ਤਾਲਿਬਾਨ ਦੀ ਭਾਰਤ ਨੂੰ ਧਮਕੀ, 'ਜੇ ਫੌਜਾਂ ਭੇਜੀਆਂ, ਤਾਂ ਠੀਕ ਨਹੀਂ ਹੋਵੇਗਾ'
ਸ਼ਾਹੀਨ ਨੇ ਧਮਕੀ ਭਰੇ ਲਹਿਜੇ ਵਿੱਚ ਕਿਹਾ, “ਜੇ ਉਹ (ਭਾਰਤ) ਫੌਜੀ ਰੂਪ ਵਿੱਚ ਅਫਗਾਨਿਸਤਾਨ ਵਿੱਚ ਆਉਂਦੇ ਹਨ ਤੇ ਉਨ੍ਹਾਂ ਦੀ ਮੌਜੂਦਗੀ ਹੁੰਦੀ ਹੈ, ਤਾਂ ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਲਈ ਚੰਗਾ ਨਹੀਂ ਹੋਵੇਗਾ।”
ਕਾਬੁਲ: ਤਾਲਿਬਾਨ ਦੀ ਚੜ੍ਹਤ ਨੇ ਭਾਰਤ ਦੇ ਵੀ ਫਿਕਰ ਵਧਾ ਦਿੱਤੇ ਹਨ। ਤਾਲਿਬਾਨ ਨੇ ਭਾਰਤ ਨੂੰ ਧਮਕੀ ਦਿੱਤੀ ਹੈ ਕਿ 'ਜੇ ਫੌਜਾਂ ਭੇਜੀਆਂ, ਤਾਂ ਠੀਕ ਨਹੀਂ ਹੋਵੇਗਾ।' ਤਾਲਿਬਾਨ ਦੇ ਬੁਲਾਰੇ ਮੁਹੰਮਦ ਸੁਹੇਲ ਸ਼ਾਹੀਨ, ਜੋ ਅਫਗਾਨਿਸਤਾਨ ਦੇ 20 ਸੂਬਿਆਂ 'ਤੇ ਕਬਜ਼ਾ ਕਰਨ ਤੋਂ ਬਾਅਦ ਤੇਜ਼ੀ ਨਾਲ ਕਾਬੁਲ ਵੱਲ ਵਧ ਰਹੇ ਹਨ, ਨੇ ਭਾਰਤ ਨੂੰ ਧਮਕੀ ਦਿੱਤੀ ਹੈ।
ਸ਼ਾਹੀਨ ਨੇ ਦੇਸ਼ ਦੇ ਡੈਮ ਤੇ ਬੁਨਿਆਦੀ ਢਾਂਚੇ ਦੇ ਕੰਮਾਂ ਵਿੱਚ ਭਾਰਤ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਭਾਰਤ ਨੇ ਅਫਗਾਨਿਸਤਾਨ ਵਿੱਚ ਫ਼ੌਜ ਭੇਜੀ ਤਾਂ ਇਹ ਚੰਗਾ ਨਹੀਂ ਹੋਵੇਗਾ। ਤਾਲਿਬਾਨ ਦੇ ਬੁਲਾਰੇ ਨੇ ਕਿਹਾ,“ਅਸੀਂ ਅਫਗਾਨਿਸਤਾਨ ਵਿੱਚ ਕੀਤੇ ਹਰ ਕੰਮ ਦੀ ਸ਼ਲਾਘਾ ਕਰਦੇ ਹਾਂ। ਇਹ ਦੇਸ਼ ਦੇ ਲੋਕਾਂ ਦੇ ਵਿਕਾਸ, ਪੁਨਰ ਨਿਰਮਾਣ ਤੇ ਆਰਥਿਕ ਖੁਸ਼ਹਾਲੀ ਲਈ ਹੈ। ਭਾਰਤ ਪਹਿਲਾਂ ਵੀ ਅਫਗਾਨਾਂ ਦੀ ਮਦਦ ਕਰਦਾ ਰਿਹਾ ਹੈ।
ਉਸੇ ਇੰਟਰਵਿਊ ਵਿੱਚ, ਜਦੋਂ ਤਾਲਿਬਾਨ ਆਗੂ ਨੂੰ ਪੁੱਛਿਆ ਗਿਆ ਕਿ ਕੀ ਤਾਲਿਬਾਨ ਭਾਰਤ ਨੂੰ ਭਰੋਸਾ ਦੇ ਸਕਦਾ ਹੈ ਕਿ ਅਫਗਾਨਿਸਤਾਨ ਦੀ ਧਰਤੀ ਇਸ ਦੇ ਵਿਰੁੱਧ ਨਹੀਂ ਵਰਤੀ ਜਾਵੇਗੀ? ਤਾਂ ਸ਼ਾਹੀਨ ਨੇ ਜਵਾਬ ਦਿੱਤਾ ਕਿ ਸਾਡੀ ਇੱਕ ਆਮ ਨੀਤੀ ਹੈ ਕਿ ਅਸੀਂ ਕਿਸੇ ਵੀ ਗੁਆਂਢੀ ਦੇਸ਼ ਸਮੇਤ ਕਿਸੇ ਵੀ ਹੋਰ ਦੇਸ਼ ਦੇ ਵਿਰੁੱਧ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਰਨ ਦੀ ਆਗਿਆ ਨਾ ਦੇਣ ਲਈ ਵਚਨਬੱਧ ਹਾਂ।
ਸ਼ਾਹੀਨ ਨੇ ਧਮਕੀ ਭਰੇ ਲਹਿਜੇ ਵਿੱਚ ਕਿਹਾ, “ਜੇ ਉਹ (ਭਾਰਤ) ਫੌਜੀ ਰੂਪ ਵਿੱਚ ਅਫਗਾਨਿਸਤਾਨ ਵਿੱਚ ਆਉਂਦੇ ਹਨ ਤੇ ਉਨ੍ਹਾਂ ਦੀ ਮੌਜੂਦਗੀ ਹੁੰਦੀ ਹੈ, ਤਾਂ ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਲਈ ਚੰਗਾ ਨਹੀਂ ਹੋਵੇਗਾ। ਉਨ੍ਹਾਂ ਨੇ ਦੂਜੇ ਦੇਸ਼ਾਂ ਦੀ ਫੌਜ ਦਾ ਹਸ਼ਰ ਵੇਖਿਆ ਹੈ, ਇਸ ਲਈ ਇਹ ਉਨ੍ਹਾਂ (ਭਾਰਤ) ਲਈ ਇੱਕ ਖੁੱਲ੍ਹੀ ਕਿਤਾਬ ਹੈ।”
ਭਾਰਤ ਨਹੀਂ ਦੇਵੇਗਾ ਮਾਨਤਾ
ਭਾਰਤ ਦਾ ਰੁਖ ਸਪੱਸ਼ਟ ਹੈ ਕਿ ਉਹ ਅਫਗਾਨਿਸਤਾਨ ਵਿੱਚ ਤਾਕਤ ਦੇ ਬਲ 'ਤੇ ਬਣੀ ਸਰਕਾਰ ਨੂੰ ਮਾਨਤਾ ਨਹੀਂ ਦੇਵੇਗਾ। ਭਾਰਤ ਤੋਂ ਇਲਾਵਾ ਜਰਮਨੀ, ਕਤਰ, ਤੁਰਕੀ ਤੇ ਕਈ ਹੋਰ ਦੇਸ਼ਾਂ ਨੇ ਅਫਗਾਨਿਸਤਾਨ ਵਿੱਚ ਹਿੰਸਾ ਤੇ ਹਮਲਿਆਂ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ। ਬ੍ਰਿਟੇਨ, ਯੂਰਪੀਅਨ ਯੂਨੀਅਨ, ਅਮਰੀਕਾ ਤੇ ਕਈ ਦੇਸ਼ ਪਹਿਲਾਂ ਹੀ ਸੱਤਾ ਵਿੱਚ ਆਉਂਦੇ ਹੀ ਅਫਗਾਨਿਸਤਾਨ ਵਿੱਚ ਤਾਲਿਬਾਨ ਨੂੰ ਮਾਨਤਾ ਨਾ ਦੇਣ ਦੀ ਗੱਲ ਕਰ ਚੁੱਕੇ ਹਨ।
ਦੂਤਾਵਾਸਾਂ, ਕੂਟਨੀਤਕਾਂ ਨੂੰ ਨਿਸ਼ਾਨਾ ਨਹੀਂ ਬਣਾਵਾਂਗੇ: ਤਾਲਿਬਾਨ
ਤਾਲਿਬਾਨ ਦੇ ਬੁਲਾਰੇ ਨੇ ਦੁਨੀਆ ਨੂੰ ਭਰੋਸਾ ਦਿਵਾਇਆ ਹੈ ਕਿ ਉਸ ਦੇ ਲੜਾਕੇ ਜਵਾਨ ਦੇਸ਼ ਵਿੱਚ ਕਿਸੇ ਵੀ ਦੂਤਾਵਾਸ ਤੇ ਰਾਜਦੂਤਾਂ ਨੂੰ ਨਿਸ਼ਾਨਾ ਨਹੀਂ ਬਣਾਉਣਗੇ। ਮੁਹੰਮਦ ਸੁਹੇਲ ਸ਼ਾਹੀਨ ਨੇ ਵੱਖ-ਵੱਖ ਦੇਸ਼ਾਂ ਦੇ ਦੂਤਾਵਾਸਾਂ ਨੂੰ ਖਾਲੀ ਕਰਨ ਤੇ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੀਆਂ ਰਿਪੋਰਟਾਂ ਦੇ ਕਾਰਨ ਇਹ ਗੱਲ ਕਹੀ। ਸ਼ਾਹੀਨ ਨੇ ਕਿਹਾ, ਸਾਡੇ ਵੱਲੋਂ ਦੂਤਾਵਾਸਾਂ ਜਾਂ ਡਿਪਲੋਮੈਟਾਂ ਨੂੰ ਕੋਈ ਖਤਰਾ ਨਹੀਂ ਹੈ ਤੇ ਇਹ ਸਾਡੀ ਵਚਨਬੱਧਤਾ ਹੈ।