ਗਾਇਕ ਨੂੰ ਗਲਵੱਕੜੀ ਪਾਉਣ ਬਦਲੇ ਔਰਤ ਗ੍ਰਿਫਤਾਰ
ਰਿਆਧ: ਸਾਊਦੀ ਅਰਬ 'ਚ ਇਕ ਔਰਤ ਨੂੰ ਸਟੇਜ 'ਤੇ ਇੱਕ ਮਰਦ ਗਾਇਕ ਨੂੰ ਗਲਵੱਕੜੀ ਪਾਉਣ ਬਦਲੇ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਜਦੋਂ ਗਾਇਕ ਸਾਜਿਦ ਅਲ ਮੋਹਨਦਿਸ ਤਾਇਫ ਦੇ ਪੱਛਮੀ ਸ਼ਹਿਰ ਚ ਇੱਕ ਪ੍ਰੋਗਰਾਮ ਦੌਰਾਨ ਗਾ ਰਿਹਾ ਸੀ ਤਾਂ ਅਚਾਨਕ ਇੱਕ ਔਰਤ ਸਟੇਜ 'ਤੇ ਆ ਗਈ।
ਸਾਊਦੀ ਅਰਬ ਦੇ ਕਾਨੂੰਨ ਮੁਤਾਬਕ ਕੋਈ ਔਰਤ ਕਿਸੇ ਬੇਗਾਨੇ ਆਦਮੀ ਨੂੰ ਜਨਤਕ ਤੌਰ 'ਤੇ ਇਸ ਤਰ੍ਹਾਂ ਨਹੀਂ ਮਿਲ ਸਕਦੀ। ਇਸ ਦੋਸ਼ 'ਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਘਟਨਾ ਤੋਂ ਬਾਅਦ ਵੀ ਮੋਹਨਦਿਸ ਨੇ ਆਪਣਾ ਗਾਉਣਾ ਜਾਰੀ ਰੱਖਿਆ।
ਇਸ ਘਟਨਾ ਦੀ ਜਾਰੀ ਕੀਤੀ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਉਕਤ ਔਰਤ ਗਾਇਕ ਮੋਹਨਦਿਸ ਨੂੰ ਗਲਵੱਕੜੀ ਪਾ ਰਹੀ ਹੈ ਜਦਕਿ ਸਿਕਿਓਰਟੀ ਸਟਾਫ ਉਸਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜੇ ਪਾਸੇ ਮੋਹਨਦਿਸ ਵੱਲੋਂ ਇਸ ਘਟਨਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ।
ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪਿਛਲੇ ਸਾਲ ਹੀ ਔਰਤਾਂ ਦੇ ਜਨਤਕ ਪ੍ਰੋਗਰਾਮਾਂ 'ਚ ਹਿੱਸਾ ਲੈਣ ਦੀ ਪਾਬੰਦੀ ਨੂੰ ਖ਼ਤਮ ਕੀਤਾ ਸੀ। ਹਾਲ ਹੀ 'ਚ ਸਾਊਦੀ ਅਰਬ 'ਚ ਪਹਿਲੀ ਵਾਰ ਔਰਤਾਂ ਨੂੰ ਫੁੱਟਬਾਲ ਮੈਚ ਦੇਖਣ ਦੀ ਆਗਿਆ ਦਿੱਤੀ ਗਈ ਸੀ। ਪਿਛਲੇ ਮਹੀਨੇ ਹੀ ਉੱਥੋਂ ਦੀਆਂ ਔਰਤਾਂ ਨੂੰ ਡਰਾਇਵਿੰਗ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ ਹੈ। ਪਰ ਇਸ ਦੇ ਬਾਵਜੂਦ ਔਰਤਾਂ ਨੂੰ ਡਰੈੱਸ ਕੋਡ ਦੀ ਸਖਤੀ ਨਾਲ ਪਾਲਣਾ ਕਰਨੀ ਪੈਂਦੀ ਹੈ। ਮੋਹਨਦਿਸ ਨੂੰ ਗਲਵੱਕੜੀ ਪਾਉਣ ਵਾਲੀ ਔਰਤ ਨੇ ਨਕਾਬ ਪਹਿਨਿਆ ਹੋਇਆ ਸੀ।