Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-12-2023)
ਸਲੋਕੁ ਮਹਲਾ ੨ ॥ ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥ ਮਹਲਾ ੨ ॥
ਸਲੋਕੁ ਮਹਲਾ ੨ ॥ ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥ ਮਹਲਾ ੨ ॥ ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥
ਪਦਅਰਥ:- ਨਾਲੇ—ਚਾਕਰੀ ਦੇ ਨਾਲ, ਭਾਵ, ਚਾਕਰੀ ਭੀ ਕਰੇ ਤੇ ਨਾਲੇ। ਗਾਰਬੁ—(ਸ਼ਬਦ ‘ਗਰਬੁ’ ਤੋਂ ਵਿਸ਼ੇਸ਼ਣ ਹੈ) ਗਰਬ ਵਾਲਾ, ਅਹੰਕਾਰ ਵਾਲਾ, ਅਹੰਕਾਰ-ਭਰਿਆ। ਵਾਦੁ—ਝਗੜਾ। ਸਾਦੁ—ਪ੍ਰਸੰਨਤਾ, ਖ਼ੁਸ਼ੀ। ਆਪੁ—ਆਪਣੇ ਆਪ ਨੂੰ, ਅਪਣੱਤ, ਹਉਮੈ, ਅਹੰਕਾਰ। ਤਾ—ਤਦੋਂ। ਜਿਸ ਨੋ ਲਗਾ—ਜਿਸ ਮਾਲਕ ਦੀ ਸੇਵਾ ਕਰਦਾ ਹੈ। ਤਿਸੁ—ਉਸ ਮਾਲਕ ਨੂੰ। ਲਗਾ ਸੋ—ਸੋ (ਮਨੁੱਖ) ਲੱਗਾ ਹੋਇਆ, ਸੋ ਲੱਗਾ ਹੋਇਆ ਮਨੁੱਖ, ਮਾਲਕ ਦੀ ਸੇਵਾ ਕਰਦਾ ਉਹ ਮਨੁੱਖ।1। ਪਦਅਰਥ:- ਜੀਇ—ਜੀਉ ਵਿਚ; ਜੀ ਵਿਚ, ਮਨ ਵਿਚ। ਮੁਹ ਕਾ ਕਹਿਆ—ਮੂੰਹ ਦਾ ਆਖਿਆ ਹੋਇਆ, ਜ਼ਬਾਨੀ ਆਖਿਆ ਹੋਇਆ ਬਚਨ। ਵਾਉ—ਹਵਾ, ਪੌਣ, ਭਾਵ, ਪੌਣ ਵਾਂਗ ਓਪਰਾ ਓਪਰਾ। ਵੇਖਹੁ ਏਹੁ ਨਿਆਉ—ਇਸ ਇਨਸਾਫ਼ ਨੂੰ ਵੇਖੋ; ਇਹ ਕਿਹੜੀ ਇਨਸਾਫ਼ ਦੀ ਗੱਲ ਹੈ? ਇਹ ਅਚਰਜ ਨਿਆਂ ਦੀ ਗੱਲ ਹੈ।2।
ਅਰਥ:- ਜੋ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਭੀ ਕਰੇ, ਤੇ ਨਾਲ ਨਾਲ ਆਪਣੇ ਮਾਲਕ ਅੱਗੇ ਆਕੜ ਦੀਆਂ ਗੱਲਾਂ ਭੀ ਕਰੀ ਜਾਏ ਅਤੇ ਇਹੋ ਜਿਹੀਆਂ ਬਾਹਰਲੀਆਂ ਗੱਲਾਂ ਮਾਲਕ ਦੇ ਸਾਮ੍ਹਣੇ ਕਰੇ, ਤਾਂ ਉਹ ਨੌਕਰ ਮਾਲਕ ਦੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ। ਮਨੁੱਖ ਆਪਣਾ ਆਪ ਮਿਟਾ ਕੇ (ਮਾਲਕ ਦੀ) ਸੇਵਾ ਕਰੇ ਤਾਂ ਹੀ ਉਸ ਨੂੰ (ਮਾਲਕ ਦੇ ਦਰ ਤੋਂ) ਕੁਝ ਆਦਰ ਮਿਲਦਾ ਹੈ, ਤਾਂ ਹੀ, ਹੇ ਨਾਨਕ! ਉਹ ਮਨੁੱਖ ਆਪਣੇ ਉਸ ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿਚ ਲੱਗਾ ਹੋਇਆ ਹੈ। (ਆਪਣਾ ਆਪ ਗੁਆ ਕੇ ਸੇਵਾ ਵਿਚ) ਲੱਗਾ ਹੋਇਆ ਮਨੁੱਖ ਹੀ (ਮਾਲਕ ਦੇ ਦਰ ਤੇ) ਕਬੂਲ ਹੁੰਦਾ ਹੈ।1। ਜੋ ਕੁਝ ਮਨੁੱਖ ਦੇ ਦਿਲ ਵਿਚ ਹੁੰਦਾ ਹੈ, ਉਹੀ ਪਰਗਟ ਹਂੁੰਦਾ ਹੈ, (ਭਾਵ, ਜਿਹੋ ਜਿਹੀ ਮਨੁੱਖ ਦੀ ਨੀਯਤ ਹੁੰਦੀ ਹੈ, ਤਿਹੋ ਜਿਹਾ ਉਸ ਨੂੰ ਫਲ ਲੱਗਦਾ ਹੈ), (ਜੇ ਅੰਦਰ ਨੀਯਤ ਕੁਝ ਹੋਰ ਹੋਵੇ, ਤਾਂ ਉਸ ਦੇ ਉਲਟ) ਮੂੰਹੋਂ ਆਖ ਦੇਣਾ ਵਿਅਰਥ ਹੈ। ਇਹ ਕੇਡੀ ਅਚਰਜ ਗੱਲ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ (ਭਾਵ, ਨੀਯਤ ਤਾਂ ਵਿਕਾਰਾਂ ਵਲ ਹੈ) (ਪਰ ਉਸ ਦੇ ਫਲ ਵਜੋਂ) ਮੰਗਦਾ ਅੰਮ੍ਰਿਤ ਹੈ।2।
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!