ਖੈਬਰ ਪਖ਼ਤੂਨਖ਼ਵਾ ਸੂਬੇ ’ਚੋਂ ਪਹਿਲੀ ਵਾਰ ਚੁਣਿਆ ਗਿਆ ਕੋਈ ਦਸਤਾਰਧਾਰੀ ਸਿੱਖ ਸੈਨੇਟ ਮੈਂਬਰ
ਪਾਕਿਤਸਾਨੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਦਾ ਮਹੱਤਵ ਬਿਲਕੁਲ ਉਹੀ ਹੈ, ਜੋ ਭਾਰਤ ’ਚ ਰਾਜ ਸਭਾ ਦਾ ਹੈ। 145 ਮੈਂਬਰੀ ਸਦਨ ’ਚ ਗੁਰਦੀਪ ਸਿੰਘ ਨੂੰ 103 ਵੋਟਾਂ ਮਿਲੀਆਂ। ਉਹ ਪਾਕਿਸਤਾਨ ’ਚ ਸੱਤਾਧਾਰੀ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ ਪਾਰਟੀ ਦੇ ਮੈਂਬਰ ਹਨ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਸੂਬਾ ਖ਼ੈਬਰ ਪਖ਼ਤੂਨਖ਼ਵਾ ਤੋਂ ਪਹਿਲੀ ਵਾਰ ਕੋਈ ਦਸਤਾਰਧਾਰੀ ਸਿੱਖ ਚੋਣ ਜਿੱਤ ਕੇ ਪਾਕਿਸਤਾਨੀ ਸੈਨੇਟ ’ਚ ਪੁੱਜਾ ਹੈ। ਇੱਥੋਂ ਦੇ ਗੁਰਦੀਪ ਸਿੰਘ ਹੁਰਾਂ ਨੇ ਇਹ ਉਪਲਬਧੀ ਕਰ ਵਿਖਾਈ ਹੈ। ਇਸ ਨਾਲ ਪਾਕਿਸਤਾਨ ਹੀ ਨਹੀਂ, ਸਗੋਂ ਭਾਰਤ ਤੇ ਦੁਨੀਆ ਦੇ ਹੋਰ ਹਿੱਸਿਆਂ ’ਚ ਵੱਸਦੇ ਸਿੱਖਾਂ ਤੇ ਹੋਰ ਪੰਜਾਬੀਆਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਤੋਂ ਪਹਿਲਾਂ ਕਿਸੇ ਦਸਤਾਰਧਾਰੀ ਸਿੱਖ ਨੇ ਕਦੇ ਵੀ ਸੈਨੇਟ ’ਚ ਇਸ ਪਾਕਿਸਤਾਨੀ ਰਾਜ ਦੀ ਨੁਮਾਇੰਦਗੀ ਨਹੀਂ ਕੀਤੀ।
ਪਾਕਿਤਸਾਨੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਦਾ ਮਹੱਤਵ ਬਿਲਕੁਲ ਉਹੀ ਹੈ, ਜੋ ਭਾਰਤ ’ਚ ਰਾਜ ਸਭਾ ਦਾ ਹੈ। 145 ਮੈਂਬਰੀ ਸਦਨ ’ਚ ਗੁਰਦੀਪ ਸਿੰਘ ਨੂੰ 103 ਵੋਟਾਂ ਮਿਲੀਆਂ। ਉਹ ਪਾਕਿਸਤਾਨ ’ਚ ਸੱਤਾਧਾਰੀ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ‘ਪਾਕਿਸਤਾਨ ਤਹਿਰੀਕ-ਏ-ਇਨਸਾਫ਼’ ਪਾਰਟੀ ਦੇ ਮੈਂਬਰ ਹਨ। ਉਨ੍ਹਾਂ ‘ਜਮੀਅਤ ਉਲੇਮਾ-ਏ-ਇਸਲਾਮ’ (ਫ਼ਜ਼ਲੁਰ) ਦੇ ਉਮੀਦਵਾਰ ਰਣਜੀਤ ਸਿੰਘ ਨੂੰ ਹਰਾਇਆ, ਜੋ ਸਿਰਫ਼ 25 ਵੋਟਾਂ ਹੀ ਹਾਸਲ ਕਰ ਸਕੇ। ‘ਅਵਾਮੀ ਨੈਸ਼ਨਲ ਪਾਰਟੀ’ ਦੇ ਉਮੀਦਵਾਰ ਆਸਿਫ਼ ਭੱਟੀ ਸਿਰਫ਼ 12 ਵੋਟਾਂ ਹੀ ਲਿਜਾ ਸਕੇ।
ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ’ਚ ਸਿੱਖਾਂ ਦੀ ਕਾਫ਼ੀ ਆਬਾਦੀ ਹੈ; ਜੋ ਜ਼ਿਆਦਾਤਰ ਆਪਣਾ ਕਾਰੋਬਾਰ ਹੀ ਕਰਦੇ ਹਨ। ਉਂਝ ਪਾਕਿਸਤਾਨ ਦੇ ਇਸ ਹਿੱਸੇ ਵਿੱਚ ਅੱਤਵਾਦ ਦੇ ਦੌਰ ਦੌਰਾਨ ਬਹੁਤ ਸਾਰੇ ਸਿੱਖ ਪਰਿਵਾਰ ਹੋਰਨਾਂ ਦੇਸ਼ਾਂ ਵਿੱਚ ਹਿਜਰਤ ਕਰ ਕੇ ਜਾ ਚੁੱਕੇ ਹਨ।
ਅੱਤਵਾਦੀਆਂ ਨੇ ਇੱਥੇ ਬਹੁਤ ਸਾਰੇ ਸਿੱਖ ਵਪਾਰੀਆਂ ਨੂੰ ਅਗ਼ਵਾ ਕਰ ਕੇ ਉਨ੍ਹਾਂ ਦੇ ਕਤਲ ਵੀ ਕੀਤੇ ਹਨ ਤੇ ਕਈ ਵਾਰ ਘੱਟੋ-ਘੱਟ 1 ਜਾਂ 2 ਕਰੋੜ ਰੁਪਏ ਦੀ ਫ਼ਿਰੌਤੀ ਵਸੂਲ ਕੇ ਉਨ੍ਹਾਂ ਨੂੰ ਛੱਡਿਆ ਵੀ ਹੈ। ਇਸ ਸੂਬੇ ਨਾਲ ਹੀ ਅਫ਼ਗ਼ਾਨਿਸਤਾਨ ਦੀ ਕੌਮਾਂਤਰੀ ਸਰਹੱਦ ਲੱਗਦੀ ਹੈ।
ਅੱਤਵਾਦੀ ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ’ਚ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਕੇ ਸਰਹੱਦ ਪਾਰ ਕਰਕੇ ਅਫ਼ਗ਼ਾਨਿਸਤਾਨ ਦੇਸ਼ ’ਚ ਜਾਂਦੇ ਰਹੇ ਹਨ, ਜੋ ਹਾਲੇ ਵੀ ਅੱਤਵਾਦੀਆਂ ਦੀ ਲੁਕਣਗਾਹ ਬਣਿਆ ਹੋਇਆ ਹੈ।ਅਜਿਹੇ ਨਾਜ਼ੁਕ ਇਲਾਕੇ ’ਚੋਂ ਕਿਸੇ ਸਿੱਖ ਦਾ ਪਾਕਿਸਤਾਨੀ ਸੈਨੇਟ ’ਚ ਚੁਣ ਕੇ ਜਾਣਾ ਆਪਣੇ ਆਪ ਵਿੱਚ ਹੀ ਵੱਡੀ ਪ੍ਰਾਪਤੀ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਕੇ ਕੱਢੀ ਭੜਾਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin