ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (27-09-2023)
ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥ ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥ ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭੁ ਹੇਰਾ ॥ ਸਤਿਗੁਰਿ ਦਇਆਲ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥
ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥ ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥ ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭੁ ਹੇਰਾ ॥ ਸਤਿਗੁਰਿ ਦਇਆਲ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥ ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥ ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥ ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥ ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥ ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥ ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥
ਹੇ ਭਾਈ! ਮੇਰਾ ਮਨ ਪਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ । ਗੁਰੂ (ਜਿਸ ਮਨੁੱਖ ਨੂੰ) ਜਿੰਦ ਦਾ ਪਿਆਰਾ ਪ੍ਰਭੂ ਮਿਲਾ ਦੇਂਦਾ ਹੈ, ਉਸ ਨੂੰ ਸੰਸਾਰ-ਸਮੁੰਦਰ ਵਿਚ ਮੁੜ ਨਹੀਂ ਆਉਣਾ ਪੈਂਦਾ ।੧।ਰਹਾਉ।ਹੇ ਭਾਈ! ਮੇਰੇ ਹਿਰਦੇ ਵਿਚ ਪ੍ਰਭੂ (ਦੇ ਮਿਲਾਪ) ਦੀ ਤਾਂਘ ਲੱਗੀ ਹੋਈ ਸੀ (ਮੇਰਾ ਜੀ ਕਰਦਾ ਸੀ ਕਿ) ਮੈਂ (ਆਪਣੀਆਂ) ਅੱਖਾਂ ਨਾਲ ਹਰੀ-ਪ੍ਰਭੂ ਨੂੰ ਵੇਖ ਲਵਾਂ । ਦਇਆਲ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ—ਇਹੀ ਹੈ ਹਰੀ-ਪ੍ਰਭੂ (ਨੂੰ ਮਿਲਣ) ਦਾ ਪੱਧਰਾ ਰਸਤਾ ।੧।ਹੇ ਭਾਈ! ਅਨੇਕਾਂ ਕੌਤਕਾਂ ਦੇ ਮਾਲਕ ਹਰੀ ਪ੍ਰਭੂ ਗੋਬਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ, ਉਸ ਦੇ ਹਿਰਦੇ ਵਿਚ, ਉਸ ਦੇ ਮਨ ਵਿਚ ਸਰੀਰ ਵਿਚ, ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਦੇ ਮੱਥੇ ਉੱਤੇ ਮੂੰਹ ਉੱਤੇ ਚੰਗਾ ਭਾਗ ਜਾਗ ਪੈਂਦਾ ਹੈ ।੨।ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਲੋਭ ਆਦਿਕ ਵਿਕਾਰਾਂ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਚੰਗਾ ਅਕਾਲ ਪੁਰਖ ਭੁੱਲਿਆ ਰਹਿੰਦਾ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਮੂਰਖ ਕਹੇ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝ ਆਖੇ ਜਾਂਦੇ ਹਨ । ਉਹਨਾਂ ਦੇ ਮੱਥੇ ਉਤੇ ਮੰਦੀ ਕਿਸਮਤ (ਉੱਘੜੀ ਹੋਈ ਸਮਝ ਲਵੋ) ।੩।ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰੋਂ ਲਿਖਿਆ ਚੰਗਾ ਭਾਗ ਉੱਘੜ ਪਿਆ, ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹਨਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ, ਉਹਨਾਂ ਨੇ ਪਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ ।੪।੧।