ਸੜਕ ਦੁਰਘਟਨਾ 'ਚ ਸਰੀ 'ਚ ਰਹਿੰਦੇ ਪੰਜਾਬੀ ਦੀ ਮੌਤ
ਵੈਨਕੂਵਰ: ਕੈਨੇਡਾ ਵਿਚ ਸਰੀ ਦੇ ਇੱਕ ਨਾਮੀ ਮੈਥੇਮੈਟਿਕਸ ਅਧਿਆਪਕ ਦੇ ਦੁਰਘਟਨਾ ਵਿਚ ਅਕਾਲ ਚਲਾਣੇ ਤੋਂ ਬਾਅਦ ਸੋਗ ਦੀ ਲਹਿਰ ਹੈ। ਮੈਥ ਅਧਿਆਪਕ ਦੀ ਸ਼ੁੱਕਰਵਾਰ ਨੂੰ ਸਰੀ ਵਿਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਹਾਦਸੇ 'ਚ ਜਾਨ ਗਵਾਉਣ ਵਾਲੇ ਮੈਥ ਅਧਿਆਪਕ ਦੀ ਪਛਾਣ 55 ਸਾਲਾ ਸੁਮਿੰਦਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਸੁਮਿੰਦਰ ਸਿੰਘ ਦੀ SUV ਸਾਹਮਣੇ ਜਾਂਦੇ ਟਰੈਕਟਰ ਟਰੇਲਰ ਨਾਲ ਜਾ ਟਕਰਾਈ। ਘਟਨਾ ਸ਼ੁੱਕਰਵਾਰ ਨੂੰ ਵਾਪਰੀ ਸੀ। ਦੁਪਹਿਰ ਕਰੀਬ 3 ਵਜੇ 176 ਸਟ੍ਰੀਟ ਅਤੇ 32 ਐਵੀਨਿਊ ਕੋਲ ਇਹ ਹਾਦਸਾ ਵਾਪਰਿਆ। ਐਮਰਜੈਂਸੀ ਦਸਤੇ ਮੌਕੇ ਤੇ ਪਹੁੰਚੇ ਤੇ ਚਾਲਕ ਨੂੰ ਗੱਡੀ ਵਿਚੋਂ ਕੱਡਿਆ ਗਿਆ ਪਰ ਉਸਨੂੰ ਬਚਾਇਆ ਨਾ ਜਾ ਸਕਿਆ। ਸੁਮਿੰਦਰ ਸਿੰਘ ਨਿਊ ਵੈਸਟਮਿਨਸਟਰ ਵਿਚ ਰਹਿੰਦੇ ਸਨ ਅਤੇ ਟਾਮਾਨਵਿਸ ਸੈਕੰਡਰੀ ਵਿਚ ਮੈਥ ਡਿਪਾਰਟਮੈਂਟ ਦੇ ਹੈਡ ਸਨ।
ਲੋਕਾਂ ਦਾ ਉਨ੍ਹਾਂ ਪ੍ਰਤੀ ਪਿਆਰ ਸੋਸ਼ਲ ਮੀਡੀਆ 'ਤੇ ਪਾਈਆਂ ਜਾ ਰਹੀਆਂ ਪੋਸਟਾਂ ਤੋਂ ਵੀ ਸਾਫ ਝਲਕਦਾ ਹੈ। ਇਨ੍ਹਾਂ 'ਚੋਂ ਕਈਆਂ ਨੇ ਸੁਮਿੰਦਰ ਸਿੰਘ ਨੂੰ ਸਭ ਤੋਂ ਬੇਹਤਰੀਨ ਅਧਿਆਪਕ ਦੱਸਿਆ ਅਤੇ ਕਈਆਂ ਨੇ ਸੁਮਿੰਦਰ ਸਿੰਘ ਨੂੰ ਇੱਕ ਬੇਹਤਰੀਨ ਇਨਸਾਨ ਦੱਸਿਆ।