ਕੈਨੇਡਾ ’ਚ ਗਰਮੀ ਨੇ ਰਿਕਾਰਡ ਤੋੜੇ, ਇਤਿਹਾਸ ’ਚ ਪਹਿਲੀ ਵਾਰ ਚੜ੍ਹਿਆ ਇੰਨਾ ਪਾਰਾ
ਇੰਨਾ ਜ਼ਿਆਦਾ ਤਾਪਮਾਨ ਬ੍ਰਿਟਿਸ਼ ਕੋਲੰਬੀਆ ਦੇ ਇੱਕ ਪਿੰਡ ਲਿੱਟਨ ’ਚ ਦਰਜ ਕੀਤਾ ਗਿਆ ਹੈ।
ਵੈਨਕੂਵਰ: ਕੈਨੇਡਾ ’ਚ ਪਹਿਲੀ ਵਾਰ 46.1 ਡਿਗਰੀ ਸੈਲਸੀਅਸ (115 ਡਿਗਰੀ ਫ਼ਾਰਨਹੀਟ) ਤਾਪਮਾਨ ਦਰਜ ਕੀਤਾ ਗਿਆ ਹੈ; ਇਹ ਇਸ ਦੇਸ਼ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਉੱਤਰੀ ਧਰੁਵ ’ਤੇ ਸਥਿਤ ਇਸ ਠੰਢੇ ਦੇਸ਼ ਵਿੱਚ ਇੰਨਾ ਜ਼ਿਆਦਾ ਤਾਪਮਾਨ ਕਦੇ ਵੀ ਨਹੀਂ ਵੇਖਿਆ ਗਿਆ। ਇੰਨਾ ਜ਼ਿਆਦਾ ਤਾਪਮਾਨ ਬ੍ਰਿਟਿਸ਼ ਕੋਲੰਬੀਆ ਦੇ ਇੱਕ ਪਿੰਡ ਲਿੱਟਨ ’ਚ ਦਰਜ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸਾਲ 1937 ਦੌਰਾਨ ਸਸਕੈਚੇਵਾਨ ਸੂਬੇ ’ਚ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਸੀ ਪਰ ਉਹ ਇਸ ਤੋਂ ਘੱਟ ਭਾਵ 45 ਡਿਗਰੀ ਸੈਲਸੀਅਸ (113 ਫ਼ਾਰਨਹੀਟ) ਸੀ ਪਰ ਇਸ ਵਾਰ ਤਾਂ ਕੈਨੇਡਾ ਦੀ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਇਹ ਤਾਪਮਾਨ ਹੁਣ ਕੈਨੇਡਾ ਦੇ ਇਤਿਹਾਸ ਵਿੱਚ ਇੱਕ ਯਾਦਗਾਰ ਅੰਕੜੇ ਵਜੋਂ ਦਰਜ ਹੋਵੇਗਾ।
ਦੇਸ਼ ਦੇ ਮੌਸਮ ਵਿਭਾਗ ਨੇ ਦੱਖਣੀ ਇਲਾਕਿਆਂ ਵਿੱਚ ਇਸ ਵਾਰ ਤਾਪਮਾਨ ਜ਼ਿਆਦਾ ਹੋਣ ਦੀ ਅਗਾਊਂ ਚੇਤਾਵਨੀ ਦੇ ਦਿੱਤੀ ਸੀ। ਦੱਸ ਦੇਈਏ ਕਿ ਬ੍ਰਿਟਿਸ਼ ਕੋਲੰਬੀਆ ਰਾਜ ਪ੍ਰਸ਼ਾਂਤ ਮਹਾਂਸਾਗਰ ਦੇ ਕੰਢਿਆਂ ਉੱਤੇ ਸਥਿਤ ਹੈ। ‘ਐਨਵਾਇਰਨਮੈਂਟ ਕੈਨੇਡਾ’ ਦੇ ਮਾਹਿਰਾਂ ਅਨੁਸਾਰ ਮੰਗਲਵਾਰ ਨੂੰ ਤਾਪਮਾਨ ਵਿੱਚ ਠੰਢਕ ਵਧੇਗੀ।
ਉੱਤਰੀ ਧਰੁਵ ’ਤੇ ਹੋਣ ਕਾਰਣ ਕੈਨੇਡਾ ਵਿੱਚ ਠੰਢ ਬਹੁਤ ਜ਼ਿਆਦਾ ਪੈਂਦੀ ਹੈ। ਇੱਥੇ ਸਰਦੀਆਂ ਦੇ ਮੌਸਮ ਦੌਰਾਨ ਤਾਪਮਾਨ ਮਨਫ਼ੀ ਚਾਲ਼ੀ (-40) ਡਿਗਰੀ ਸੈਲਸੀਅਸ ਤੱਕ ਵੀ ਚਲਾ ਜਾਂਦਾ ਹੈ। ਉਂਝ ਦਸੰਬਰ, ਜਨਵਰੀ ਦੇ ਮਹੀਨਿਆਂ ਦੌਰਾਨ ਤਾਪਮਾਨ ਮਨਫ਼ੀ 15 ਡਿਗਰੀ ਸੈਲਸੀਅਸ ਤਾਂ ਆਮ ਹੀ ਰਹਿੰਦਾ ਹੈ।
ਗਰਮੀਆਂ ਦਾ ਤਾਪਮਾਨ ਕਦ ਵੀ 25 ਤੋਂ 30 ਡਿਗਰੀ ਸੈਲਸੀਅਸ ਤੋਂ ਵੱਧ ਨਹੀਂ ਹੋਇਆ। ਕੈਨੇਡਾ ਵਰਗੇ ਦੇਸ਼ ਵਿੱਚ ਇੰਨਾ ਜ਼ਿਆਦਾ ਤਾਪਮਾਨ ਦਰਜ ਹੋਣਾ ‘ਸੰਸਾਰਕ ਤਪਸ਼’ (ਗਲੋਬਲ ਵਾਰਮਿੰਗ) ਦੇ ਅਗਾਊਂ ਖ਼ਤਰਿਆਂ ਨੂੰ ਦਰਸਾਉਂਦਾ ਹੈ। ਧਰਤੀ ਦੇ ਜਲਵਾਯੂ ਵਿੱਚ ਹੋ ਰਹੀ ਤਬਦੀਲੀ ਨਾਲ ਨਿਪਟਣ ਲਈ ਹੁਣੇ ਤੋਂ ਉੱਦਮ ਕਰਨੇ ਹੋਣਗੇ। ਕਾਰਬਨ ਤੇ ਹੋਰ ਖ਼ਤਰਨਾਕ ਗੈਸਾਂ ਦੀ ਨਿਕਾਸੀ ਨੂੰ ਹੌਲੀ-ਹੌਲੀ ਘਟਾ ਕੇ ਪੂਰੀ ਤਰ੍ਹਾਂ ਖ਼ਤਮ ਕਰਨਾ ਹੋਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :