Sri Lanka Crisis: ਸ਼੍ਰੀਲੰਕਾ 'ਚ ਖੂਨੀ ਸੰਘਰਸ਼ ਦੌਰਾਨ ਰੱਖਿਆ ਮੰਤਰਾਲੇ ਨੇ ਲਿਆ ਵੱਡਾ ਫੈਸਲਾ, ਹਿੰਸਾ ਕਰਨ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ
Sri Lanka Crisis: ਸ਼੍ਰੀਲੰਕਾ ਦੀ ਆਰਥਿਕ ਸਥਿਤੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹਿੰਸਕ ਪ੍ਰਦਰਸ਼ਨ ਚੱਲ ਰਹੇ ਹਨ। ਇਸ ਹਿੰਸਾ 'ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 200 ਤੋਂ ਵੱਧ ਲੋਕ ਜ਼ਖ਼ਮੀ ਹਨ।
Sri Lanka Crisis: ਸ਼੍ਰੀਲੰਕਾ ਦੇ ਹਾਲਾਤ ਕਾਫੀ ਵਿਗੜਦੇ ਨਜ਼ਰ ਆ ਰਹੇ ਹਨ, ਇਸੇ ਦੌਰਾਨ ਭੜਕੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਰੱਖਿਆ ਮੰਤਰਾਲੇ ਨੇ ਵੱਡਾ ਫੈਸਲਾ ਲਿਆ ਹੈ। ਦੱਸਿਆ ਗਿਆ ਹੈ ਕਿ ਹਿੰਸਾ ਕਰਨ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ ਦਿੱਤੇ ਗਏ ਹਨ। ਇਹ ਅਹਿਮ ਫੈਸਲਾ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋ ਰਹੇ ਖੂਨੀ ਸੰਘਰਸ਼ਾਂ ਦਰਮਿਆਨ ਲਿਆ ਗਿਆ ਹੈ।
ਵਧ ਰਹੀ ਹੈ ਹਿੰਸਾ
ਸ੍ਰੀਲੰਕਾ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਖ਼ਿਲਾਫ਼ ਪ੍ਰਦਰਸ਼ਨ ਚੱਲ ਰਹੇ ਸੀ। ਇਸ ਦੌਰਾਨ ਦੇਸ਼ ਵਿੱਚ ਹਿੰਸਾ ਫੈਲਣੀ ਸ਼ੁਰੂ ਹੋ ਗਈ। ਇਸ ਹਿੰਸਾ 'ਚ ਇਕ ਸੰਸਦ ਮੈਂਬਰ ਸਮੇਤ ਕਰੀਬ 7 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਤੋਂ ਵੱਧ ਜ਼ਖ਼ਮੀ ਹੋਏ। ਜਿਸ ਤੋਂ ਬਾਅਦ ਰਾਜਪਕਸ਼ੇ ਨੇ ਐਲਾਨ ਕੀਤਾ ਕਿ ਉਹ ਅਸਤੀਫਾ ਦੇ ਰਹੇ ਹਨ। ਪਰ ਇਸ ਦੇ ਬਾਵਜੂਦ ਹਿੰਸਾ ਰੁਕੀ ਨਹੀਂ, ਸਗੋਂ ਹੋਰ ਵੀ ਭੜਕ ਗਈ।
ਪ੍ਰਦਰਸ਼ਨਕਾਰੀਆਂ ਨੇ ਰਾਜਪਕਸ਼ੇ ਦੇ ਘਰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਰਾਜਪਕਸ਼ੇ ਦੇ ਜੱਦੀ ਘਰ ਨੂੰ ਅੱਗ ਲਗਾ ਦਿੱਤੀ ਗਈ। ਉਦੋਂ ਤੋਂ ਲਗਾਤਾਰ ਅੱਗਜ਼ਨੀ ਅਤੇ ਹਿੰਸਾ ਦਾ ਇਹ ਸਿਲਸਿਲਾ ਜਾਰੀ ਹੈ। ਹੁਣ ਸਾਬਕਾ ਮੰਤਰੀ ਜੌਹਨਸਟਨ ਫਰਨਾਂਡੋ ਦੇ ਘਰ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾ ਦਿੱਤੀ ਹੈ।
ਮਹਿੰਦਾ ਰਾਜਪਕਸ਼ੇ ਨੇ ਪਰਿਵਾਰ ਨਾਲ ਲਈ ਸ਼ਰਨ
