ਰੰਗ-ਬਰੰਗੀਆਂ ਦਸਤਾਰਾਂ ਨਾਲ ਸਜਿਆ ਸਪਰਿੰਗਫੀਲਡ ਅਮਰੀਕਾ ਦਾ ਵਿਸ਼ਵ ਸੱਭਿਆਚਾਰਕ ਮੇਲਾ , ਸਿੱਖ ਭਾਈਚਾਰੇ ਨੇ ਸ਼ਾਨੋ ਸ਼ੋਕਤ ਨਾਲ ਕੀਤੀ ਸ਼ਿਰਕਤ
ਅਮਰੀਕਾ ਵਿਚ ਦੁਨੀਆਂ ਦੇ ਵੱਖ -ਵੱਖ ਮੁਲਕਾਂ ਤੋਂ ਆ ਕੇ ਵੱਸੇ ਲੋਕਾਂ ਵਿਚ ਵਖਰੇਵਿਆਂ ਦੇ ਬਾਵਜੂਦ ਉਨ੍ਹਾਂ ਵਿਚ ਇਕ ਸਾਂਝ ਪੈਦਾ ਕਰਨ ਲਈ ਕਈ ਸ਼ਹਿਰਾਂ ਵਿਚ ਵਿਸ਼ਵ ਸਭਿਆਚਾਰਕ ਮੇਲੇ ਲੱਗਦੇ ਹਨ। ਇਨ੍ਹਾਂ ਮੇਲਿਆਂ ਵਿੱਚ ਲੋਕਾਂ ਨੂੰ ਵਿਭਿੰਨ ਦੇਸ਼ਾਂ ਦੇ ਸਭਿਆਚਾਰ ਤੋਂ ਜਾਣਕਾਰੀ ਮਿਲਦੀ ਹੈ।
ਡੇਟਨ : ਅਮਰੀਕਾ ਵਿਚ ਦੁਨੀਆਂ ਦੇ ਵੱਖ -ਵੱਖ ਮੁਲਕਾਂ ਤੋਂ ਆ ਕੇ ਵੱਸੇ ਲੋਕਾਂ ਵਿਚ ਵਖਰੇਵਿਆਂ ਦੇ ਬਾਵਜੂਦ ਉਨ੍ਹਾਂ ਵਿਚ ਇਕ ਸਾਂਝ ਪੈਦਾ ਕਰਨ ਲਈ ਕਈ ਸ਼ਹਿਰਾਂ ਵਿਚ ਵਿਸ਼ਵ ਸਭਿਆਚਾਰਕ ਮੇਲੇ ਲੱਗਦੇ ਹਨ। ਇਨ੍ਹਾਂ ਮੇਲਿਆਂ ਵਿੱਚ ਲੋਕਾਂ ਨੂੰ ਵਿਭਿੰਨ ਦੇਸ਼ਾਂ ਦੇ ਸਭਿਆਚਾਰ, ਸੰਗੀਤ ਅਤੇ ਨਾਚਾਂ ਵਿੱਚ ਸਾਂਝਾਂ ਅਤੇ ਵਖਰੇਵਿਆਂ ਤੋਂ ਜਾਣਕਾਰੀ ਮਿਲਦੀ ਹੈ।
ਆਪੋ -ਆਪਣੇ ਦੇਸ਼ ਦਾ ਪਹਿਰਾਵਾ, ਖਾਣਾ, ਰਹਿਣੀ ਬਹਿਣੀ ਆਦਿ ਬਾਰੇ ਵੀ ਵੱਖ-ਵੱਖ ਦੇਸ਼ਾਂ ਦੇ ਲੋਕਾਂ ਵਲੋਂ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਜਿਥੇ ਇਹ ਮੇਲੇ ਅਮਰੀਕਨਾਂ ਨੂੰ ਜਾਣਕਾਰੀ ਦਿੰਦੇ ਹਨ, ਉਥੇ ਅਮਰੀਕਾ ਵਿੱਚ ਵੱਸਦੇ ਲੋਕਾਂ ਨੂੰ ਆਪੋ - ਆਪਣੇ ਮੁਲਕ ਨਾਲ ਜੁੜੇ ਰਹਿਣ ਦਾ ਮੌਕਾ ਮਿਲਦਾ ਹੈ। ਅਜਿਹਾ ਹੀ ਸਲਾਨਾ ਵਿਸ਼ਵ ਪੱਧਰੀ ਸਭਿਆਚਾਰਕ ਮੇਲਾ ਅਮਰੀਕਾ ਦੇ ਪ੍ਰਸਿੱਧ ਸੂਬੇ ਓਹਾਇਔ ਦੇ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਪਲਾਜ਼ਾ ਵਿਖੇ ਲਗਾਇਆ ਗਿਆ।
ਸਿੱਖ, ਦੁਨੀਆਂ ਦੇ ਭਾਂਵੇ ਕਿਸੇ ਵੀ ਹਿੱਸੇ ਵਿੱਚ ਗਏ ਹੋਣ ਉਹਨਾਂ ਨੇ ਆਪਣੀ ਨਿਵੇਕਲੀ ਪਛਾਣ ਨੂੰ ਕਾਇਮ ਰੱਖਦੇ ਹੋਏ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਅਮਰੀਕਾ ਵਿੱਚ ਇਹ ਪਛਾਣ ਕਈ ਵਾਰ ਨਸਲੀ ਹਮਲਿਆਂ ਦਾ ਕਾਰਨ ਵੀ ਬਣ ਰਹੀ ਹੈ। ਇਸ ਦੇ ਬਾਵਜੂਦ ਸਿੱਖ ਆਪਣੀ ਨਿਵੇਕਲੀ ਪਛਾਣ ਨੂੰ ਕਾਇਮ ਰੱਖਦੇ ਹੋਏ ਵੱਧ ਚੜ ਕੇ ਅਮਰੀਕਨਾਂ ਨੂੰ ਦਸਤਾਰ ਅਤੇ ਸਿੱਖ ਸਭਿਆਚਾਰ ਤੋਂ ਜਾਣੂ ਕਰਵਾਉਣ ਲਈ ਉਪਰਾਲੇ ਕਰ ਰਹੇ ਹਨ। ਅਜਿਹਾ ਹੀ ਉਪਰਾਲਾ ਪਿਛਲੇ ਦੋ ਦਹਾਕਿਆਂ ਤੋਂ ਸਪਰਿੰਗਫੀਲਡ ਦੇ ਵਸਨੀਕ ਅਵਤਾਰ ਸਿੰਘ, ਸਰਬਜੀਤ ਕੋਰ ਪਰਿਵਾਰ ਸਮੇਤ ਨੇੜਲੇ ਸ਼ਹਿਰ ਡੇਟਨ, ਸਿਨਸਿਨਾਟੀ ਦੇ ਸਿੱਖ ਭਾਈਚਾਰੇ ਦੇ ਵਸਨੀਕਾਂ ਦੇ ਸਹਿਯੋਗ ਨਾਲ ਇਸ ਮੇਲੇ ਵਿੱਚ ਸ਼ਮੂਲੀਅਤ ਕਰ ਰਹੇ ਹਨ।
ਕੋਵਿਡ ਕਾਰਨ ਤਿੰਨ ਸਾਲ ਬਾਦ ਇਹ ਮੇਲਾ ਮੁੜ ਲਗਾਇਆ ਗਿਆ। ਸਿੱਖਾਂ ਵਿਚ ਦਸਤਾਰ ਦੀ ਮਹੱਤਤਾ ਨੂੰ ਦਰਸਾਉਣ ਲਈ ਮੇਲੇ ਵਿੱਚ ਜੱਦ ਅਮਰੀਕਨਾਂ ਨੂੰ ਦਸਤਾਰਾਂ ਸਜਾਉਣੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਹਰ ਸਾਲ ਵਾਂਗ ਲੋਕਾਂ ਦੀ ਇਕ ਲੰਬੀ ਕਤਾਰ ਲੱਗ ਗਈ। ਸ਼ਹਿਰ ਦੇ ਮੇਅਰ ਵਾਰਨ ਕੋਪਲੈਂਡ ਨੇ ਉਦਘਾਟਨ ਦੀ ਰਸਮ ਅਦਾ ਕਰਨ ਉਪਰੰਤ ਖੁਸ਼ੀ ਖੁਸ਼ੀ ਦਸਤਾਰ ਵੀ ਸਜਾਈ। ਦਸਤਾਰਾਂ ਸਜਾਉਣ ਵਿਚ ਕੇਵਲ ਪੁਰਸ਼ ਨਹੀਂ ਬਲਕਿ ਮਹਿਲਾਵਾਂ ਵੀ ਸ਼ਾਮਲ ਸਨ। ਦਸਤਾਰਾਂ ਸਜਾ ਇਹ ਸਭ ਬਾਕੀ ਸਮਾਂ ਮੇਲੇ ਵਿਚ ਫਿਰਦੇ ਰਹੇ। ਰੰਗ ਬਰੰਗੀਆਂ ਦਸਤਾਰਾਂ ਨਾਲ ਇਹ ਕੋਈ ਪੰਜਾਬ ਦਾ ਹੀ ਮੇਲਾ ਲੱਗ ਰਿਹਾ ਸੀ।
ਸਿੱਖਾਂ ਦੀ ਦਸਤਾਰ, ਕੇਸ, ਸਿੱਖ ਧਰਮ, ਸ੍ਰੀ ਹਰਿਮੰਦਰ ਸਾਹਿਬ, ਸਿੱਖ ਵੈਡਿੰਗ (ਵਿਆਹ) ਨਾਲ ਸੰਬੰਧਿਤ ਤਸਵੀਰਾਂ, ਪੁਸਤਕਾਂ ਵੀ ਇਸ ਪ੍ਰਦਰਸ਼ਨੀ ਵਿਚ ਰੱਖੀਆਂ ਗਈਆਂ। ਅਮਰੀਕਨਾਂ ਨੇ ਇਨ੍ਹਾਂ ਵਿੱਚ ਕਾਫੀ ਦਿਲਚਸਪੀ ਦਿਖਾਈ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਿੱਖਾਂ ਨਾਲ ਸਬੰਧਤ ਲਿਟਰੇਚਰ ਵੀ ਵੰਡਿਆ ਗਿਆ।
ਮੇਲੇ ਵਿੱਚ ਵੱਖ-ਵੱਖ ਮੁਲਕਾਂ ਤੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ,ਜਿਸ ਵਿਚ ਭੰਗੜੇ ਤੇ ਗਿੱਧੇ ਨੇ ਵੀ ਖ਼ੂਬ ਰੰਗ ਬੰਨਿਆ। ਜਦੋਂ ਢੋਲ ਵਜਿਆਂ ਤਾਂ ਸਾਰੇ ਲੋਕ ਦੌੜੇ ਦੌੜੇ ਆਏ ਤੇ ਉਨ੍ਹਾਂ ਨੇ ਇਸ ਦਾ ਖ਼ੂਬ ਆਨੰਦ ਮਾਣਿਆ। ਕਈ ਤਾਂ ਖ਼ੁਦ ਵੀ ਨਚਣ ਲੱਗ ਪਏ। ਪੰਜਾਬੀ ਸਭਿਆਚਾਰ ਤੋਂ ਜਾਣੂ ਕਰਾਉਣ ਲਈ ਲਗਾਈ ਗਈ ਪ੍ਰਦਰਸ਼ਨੀ ਵਿੱਚ ਹਰਮੋਨੀਅਮ, ਢੋਲ, ਚਿਮਟਾ, ਬੀਨ, ਸੁਰਾਹੀ, ਚਰਖਾ, ਮਧਾਣੀ, ਪੀੜੀ, ਆਟਾ ਪੀਣ ਵਾਲੀ ਚੱਕੀ, ਪੱਖੀਆਂ ਆਦਿ ਰੱਖੀਆਂ ਗਈਆਂ ਸਨ।