥੋਂ ਦੇ ਇੱਕ ਪਿੰਡ ਦੇ ਸਕੂਲ ਦੇ ਮੈਦਾਨ ਵਿੱਚ ਇਕੱਠੇ ਹੋਏ ਸੈਂਕੜੇ ਸ਼ਰਨਾਰਥੀਆਂ ਵਿੱਚੋਂ ਜ਼ਿਆਦਾਤਰ ਔਰਤਾਂ ਤੇ ਬੱਚੇ ਹਨ।
ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਪਤੀ, ਪਿਤਾ, ਭਰਾ ਅਤੇ ਬੇਟਾ ਆਪਣੇ ਦੇਸ਼ ਦੀ ਰੱਖਿਆ ਕਰਨ ਅਤੇ ਰੂਸੀ ਸੈਨਿਕਾਂ ਨਾਲ ਮੁਕਾਬਲਾ ਕਰਨ ਲਈ ਯੂਕਰੇਨ ਵਿੱਚ ਹੀ ਰੁਕ ਗਏ ਹਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਮਾਮਲਿਆਂ ਦੀ ਏਜੰਸੀ ਮੁਤਾਬਕ ਹੁਣ ਤੱਕ 6,75,000 ਤੋਂ ਵੱਧ ਲੋਕ ਗੁਆਂਢੀ ਦੇਸ਼ਾਂ ਵਿੱਚ ਸ਼ਰਨ ਲੈ ਚੁੱਕੇ ਹਨ ਅਤੇ ਇਹ ਅੰਕੜਾ ਹੋਰ ਵਧ ਸਕਦਾ ਹੈ।
18 ਤੋਂ 60 ਸਾਲ ਦੀ ਉਮਰ ਦੇ ਪੁਰਸ਼ਾਂ ਲਈ ਦੇਸ਼ ਛੱਡਣ 'ਤੇ ਲੱਗੀ ਪਾਬੰਦੀ
ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ ਦੀ ਬੁਲਾਰਾ ਸ਼ਾਬੀਆ ਮੰਟੋ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਅਜਿਹੇ ਲੋਕ ਪਰਵਾਸ ਕਰਦੇ ਰਹੇ ਤਾਂ ਇਹ ਇਸ ਸਦੀ ਦਾ ਯੂਰਪ ਦਾ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਬਣ ਸਕਦਾ ਹੈ। ਯੂਕਰੇਨ ਦੀ ਸਰਕਾਰ ਨੇ ਫੌਜ ਦੀ ਮਦਦ ਲਈ 18 ਤੋਂ 60 ਸਾਲ ਦੀ ਉਮਰ ਦੇ ਪੁਰਸ਼ਾਂ ਦੇ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਕਾਰਨ ਕਈ ਔਰਤਾਂ ਅਤੇ ਬੱਚਿਆਂ ਨੂੰ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਖੁਦ ਚੁੱਕਣੀ ਪੈਂ ਰਹੀ ਹੈ। ਇਸ ਦੇ ਨਾਲ ਹੀ ਪੋਲੈਂਡ 'ਚ ਵੀ ਵੱਡੀ ਗਿਣਤੀ 'ਚ ਯੂਕਰੇਨ ਦੀਆਂ ਔਰਤਾਂ ਆਪਣੇ ਬੱਚਿਆਂ ਨਾਲ ਸ਼ਰਨ ਲੈ ਰਹੀਆਂ ਹਨ ਕਿਉਂਕਿ ਰੂਸ ਦੇ ਵਧਦੇ ਹਮਲੇ ਦੌਰਾਨ ਯੂਕਰੇਨ 'ਚ ਬੱਚਿਆਂ ਦਾ ਰਹਿਣਾ ਹੁਣ ਸੁਰੱਖਿਅਤ ਨਹੀਂ ਰਿਹਾ।