UNSC Meeting on Afghanistan: ਭਾਰਤ ਦੀ ਪ੍ਰਧਾਨਗੀ ਹੇਠ ਅਫਗਾਨਿਸਤਾਨ ਦੀ ਸਥਿਤੀ ਤੇ UNSC ਦੀ ਹੰਗਾਮੀ ਮੀਟਿੰਗ ਅੱਜ
ਤਾਲਿਬਾਨ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਭਵਨ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ।ਅਫਗਾਨਿਸਤਾਨ ਦੀ ਇਸ ਸਥਿਤੀ ਨੂੰ ਦੇਖਦੇ ਹੋਏ UNSC ਦੀ ਹੰਗਾਮੀ ਮੀਟਿੰਗ ਬੁਲਾਈ ਗਈ ਹੈ।
ਨਵੀਂ ਦਿੱਲੀ: ਤਾਲਿਬਾਨ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਭਵਨ 'ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ।ਅਫਗਾਨਿਸਤਾਨ ਦੀ ਇਸ ਸਥਿਤੀ ਨੂੰ ਦੇਖਦੇ ਹੋਏ UNSC ਦੀ ਹੰਗਾਮੀ ਮੀਟਿੰਗ ਬੁਲਾਈ ਗਈ ਹੈ।ਇਹ ਮੀਟਿੰਗ ਅੱਜ ਸ਼ਾਮ ਸਾਢੇ 7 ਵਜੇ ਹੋਏਗੀ। ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤ ਵੱਲੋਂ ਕੀਤੀ ਜਾਏਗੀ।ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਤੇ ਇਸ ਮੀਟਿੰਗ ਵਿੱਚ ਵਿਚਾਰ ਵਟਾਂਦਰੇ ਕੀਤੇ ਜਾਣਗੇ।
ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਦੇਸ਼ ’ਚ ਫੈਲੀ ਅਰਾਜਕਤਾ ਨੂੰ ਰੋਕਣ ਲਈ ਕਾਬੁਲ ਵਿੱਚ ਦਾਖਲ ਹੋਇਆ ਹੈ। ਇਸ ਦੇ ਨਾਲ ਹੀ, ਉਸ ਨੇ ਲੋਕਾਂ ਨੂੰ ਨਾ ਡਰਨ ਲਈ ਕਿਹਾ ਹੈ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਦੇਸ਼ ਛੱਡ ਦਿੱਤਾ ਹੈ। ਇਸ ਤੋਂ ਇਲਾਵਾ ਕਈ ਹੋਰ ਸੰਸਦ ਮੈਂਬਰ ਵੀ ਦੇਸ਼ ਛੱਡ ਚੁੱਕੇ ਹਨ।
ਦੂਜੇ ਪਾਸੇ, ਤਾਲਿਬਾਨੀ ਵਿਦਰੋਹੀਆਂ ਤੋਂ ਡਰਦੇ ਹੋਏ ਨਾਗਰਿਕ ਅਫਗਾਨਿਸਤਾਨ ਤੋਂ ਭੱਜ ਕੇ ਭਾਰਤ ਆ ਰਹੇ ਹਨ ਜਾਂ ਦੂਜੇ ਦੇਸ਼ਾਂ ਵਿੱਚ ਪਨਾਹ ਲੈ ਰਹੇ ਹਨ। ਤਾਲਿਬਾਨ ਲੜਾਕਿਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੀ ਸਥਿਤੀ ਨੂੰ ਲੈ ਕੇ ਪੂਰੀ ਦੁਨੀਆ ਚਿੰਤਤ ਹੈ। ਅਫਗਾਨਿਸਤਾਨ ਦੀ ਸਥਿਤੀ ਸਬੰਧੀ ਭਾਰਤੀ ਸਮੇਂ ਅਨੁਸਾਰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਬੈਠਕ ਸ਼ਾਮ 7.30 ਵਜੇ ਹੋਣ ਜਾ ਰਹੀ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਮੀਟਿੰਗ ਦੀ ਪ੍ਰਧਾਨਗੀ ਕਰਨਗੇ।
ਕੌਣ ਰੱਖੇਗਾ ਅਫਗਾਨਿਸਤਾਨ ਦਾ ਪੱਖ?
