ਸਾਊਦੀ ਅਰਬ ਦੀ ਹਰਕਤ ਨਾਲ ਭਾਰਤ 'ਚ ਪੈਟਰੋਲ ਡੀਜ਼ਲ ਹੋਏਗਾ ਮਹਿੰਗਾ
ਸਾਊਦੀ ਅਰਬ ਦੀ ਤੇਲ ਕੰਪਨੀ Saudi Aramco ਨੇ ਏਸ਼ੀਆ ਦੀ ਮਾਰਕਿਟ ਲਈ ਤੇਲ ਦੀ ਕੀਮਤ 0.4 ਅਮਰੀਕੀ ਡਾਲਰ ਦੇ ਹਿਸਾਬ ਨਾਲ ਵਧਾਈ ਹੈ।
ਨਵੀਂ ਦਿੱਲੀ: ਆਮ ਆਦਮੀ ਨੂੰ ਮੁੜ ਤੋਂ ਝਟਕਾ ਲੱਗ ਸਕਦਾ ਹੈ, ਕਿਉਂਕਿ ਸਾਊਦੀ ਅਰਬ ਦੇਸ਼ਾਂ ਨੇ ਏਸ਼ੀਆਈ ਦੇਸ਼ਾਂ ਲਈ ਕੱਚੇ ਤੇਲ ਦੀ ਕੀਮਤ ਵਧਾ ਦਿੱਤੀ ਹੈ। ਇਸ ਕਾਰਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ ਤੋਂ ਵਾਧਾ ਹੋ ਸਕਦਾ ਹੈ। ਜੇਕਰ ਹੁਣ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਹੈ ਤਾਂ ਕਿਰਾਇਆ-ਭਾੜਾ ਤਾਂ ਵਧੇਗਾ ਦੀ ਪਰ ਨਾਲ ਹੀ ਖਾਧ ਸਮੱਗਰੀ ਦੇ ਨਾਲ-ਨਾਲ ਹੋਰ ਜ਼ਰੂਰੀ ਚੀਜ਼ਾਂ ਵੀ ਮਹਿੰਗੀਆਂ ਹੋ ਜਾਣਗੀਆਂ।
ਸਾਊਦੀ ਅਰਾਮਕੋ ਨੇ ਵਧਾਈਆਂ ਕੀਮਤਾਂ
ਸਾਊਦੀ ਅਰਬ ਦੀ ਤੇਲ ਕੰਪਨੀ Saudi Aramco ਨੇ ਏਸ਼ੀਆ ਦੀ ਮਾਰਕਿਟ ਲਈ ਤੇਲ ਦੀ ਕੀਮਤ 0.4 ਅਮਰੀਕੀ ਡਾਲਰ ਦੇ ਹਿਸਾਬ ਨਾਲ ਵਧਾਈ ਹੈ। ਉੱਥੇ ਹੀ ਅਮਰੀਕਾ ਅਤੇ ਯੂਰੋਪ ਦੇ ਬਾਜ਼ਾਰ ਲਈ ਕੰਪਨੀ ਨੇ ਕ੍ਰਮਵਾਰ 0.1 ਡਾਲਰ ਪ੍ਰਤੀ ਬੈਰਲ ਅਤੇ 0.2 ਡਾਲਰ ਫੀ ਬੈਰਲ ਦੇ ਹਿਸਾਬ ਨਾਲ ਕਟੌਤੀ ਕੀਤੀ ਹੈ। ਇਸ ਸਮੇਂ ਕੱਚੇ ਤੇਲ ਦੀ ਕੀਮਤ 61.45 ਅਮਰੀਕੀ ਡਾਲਰ ਪ੍ਰਤੀ ਬੈਰਲ ਹੈ।
ਕੱਚੇ ਤੇਲ ਦੀ ਦਰਾਮਦ ਘਟਾਉਣ ਦੇ ਹੁਕਮ-
ਇਸੇ ਦਰਮਿਆਨ ਕੇਂਦਰ ਸਰਕਾਰ ਨੇ ਦੇਸ਼ ਦੀ ਰਿਫਾਈਨਰੀ ਨੂੰ ਹੁਕਮ ਦਿੱਤਾ ਹੈ ਕਿ ਸਾਊਦੀ ਅਰਬ ਤੋਂ ਤੇਲ ਘੱਟ ਮੰਗਵਾਇਆ ਜਾਵੇ। ਇਸ ਦੀ ਬਜਾਇ ਹੋਰਨਾਂ ਦੇਸ਼ਾਂ ਤੋਂ ਕੱਚੇ ਤੇਲ ਦੀ ਦਰਾਮਦ ਕੀਤੀ ਜਾਵੇ ਤਾਂ ਜੋ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਾ ਵਧਣ।
ਸਾਊਦੀ ਨੇ ਦਿੱਤੀ ਇਹ ਸਲਾਹ-
ਸਾਊਦੀ ਅਰਬ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਪਿਛਲੇ ਸਾਲ ਕੱਚੇ ਤੇਲ ਦੀਆਂ ਕੀਮਤਾਂ ਕਾਫੀ ਹੇਠਾਂ ਚਲੀਆਂ ਗਈਆਂ ਸਨ ਤਾਂ ਉਦੋਂ ਖਰੀਦੇ ਗਏ ਤੇਲ ਦੀ ਵਰਤੋਂ ਕਰ ਸਕਦਾ ਹੈ। ਉੱਥੇ ਹੀ ਪੈਟਰੋਲੀਅਮ ਦਰਾਮਦਕਾਰ ਦੇਸ਼ਾਂ ਦੇ ਸੰਗਠਨ (ਓਪੇਕ) ਅਤੇ ਸਹਿਯੋਗੀ ਦੇਸ਼ਾਂ ਵੱਲੋਂ ਉਤਪਾਦਨ 'ਤੇ ਲਾਗੂ ਕੰਟਰੋਲ ਨੂੰ ਹਟਾਉਣ ਸਬੰਧੀ ਭਾਰਤ ਦੀ ਅਪੀਲ ਨੂੰ ਅਣਗੌਲਿਆ ਕਰਨ ਕਾਰਨ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ।
ਪਿਛਲੇ ਸਾਲ ਖਰੀਦਿਆ ਸੀ ਇੰਨਾ ਤੇਲ-
ਕੋਰੋਨਾ ਕਾਲ ਦੌਰਾਨ ਜਦ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਕਾਫੀ ਹੇਠਾਂ ਚਲੀਆਂ ਗਈਆਂ ਸਨ ਤਾਂ ਆਪਣੇ ਭੰਡਾਰ ਭਰਨ ਲਈ ਭਾਰਤ ਨੇ ਇੱਕ ਕਰੋੜ 67 ਲੱਖ ਬੈਰਲ ਕੱਚਾ ਤੇਲ ਖਰੀਦਿਆ ਸੀ। ਉਸ ਸਮੇਂ ਕੱਚੇ ਤੇਲ ਦੀ ਔਸਤ ਕੀਮਤ 19 ਡਾਲਰ ਪ੍ਰਤੀ ਬੈਰਲ ਸੀ।