ਸ਼੍ਰੀਲੰਕਾ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਰਾਜਪਕਸ਼ੇ ਪਰਿਵਾਰ ਦੇ ਵਫ਼ਾਦਾਰਾਂ ਨੂੰ ਦੇਸ਼ ਤੋਂ ਭੱਜਣ ਤੋਂ ਰੋਕਣ ਲਈ ਕੋਲੰਬੋ ਵਿੱਚ ਬੰਦਰਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ (ਬੀਆਈਏ) ਨੂੰ ਜਾਣ ਵਾਲੀ ਸੜਕ 'ਤੇ ਇੱਕ ਚੌਕੀ ਬਣਾਈ। ਕੋਲੰਬੋ ਵਿੱਚ ਬੀਆਈਏ ਨੂੰ ਸਥਾਨਕ ਤੌਰ 'ਤੇ ਕਾਟੂਨਾਇਕ ਹਵਾਈ ਅੱਡੇ ਵਜੋਂ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਮਹਿੰਦਾ ਨੇ ਆਪਣੀ ਪਤਨੀ ਅਤੇ ਪਰਿਵਾਰ ਦੇ ਨਾਲ ਆਪਣੀ ਸਰਕਾਰੀ ਰਿਹਾਇਸ਼ - ਟੈਂਪਲ ਟ੍ਰੀਜ਼ - ਛੱਡ ਦਿੱਤਾ ਅਤੇ ਸ਼੍ਰੀਲੰਕਾ ਦੇ ਉੱਤਰ-ਪੂਰਬੀ ਤੱਟ 'ਤੇ ਬੰਦਰਗਾਹ ਸ਼ਹਿਰ ਤ੍ਰਿਨਕੋਮਾਲੀ ਦੇ ਸਮੁੰਦਰੀ ਬੇਸ 'ਤੇ ਸ਼ਰਨ ਲਈ।
ਪੁਲਿਸ ਨੇ ਕੀਤੇ ਹਵਾਈ ਫਾਈਰ
ਪੁਲਿਸ ਨੇ ਸੋਮਵਾਰ ਰਾਤ 'ਟੈਂਪਲ ਟ੍ਰੀਜ਼' 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਦਾਗੇ। ਪੁਲਿਸ ਨੂੰ ਭੀੜ ਨੂੰ ਪਿੱਛੇ ਰੱਖਣ ਲਈ ਚੇਤਾਵਨੀ ਵਜੋਂ ਅੱਥਰੂ ਗੈਸ ਦੇ ਗੋਲੇ ਅਤੇ ਹਵਾ ਵਿੱਚ ਗੋਲੀ ਚਲਾਉਣੀ ਪਈ ਕਿਉਂਕਿ ਮਹਿੰਦਾ ਅਤੇ ਉਸਦੇ ਪਰਿਵਾਰ ਨੂੰ ਮੰਗਲਵਾਰ ਸਵੇਰੇ ਸਰਕਾਰੀ ਰਿਹਾਇਸ਼ ਤੋਂ ਬਾਹਰ ਕੱਢਿਆ ਗਿਆ ਸੀ।
ਮਹਿੰਦਾ ਰਾਜਪਕਸੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਦੇ ਪਹੁੰਚਣ ਦੀਆਂ ਖਬਰਾਂ ਤੋਂ ਬਾਅਦ ਤ੍ਰਿੰਕੋਮਾਲੀ ਨੇਵਲ ਬੇਸ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਹੰਬਨਟੋਟਾ ਵਿੱਚ ਰਾਜਪਕਸ਼ੇ ਦੇ ਜੱਦੀ ਘਰ, 14 ਸਾਬਕਾ ਮੰਤਰੀਆਂ, 18 ਸੰਸਦ ਮੈਂਬਰਾਂ ਅਤੇ ਰਾਜਪਕਸ਼ੇ ਪਰਿਵਾਰ ਦੇ ਵਫ਼ਾਦਾਰ ਨੇਤਾਵਾਂ ਦੇ ਘਰਾਂ 'ਤੇ ਹਮਲਾ ਕੀਤਾ। ਹਸਪਤਾਲ ਦੇ ਸੂਤਰਾਂ ਮੁਤਾਬਕ ਇਸ ਦੌਰਾਨ ਹਾਲ ਹੀ ਵਿੱਚ ਹੋਈਆਂ ਝੜਪਾਂ ਵਿੱਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ 249 ਹੋ ਗਈ ਹੈ, ਜਦੋਂ ਕਿ 7 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: Anantnag Encounter: ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਦੋ ਅੱਤਵਾਦੀ ਢੇਰ