ਵਿਦੇਸ਼ ਮੰਤਰੀ ਐਸ ਜੈਸ਼ੰਕਰ ਪਹਿਲਾਂ ਹੀ ਨਿਊਯਾਰਕ ਵਿੱਚ ਮੌਜੂਦ ਹਨ ਪਰ ਪਿਛਲੇ 24 ਘੰਟਿਆਂ ਵਿੱਚ ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਹੋਏ ਵਿਕਾਸ ਦੇ ਮੱਦੇਨਜ਼ਰ ਇਹ ਮੀਟਿੰਗ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਹਾਲਾਂਕਿ, ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਇਸ ਮੀਟਿੰਗ ਵਿੱਚ ਅਫਗਾਨਿਸਤਾਨ ਦਾ ਪ੍ਰਤੀਨਿਧੀ ਕੌਣ ਹੋਵੇਗਾ ਤੇ ਉਹ ਅਫਗਾਨਿਸਤਾਨ ਦਾ ਪੱਖ ਕਿਵੇਂ ਪੇਸ਼ ਕਰੇਗਾ।
ਟਰੰਪ ਨੇ ਉਠਾਏ ਸੁਆਲ
ਅਫਗਾਨਿਸਤਾਨ ਵਿੱਚ ਵਿਗੜਦੀ ਸਥਿਤੀ ਬਾਰੇ ਅਮਰੀਕਾ ਦੀਆਂ ਨੀਤੀਆਂ ਬਾਰੇ ਉਸੇ ਦੇਸ਼ ਦੇ ਅੰਦਰ ਸਵਾਲ ਉੱਠ ਰਹੇ ਹਨ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਹ ਅਮਰੀਕਾ ਦੀ ਸਭ ਤੋਂ ਵੱਡੀ ਹਾਰ ਹੈ। ਟਰੰਪ ਨੇ ਇਹ ਬਿਆਨ ਤਾਲਿਬਾਨ ਦੇ ਕਾਬੁਲ ਸਥਿਤ ਰਾਸ਼ਟਰਪਤੀ ਭਵਨ 'ਤੇ ਕਬਜ਼ਾ ਕਰਨ ਅਤੇ ਅਸ਼ਰਫ ਗਨੀ ਦੇ ਦੇਸ਼ ਛੱਡਣ ਦੀਆਂ ਖ਼ਬਰਾਂ ਤੋਂ ਬਾਅਦ ਦਿੱਤਾ ਹੈ। ਹਾਲਾਂਕਿ, ਅਮਰੀਕੀ ਵਿਦੇਸ਼ ਵਿਭਾਗ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਤਾਲਿਬਾਨ ਕੌਣ ਹੈ?
ਇਹ 1980ਵਿਆਂ ਦੇ ਅਰੰਭ ਦੀ ਗੱਲ ਹੈ। ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਅਫ਼ਗਾਨਿਸਤਾਨ ਵਿੱਚ ਆ ਗਈਆਂ ਸਨ। ਅਫਗਾਨ ਸਰਕਾਰ ਉਸ ਦੀ ਸੁਰੱਖਿਆ ਹੇਠ ਚੱਲ ਰਹੀ ਸੀ। ਬਹੁਤ ਸਾਰੇ ਮੁਜਾਹਿਦੀਨ ਸਮੂਹ ਫੌਜ ਤੇ ਸਰਕਾਰ ਦੇ ਵਿਰੁੱਧ ਲੜ ਰਹੇ ਸਨ। ਇਹ ਮੁਜਾਹਿਦੀਨ ਅਮਰੀਕਾ ਤੇ ਪਾਕਿਸਤਾਨ ਤੋਂ ਮਦਦ ਲੈਂਦੇ ਸਨ। 1989 ਤਕ ਸੋਵੀਅਤ ਯੂਨੀਅਨ ਨੇ ਆਪਣੀਆਂ ਫੌਜਾਂ ਵਾਪਸ ਬੁਲਾ ਲਈਆਂ। ਇਸ ਵਿਰੁੱਧ ਲੜਨ ਵਾਲੇ ਲੜਾਕੂ ਹੁਣ ਆਪਸ ਵਿੱਚ ਲੜਨ ਲੱਗ ਪਏ। ਅਜਿਹਾ ਹੀ ਇੱਕ ਲੜਾਕੂ ਮੁੱਲਾ ਮੁਹੰਮਦ ਉਮਰ ਸੀ। ਉਸ ਨੇ ਕੁਝ ਪਸ਼ਤੂਨ ਨੌਜਵਾਨਾਂ ਨਾਲ ਤਾਲਿਬਾਨ ਲਹਿਰ ਸ਼ੁਰੂ ਕੀਤੀ। ਹੌਲੀ-ਹੌਲੀ ਤਾਲਿਬਾਨ ਸਭ ਤੋਂ ਮਜ਼ਬੂਤ ਹੋ ਗਏ।