06 ਨਵੰਬਰ 2021 ਦਾ ਮੁੱਖਵਾਕ
ਅੱਜ ਦਾ ਮੁੱਖਵਾਕ
ਸੋਰਠਿ ਮਹਲਾ ੪ ॥
ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਨ ਜਾਈ ॥ ਜਿਉ ਮਛੁਲੀ ਬਿਨੁ ਨੀਰੈ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ ॥੧॥ ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ ॥ ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ ਨਾਮੇ ਹੀ ਸਾਂਤਿ ਪਾਈ ॥ ਰਹਾਉ ॥ ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਨ ਜਾਈ ॥ ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ ॥੨॥ ਮਨਮੁਖ ਭੂਖੇ ਦਹ ਦਿਸ ਡੋਲਹਿ ਬਿਨੁ ਨਾਵੈ ਦੁਖੁ ਪਾਈ ॥ ਜਨਮਿ ਮਰੈ ਫਿਰਿ ਜੋਨੀ ਆਵੈ ਦਰਗਹ ਮਿਲੈ ਸਜਾਈ ॥੩॥ ਕਿ੍ਰਪਾ ਕਰਹਿ ਤਾ ਹਰਿ ਗੁਣ ਗਾਵਹ ਹਰਿ ਰਸੁ ਅੰਤਰਿ ਪਾਈ ॥ ਨਾਨਕ ਦੀਨ ਦਇਆਲ ਭਏ ਹੈ ਤ੍ਰਿਸਨਾ ਸਬਦਿ ਬੁਝਾਈ ॥੪॥੮॥
ਪੰਜਾਬੀ ਵਿਆਖਿਆ : ਸੋਰਠਿ ਮਹਲਾ ੪॥
ਹੇ ਭਾਈ! ਪਰਮਾਤਮਾ ਨਾਲ ਪਿਆਰ ਦੀ ਰਾਹੀਂ ਜਿਸ ਮਨੁੱਖ ਦਾ ਹਿਰਦਾ ਜਿਸ ਮਨੁੱਖ ਦਾ ਮਨ ਵਿੱਝ ਜਾਂਦਾ ਹੈ, ਉਹ ਪਰਮਾਤਮਾ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦਾ । ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ, ਤਿਵੇਂ ਉਹ ਮਨੁੱਖ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ।੧। ਹੇ ਮੇਰੇ ਪ੍ਰਭੂ! (ਮੈਨੂੰ ਆਪਣੀ) ਮੇਹਰ ਦਾ ਜਲ ਦੇਹ । ਹੇ ਹਰੀ! ਮੈਨੂੰ ਆਪਣੀ ਸਿਫ਼ਤਿਸਾਲਾਹ ਦੀ ਦਾਤਿ ਦੇਹ । ਮੈਂ ਆਪਣੇ ਹਿਰਦੇ ਵਿਚ ਦਿਨ ਰਾਤ ਤੇਰਾ ਨਾਮ (ਹੀ) ਮੰਗਦਾ ਹਾਂ (ਕਿਉਂਕਿ ਤ ੇਰੇ) ਨਾਮ ਵਿਚ ਜੁੜਿਆਂ ਹੀ ਆਤਮਕ ਠੰਡ ਪ੍ਰਾਪਤ ਹੋ ਸਕਦੀ ਹੈ ।ਰਹਾਉ। ਹੇ ਭਾਈ! ਜਿਵੇਂ ਵਰਖਾ-ਜਲ ਤੋਂ ਬਿਨਾ ਪਪੀਹਾ ਵਿਲਕਦਾ ਹੈ, ਵਰਖਾ ਦੀ ਬੂੰਦ ਤੋਂ ਬਿਨਾ ਉਸ ਦੀ ਤ੍ਰੇਹ ਨਹੀਂ ਮਿਟਦੀ, ਤਿਵੇਂ ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਤਦੋਂ ਪ੍ਰਭੂ ਦੀ ਬਰਕਤਿ ਨਾਲ ਆਤਮਕ ਜੀਵਨ ਵਾਲਾ ਬਣਦਾ ਹੈ ਜਦੋਂ ਉਹ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੇਣ ਵਾਲਾ ਨਾਮ-ਜਲ (ਗੁਰੂ ਪਾਸੋ) ਹਾਸਲ ਕਰਦਾ ਹੈ ।੨। ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੀ ਭੁੱਖ ਦੇ ਮਾਰੇ ਹੋਏ ਦਸੀਂ ਪਾਸੀਂ ਡੋਲਦੇ ਫਿਰਦੇ ਹਨ । ਮਨ ਦਾ ਮੁਰੀਦ ਮਨੁੱਖ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਦੁੱਖ ਪਾਂਦਾ ਰਹਿੰਦਾ ਹੈ। ਉਹ ਜੰਮਦਾ ਹੈ ਮਰਦਾ ਹੈ, ਮੁੜ ਮੁੜ ਜੂਨਾਂ ਵਿਚ ਪਿਆ ਰਹਿੰਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਉਸ ਨੂੰ (ਇਹ) ਸਜ਼ਾ ਮਿਲਦੀ ਹੈ।੩। ਹੇ ਹਰੀ! ਜੇ ਤੂੰ (ਆਪ) ਮੇਹਰ ਕਰੇਂ, ਤਾਂ ਹੀ ਅਸੀ ਜੀਵ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾ ਸਕਦੇ ਹਾਂ । (ਜਿਸ ਉੱਤੇ ਮੇਹਰ ਹੋਵੇ, ਉਹੀ ਮਨੁੱਖ) ਆਪਣੇ ਹਿਰਦੇ ਵਿਚ ਹਰਿਨਾਮ ਦਾ ਸੁਆਦ ਅਨੁਭਵ ਕਰਦਾ ਹੈ। ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਤ੍ਰੁੱਠਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ (ਮਾਇਆ ਦੀ) ਤ੍ਰੇਹ ਬੁਝਾ ਦੇਂਦਾ ਹੈ।੪।੮।