ਸੀਰੀਆ 'ਚ ISIS ‘ਤੇ ਅਮਰੀਕਾ ਦਾ ਵੱਡਾ ਹਮਲਾ, ਏਅਰ ਸਟ੍ਰਾਇਕ ਨਾਲ ਦਰਜਨਾਂ ਠਿਕਾਣੇ ਤਬਾਹ
ਅਮਰੀਕੀ ਸੈਂਟ੍ਰਲ ਕਮਾਂਡ (CENTCOM) ਨੇ ਸੀਰੀਆ ਵਿੱਚ ਇਸਲਾਮਿਕ ਸਟੇਟ (ISIS) ਦੇ ਕਈ ਠਿਕਾਣਿਆਂ ‘ਤੇ ਵੱਡੇ ਪੱਧਰ ‘ਤੇ ਹਵਾਈ ਹਮਲੇ ਕੀਤੇ ਹਨ। ਇਹ ਕਾਰਵਾਈ ਆਪਰੇਸ਼ਨ ਹਾਕਆਈ ਸਟ੍ਰਾਇਕ ਤਹਿਤ ਕੀਤੀ ਗਈ, ਜਿਸਦਾ ਮਕਸਦ ਇਲਾਕੇ...

ਅਮਰੀਕੀ ਸੈਂਟ੍ਰਲ ਕਮਾਂਡ (CENTCOM) ਨੇ ਸੀਰੀਆ ਵਿੱਚ ਇਸਲਾਮਿਕ ਸਟੇਟ (ISIS) ਦੇ ਕਈ ਠਿਕਾਣਿਆਂ ‘ਤੇ ਵੱਡੇ ਪੱਧਰ ‘ਤੇ ਹਵਾਈ ਹਮਲੇ ਕੀਤੇ ਹਨ। ਇਹ ਕਾਰਵਾਈ ਆਪਰੇਸ਼ਨ ਹਾਕਆਈ ਸਟ੍ਰਾਇਕ ਤਹਿਤ ਕੀਤੀ ਗਈ, ਜਿਸਦਾ ਮਕਸਦ ਇਲਾਕੇ ਵਿੱਚ ਸਰਗਰਮ ਆਤੰਕੀ ਨੈੱਟਵਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਸੀ।
CENTCOM ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਹਮਲਾ ਅਮਰੀਕੀ ਸਮੇਂ ਮੁਤਾਬਕ ਦੁਪਹਿਰ ਕਰੀਬ 12:30 ਵਜੇ ਕੀਤਾ ਗਿਆ। ਇਨ੍ਹਾਂ ਹਮਲਿਆਂ ਦੌਰਾਨ ਸੀਰੀਆ ਦੇ ਵੱਖ-ਵੱਖ ਇਲਾਕਿਆਂ ਵਿੱਚ ਮੌਜੂਦ ISIS ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਅੱਤਵਾਦ ਖ਼ਿਲਾਫ਼ ਸਖ਼ਤ ਸੰਦੇਸ਼
CENTCOM ਮੁਤਾਬਕ ਇਹ ਮੁਹਿੰਮ ਆਤੰਕਵਾਦ ਖ਼ਿਲਾਫ਼ ਅਮਰੀਕਾ ਦੀ ਲਗਾਤਾਰ ਵਚਨਬੱਧਤਾ ਦਾ ਹਿੱਸਾ ਹੈ। ਇਸ ਕਾਰਵਾਈ ਦਾ ਉਦੇਸ਼ ਅਮਰੀਕੀ ਸੈਨਿਕਾਂ ਅਤੇ ਸਾਥੀ ਫੌਜਾਂ ‘ਤੇ ਹੋਣ ਵਾਲੇ ਆਤੰਕੀ ਹਮਲਿਆਂ ਨੂੰ ਰੋਕਣਾ, ਭਵਿੱਖ ਦੇ ਖ਼ਤਰਿਆਂ ਨੂੰ ਖ਼ਤਮ ਕਰਨਾ ਅਤੇ ਇਲਾਕੇ ਵਿੱਚ ਸੁਰੱਖਿਆ ਯਕੀਨੀ ਬਣਾਉਣਾ ਹੈ।
CENTCOM ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ, “ਜੋ ਕੋਈ ਵੀ ਸਾਡੇ ਸੈਨਿਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ, ਉਸਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚੋਂ ਲੱਭ ਕੇ ਖ਼ਤਮ ਕੀਤਾ ਜਾਵੇਗਾ।”
