ਅਫ਼ਗ਼ਾਨਿਸਤਾਨ 'ਚ ਭਾਰਤ ਨੇ ਬਣਾਇਆ ਸਲਮਾ ਡੈਮ, ਤਾਲਿਬਾਨ ਸ਼ਾਸਨ 'ਚ ਭਾਰਤ ਨੇ ਭੇਜੀ ਤਕਨੀਕੀ ਟੀਮ, ਤਿੰਨ ਦਿਨ ਕਰੇਗੀ ਜਾਂਚ
ਭਾਰਤ ਸਰਕਾਰ ਨੇ ਸਲਮਾ ਡੈਮ ਨੂੰ ਬਣਾਉਣ ਵਿੱਚ ਲਗਭਗ 22 ਬਿਲੀਅਨ ਰੁਪਏ (265 ਮਿਲੀਅਨ ਡਾਲਰ) ਖਰਚ ਕੀਤੇ ਸਨ। ਡੈਮ ਦਾ ਅਧਿਕਾਰਤ ਨਾਮ 'ਅਫਗਾਨਿਸਤਾਨ-ਭਾਰਤ ਦੋਸਤੀ ਡੈਮ' ਹੈ।
ਅਫਗਾਨਿਸਤਾਨ 'ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਹਿਲੀ ਵਾਰ ਭਾਰਤੀ ਇੰਜੀਨੀਅਰਿੰਗ ਟੀਮ ਸਲਮਾ ਡੈਮ ਦਾ ਮੁਆਇਨਾ ਕਰਨ ਪਹੁੰਚੀ ਹੈ। ਇਸ ਡੈਮ ਨੂੰ 'ਅਫਗਾਨਿਸਤਾਨ-ਭਾਰਤ ਦੋਸਤੀ ਡੈਮ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਕਰੀਬ ਅੱਠ ਸਾਲ ਪਹਿਲਾਂ ਭਾਰਤ ਨੇ ਅਫਗਾਨਿਸਤਾਨ ਦੇ ਲੋਕਾਂ ਲਈ ਹੇਰਾਤ ਨੇੜੇ ਸਲਮਾ ਡੈਮ ਬਣਾਇਆ ਸੀ।
ਦਿ ਵਾਇਰ ਦੀ ਰਿਪੋਰਟ ਮੁਤਾਬਕ ਭਾਰਤੀ ਇੰਜੀਨੀਅਰਾਂ ਦੀ ਟੀਮ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਪਹੁੰਚ ਗਈ ਹੈ। ਇਹ ਟੀਮ ਅੱਠ ਸਾਲ ਪਹਿਲਾਂ ਬਣੇ ਸਲਮਾ ਡੈਮ ਦੀ ਜਾਂਚ ਕਰੇਗੀ। ਭਾਰਤ ਸਰਕਾਰ ਨੇ ਇਸ ਡੈਮ ਨੂੰ ਬਣਾਉਣ ਵਿੱਚ ਲਗਭਗ 22 ਬਿਲੀਅਨ ਰੁਪਏ (265 ਮਿਲੀਅਨ ਡਾਲਰ) ਖਰਚ ਕੀਤੇ ਸਨ। ਇਸ ਡੈਮ ਨੂੰ ਬਣਾਉਣ ਪਿੱਛੇ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਬਿਹਤਰ ਸਬੰਧ ਸਥਾਪਿਤ ਕਰਨਾ ਸੀ ਕਿਉਂਕਿ ਉਸ ਸਮੇਂ ਅਫਗਾਨਿਸਤਾਨ 'ਚ ਬਗਾਵਤ ਆਪਣੇ ਸਿਖਰ 'ਤੇ ਸੀ। ਇਸੇ ਲਈ ਇਸ ਦਾ ਅਧਿਕਾਰਤ ਨਾਂ ‘ਅਫਗਾਨਿਸਤਾਨ-ਭਾਰਤ ਦੋਸਤੀ ਡੈਮ’ ਰੱਖਿਆ ਗਿਆ।
ਤਾਲਿਬਾਨ ਨਾਲ ਭਾਰਤ ਦੀ ਸ਼ਮੂਲੀਅਤ
ਸਾਲ 2021 'ਚ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ, ਅਜਿਹੇ 'ਚ ਭਾਰਤ ਸਰਕਾਰ ਕੋਲ ਦੋ ਵਿਕਲਪ ਸਨ ਜਾਂ ਤਾਂ ਉਹ ਡੈਮ ਨੂੰ ਤਾਲਿਬਾਨ ਦੇ ਹੱਥਾਂ 'ਚ ਛੱਡ ਦੇਵੇ ਜਾਂ ਫਿਰ ਇਸ ਦੀ ਸਾਂਭ-ਸੰਭਾਲ ਸ਼ੁਰੂ ਕਰ ਦੇਵੇ। ਭਾਰਤ ਸਰਕਾਰ ਨੇ ਡੈਮ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਭਾਰਤੀ ਇੰਜੀਨੀਅਰਾਂ ਦੀ ਟੀਮ ਭੇਜੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਾਲੇ ਬਿਹਤਰ ਸਬੰਧ ਸਥਾਪਿਤ ਹੋਣਗੇ ਅਤੇ ਤਾਲਿਬਾਨ ਨਾਲ ਭਾਰਤ ਦੀ ਭਾਈਵਾਲੀ ਵਧੇਗੀ।
ਡੈਮ 'ਤੇ ਬਿਜਲੀ ਦਾ ਪ੍ਰਾਜੈਕਟ ਚਲਾਇਆ ਜਾ ਰਿਹਾ
ਦਿ ਵਾਇਰ ਦੀ ਰਿਪੋਰਟ ਮੁਤਾਬਕ ਭਾਰਤੀ ਕੰਪਨੀ WAPCOS ਦੀ ਚਾਰ ਮੈਂਬਰੀ ਟੀਮ ਅਫਗਾਨਿਸਤਾਨ ਪਹੁੰਚ ਗਈ ਹੈ। ਇਹ ਡੈਮ ਉੱਤਰ-ਪੱਛਮੀ ਅਫਗਾਨਿਸਤਾਨ ਦੇ ਇੱਕ ਦੂਰ-ਦੁਰਾਡੇ ਹਿੱਸੇ ਵਿੱਚ ਹਰੀਰੁਦ ਨਦੀ 'ਤੇ ਬਣਾਇਆ ਗਿਆ ਹੈ। ਸਲਮਾ ਡੈਮ 'ਤੇ ਪਣ-ਬਿਜਲੀ ਪ੍ਰਾਜੈਕਟ ਵੀ ਚਲਾਇਆ ਜਾ ਰਿਹਾ ਹੈ। ਭਾਰਤੀ ਇੰਜੀਨੀਅਰਾਂ ਦੀ ਟੀਮ ਤਿੰਨ ਦਿਨਾਂ ਤੱਕ ਇਸ ਡੈਮ ਦੀ ਸਾਂਭ-ਸੰਭਾਲ ਕਰੇਗੀ।
ਡੈਮ 'ਤੇ ਚਮਕਦਾ ਭਾਰਤੀ ਤਿਰੰਗਾ
ਡੈਮ 'ਤੇ ਅਜੇ ਵੀ ਭਾਰਤੀ ਤਿਰੰਗਾ ਝਲਕ ਰਿਹਾ ਹੈ ਅਤੇ ਪੁਰਾਣੇ ਬੋਰਡ 'ਤੇ ਮੋਟੇ ਅੱਖਰਾਂ 'ਚ 'ਅਫਗਾਨਿਸਤਾਨ-ਭਾਰਤ ਦੋਸਤੀ ਡੈਮ' ਲਿਖਿਆ ਹੋਇਆ ਹੈ। ਨਾਲ ਹੀ, ਡੈਮ ਬਾਰੇ ਕੁਝ ਹੋਰ ਜਾਣਕਾਰੀ ਦਿੱਤੀ ਗਈ ਹੈ, ਪਰ ਹੁਣ ਇਹ ਧੁੰਦਲਾ ਹੋ ਗਿਆ ਹੈ। ਡੈਮ 'ਤੇ ਅਫਗਾਨਿਸਤਾਨ ਦੇ ਝੰਡੇ ਨੂੰ ਜਾਣਬੁੱਝ ਕੇ ਧੁੰਦਲਾ ਕੀਤਾ ਗਿਆ ਹੈ ਕਿਉਂਕਿ ਤਾਲਿਬਾਨ ਸਰਕਾਰ ਅਫਗਾਨਿਸਤਾਨ ਦੇ ਝੰਡੇ ਨੂੰ ਮਾਨਤਾ ਨਹੀਂ ਦਿੰਦੀ ਹੈ।