Ukraine Russia War: ਜੰਗ ਦੇ ਮੈਦਾਨ 'ਚ ਰੂਸ ਨੇ ਉਤਾਰੀ 'ਜਾਸੂਸੀ ਡੌਲਫਿਨ', ਜਲ ਸੈਨਾ ਦੇ ਅੱਡਿਆਂ ਦੀ ਕਰ ਰਹੀ ਹਿਫਾਜ਼ਤ
ਕਾਲਾ ਸਾਗਰ ਦੇ ਜਲ ਸੈਨਾ ਮਿਲਟਰੀ ਅੱਡੇ 'ਤੇ ਡੌਲਫਿਨ ਨੂੰ ਤਾਇਨਾਤ ਕੀਤਾ ਹੈ। ਇਸ ਤਸਵੀਰ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ ਰੂਸ ਜਲ ਸੈਨਾ ਦੇ ਬੇੜੇ 'ਤੇ ਪਾਣੀ ਦੇ ਅੰਦਰ ਹੋਣ ਵਾਲੇ ਹਮਲਿਆਂ ਨੂੰ ਰੋਕਣ ਲਈ ਡੌਲਫਿਨ ਦਾ ਇਸਤੇਮਾਲ ਕਰ ਰਿਹਾ ਹੈ।
Russia Deploys Trained Dolphins: ਪਿਛਲੇ ਦੋ ਮਹੀਨਿਆਂ ਤੋਂ ਰੂਸ ਤੇ ਯੂਕਰੇਨ 'ਚ ਜੰਗ ਜਾਰੀ ਹੈ। ਇਨ੍ਹਾਂ ਦੋ ਮਹੀਨਿਆਂ 'ਚ ਰੂਸ ਨੇ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ। ਲੱਖਾਂ ਲੋਕ ਆਪਣਾ ਦੇਸ਼ ਛੱਡ ਗੁਆਂਢੀ ਦੇਸ਼ਾਂ 'ਚ ਪਲਾਇਨ ਕਰਨ ਨੂੰ ਮਜ਼ਬੂਰ ਹੋ ਗਏ ਹਨ। ਹੁਣ ਸੈਟੇਲਾਈਟ ਇਮੇਜ ਰਾਹੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰੂਸ ਨੇ ਇਸ ਜੰਗ ਦੇ ਮੈਦਾਨ 'ਚ ਡੌਲਫਿਨ ਨੂੰ ਉਤਾਰ ਦਿੱਤਾ ਹੈ।
ਦਰਅਸਲ ਰੂਸ ਨੇ ਕਾਲਾ ਸਾਗਰ ਦੇ ਜਲ ਸੈਨਾ ਮਿਲਟਰੀ ਅੱਡੇ 'ਤੇ ਡੌਲਫਿਨ ਨੂੰ ਤਾਇਨਾਤ ਕੀਤਾ ਹੈ। ਇਸ ਤਸਵੀਰ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ ਰੂਸ ਜਲ ਸੈਨਾ ਦੇ ਬੇੜੇ 'ਤੇ ਪਾਣੀ ਦੇ ਅੰਦਰ ਹੋਣ ਵਾਲੇ ਹਮਲਿਆਂ ਨੂੰ ਰੋਕਣ ਲਈ ਡੌਲਫਿਨ ਦਾ ਇਸਤੇਮਾਲ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਯੂਐਸ ਨੇਵਲ ਇੰਸਟੀਚਿਊਟ ਨੇ ਸੈਟੇਲਾਈਟ ਇਮੇਜ ਦੀ ਜਾਂਚ ਕੀਤੀ ਹੈ। ਜਾਂਚ ਤੋਂ ਪਤਾ ਚੱਲਿਆ ਹੈ ਕਿ ਫਰਵਰੀ 'ਚ ਜਦੋਂ ਰੂਸ ਨੇ ਯੂਕਰੇਨ 'ਤੇ ਅਟੈਕ ਦੀ ਸ਼ੁਰੂਆਤ ਕੀਤੀ ਸੀ ਉਦੋਂ ਦੋ ਡੌਲਫਿਨਾਂ ਨੂੰ ਫੌਜੀ ਅੱਡਿਆਂ 'ਤੇ ਲਿਜਾਇਆ ਗਿਆ ਸੀ। ਦੂਜੇ ਪਾਸੇ ਫੌਜੀ ਕੰਮਾਂ ਲਈ ਡੌਲਫਿਨਾਂ ਨੂੰ ਟ੍ਰੇਂਡ ਕਰਵਾਉਣ ਦਾ ਪੁਰਾਣਾ ਇਤਿਹਾਸ ਰਿਹਾ ਹੈ। ਰੂਸ ਇਨ੍ਹਾਂ ਡੌਲਫਿਨਜ਼ ਦਾ ਇਸਤੇਮਾਲ ਸਮੁੰਦਰ ਦੇ ਹੇਠਾਂ ਮੌਜੂਦ ਚੀਜ਼ਾਂ ਨੂੰ ਲੱਭਣ ਤੇ ਦੁਸ਼ਮਣ ਦੇ ਗੋਤਾਖੋਰਾਂ ਦਾ ਪਤਾ ਲਾਉਣ ਲਈ ਕਰਦਾ ਹੈ।
ਸੇਵਾਸਤੋਪੋਲ ਬੰਦਰਗਾਹ ਫੌਜ ਲਈ ਮਹੱਤਵਪੂਰਨ
ਇਸ ਨਾਲ ਹੀ ਜਿਸ ਬੰਦਰਗਾਹ ਤੋਂ ਇਹ ਤਸਵੀਰ ਮਿਲੀ ਹੈ, ਉਸ ਦਾ ਨਾਮ ਸੇਵਾਸਤੋਪੋਲ ਬੰਦਰਗਾਹ ਹੈ ਤੇ ਇਹ ਰੂਸੀ ਫੌਜ ਲਈ ਬਹੁਤ ਮਹੱਤਵਪੂਰਨ ਹੈ। ਇਹ ਬੰਦਰਗਾਹ ਕ੍ਰੀਮੀਆ ਦੇ ਦੱਖਣ 'ਚ ਸਥਿਤ ਹੈ। ਯੂਐਸਐਨਆਈ ਮੁਤਾਬਕ ਬਹੁਤ ਸਾਰੇ ਰੂਸੀ ਜਹਾਜ਼ ਇੱਥੇ ਐਂਕਰ ਕਰਦੇ ਹਨ।
ਇਸ ਨਾਲ ਹੀ ਫੌਜਾਂ ਦੇ ਇੱਥੇ ਡੇਰੇ ਲਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਬੰਦਰਗਾਹ ਦੁਸ਼ਮਣ ਦੀਆਂ ਮਿਜ਼ਾਈਲਾਂ ਦੀ ਰੇਂਜ ਤੋਂ ਬਾਹਰ ਹੈ। ਹਾਲਾਂਕਿ ਉਨ੍ਹਾਂ 'ਤੇ ਪਾਣੀ ਦੇ ਹੇਠਾਂ ਤੋਂ ਹਮਲਾ ਹੋਣ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ। ਇਸ ਲਈ ਰੂਸ ਨੇ ਇੱਥੇ ਪਾਣੀ ਦੇ ਅੰਦਰ ਹੋਣ ਵਾਲੇ ਹਮਲਿਆਂ ਤੋਂ ਸੁਚੇਤ ਰਹਿਣ ਲਈ ਸੇਵਾਸਤੋਪੋਲ ਦੇ ਨੇੜੇ ਇਕ ਐਕੁਏਰੀਅਮ 'ਚ ਡੌਲਫਿਨ ਨੂੰ ਸਿਖਲਾਈ ਦਿੱਤੀ ਹੈ।