ਪਲਮਾਇਰਾ ਹਮਲੇ ਦੇ ਜਵਾਬ ਵਜੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ
ਆਪਰੇਸ਼ਨ ਹਾਕਆਈ ਸਟ੍ਰਾਇਕ ਦੀ ਸ਼ੁਰੂਆਤ 19 ਦਸੰਬਰ 2025 ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ ‘ਤੇ ਕੀਤੀ ਗਈ ਸੀ। ਇਹ ਫ਼ੈਸਲਾ 13 ਦਸੰਬਰ 2025 ਨੂੰ ਸੀਰੀਆ ਦੇ ਪਲਮਾਇਰਾ ਵਿੱਚ ਹੋਏ ISIS ਹਮਲੇ ਤੋਂ ਬਾਅਦ ਲਿਆ ਗਿਆ, ਜਿਸ ਵਿੱਚ ਦੋ ਅਮਰੀਕੀ ਸੈਨਿਕਾਂ ਅਤੇ ਇੱਕ ਅਮਰੀਕੀ ਨਾਗਰਿਕ ਦੀ ਮੌਤ ਹੋ ਗਈ ਸੀ।
ਮਾਰੇ ਗਏ ਸੈਨਿਕਾਂ ਦੀ ਪਛਾਣ ਆਇਓਵਾ ਨੇਸ਼ਨਲ ਗਾਰਡ ਦੇ 25 ਸਾਲਾ ਸਰਜੈਂਟ ਐਡਗਰ ਬ੍ਰਾਇਨ ਟੋਰੇਸ ਟੋਵਾਰ ਅਤੇ 29 ਸਾਲਾ ਸਰਜੈਂਟ ਵਿਲੀਅਮ ਨੈਥਾਨੀਅਲ ਹਾਵਰਡ ਵਜੋਂ ਹੋਈ ਸੀ। ਇਹ ਦੋਵੇਂ ਸੈਨਿਕ ਅਮਰੀਕਾ ਦੇ ਉਸ ਫੌਜੀ ਦਲ ਦਾ ਹਿੱਸਾ ਸਨ, ਜਿਸਨੂੰ ਇਸ ਸਾਲ ਦੀ ਸ਼ੁਰੂਆਤ ਵਿੱਚ ਮੱਧ ਪੂਰਬ ਵਿੱਚ ਤੈਨਾਤ ਕੀਤਾ ਗਿਆ ਸੀ।
CNN ਦੀ ਰਿਪੋਰਟ ਮੁਤਾਬਕ ਇਸ ਸੈਨਾ ਮੁਹਿੰਮ ਦੌਰਾਨ 90 ਤੋਂ ਵੱਧ ਸਟੀਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਅਤੇ ਕਰੀਬ 35 ਤੋਂ ਜ਼ਿਆਦਾ ਆਤੰਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਿਆਂ ਵਿੱਚ ਦੋ ਦਰਜਨ ਤੋਂ ਵੱਧ ਲੜਾਕੂ ਜਹਾਜ਼ ਸ਼ਾਮਲ ਰਹੇ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਆਪਰੇਸ਼ਨ ਇਨਹੇਰੈਂਟ ਰਿਜ਼ਾਲਵ ਤਹਿਤ ISIS ਨੂੰ ਪੂਰੀ ਤਰ੍ਹਾਂ ਹਰਾ ਦੇਣ ਦੀ ਰਣਨੀਤੀ ਦਾ ਹਿੱਸਾ ਹੈ। ਵਿਸ਼ੇਸ਼ਗਿਆਨਾਂ ਦੇ ਮਤਾਬਕ ਇਸ ਕਾਰਵਾਈ ਨਾਲ ਸੀਰੀਆ ਵਿੱਚ ਸਰਗਰਮ ਆਤੰਕੀ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਦੀਆਂ ਮੁਹਿੰਮਾਂ ਦੀ ਗਿਣਤੀ ਹੋਰ ਵਧ ਸਕਦੀ ਹੈ।






















