Maghi Mela 2024: ਮਾਘੀ ਮੇਲੇ 'ਚ ਪਹੁੰਚੇ 2-2 ਕਰੋੜ ਦੇ ਘੋੜੇ...
Maghi Mela 2024: ਅੱਜ 12 ਜਨਵਰੀ ਤੋਂ ਸ਼ੁਰੂ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਇੱਥੇ ਪਿਛਲੇ ਤਿੰਨ ਦਿਨਾਂ ਤੋਂ ਧਾਰਮਿਕ ਸਮਾਗਮ ਚੱਲ ਰਹੇ ਹਨ। ਨਿਹੰਗ ਸਿੰਘ 15 ਜਨਵਰੀ ਨੂੰ ਹੋਣ ਵਾਲੇ ਹੋਲਾ-ਮੁਹੱਲਾ ਵਿੱਚ ਗੱਤਕੇਬਾਜ਼ੀ ਤੇ ਘੋੜਿਆਂ ਦੀਆਂ ਦੌੜਾਂ ਦੇ ਕੌਤਕ ਦਿਖਾਉਣਗੇ।
Maghi Mela 2024: ਕੜਾਕੇ ਦੀ ਠੰਢ ਦੇ ਬਾਵਜੂਦ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਮੇਲੇ ਵਿੱਚ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ ਹਨ। ਅੱਜ 12 ਜਨਵਰੀ ਤੋਂ ਸ਼ੁਰੂ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ। ਇੱਥੇ ਪਿਛਲੇ ਤਿੰਨ ਦਿਨਾਂ ਤੋਂ ਧਾਰਮਿਕ ਸਮਾਗਮ ਚੱਲ ਰਹੇ ਹਨ। ਨਿਹੰਗ ਸਿੰਘ 15 ਜਨਵਰੀ ਨੂੰ ਹੋਣ ਵਾਲੇ ਹੋਲਾ-ਮੁਹੱਲਾ ਵਿੱਚ ਗੱਤਕੇਬਾਜ਼ੀ ਤੇ ਘੋੜਿਆਂ ਦੀਆਂ ਦੌੜਾਂ ਦੇ ਕੌਤਕ ਦਿਖਾਉਣਗੇ।
ਇਸ ਵਾਰ ਘੋੜਿਆਂ ਕਰਕੇ ਮਾਘੀ ਦਾ ਮੇਲਾ ਹੋਰ ਵੀ ਚਰਚਾ ਵਿੱਚ ਹੈ। ਹਾਸਲ ਜਾਣਕਾਰੀ ਮੁਤਾਬਕ ਮੇਲਾ ਮਾਘੀ ਮੌਕੇ ਲੱਗਣ ਵਾਲੀ ਕੌਮੀ ਘੋੜਾ ਮੰਡੀ ਵਿੱਚ ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ, ਰਾਜਸਥਾਨ, ਦਿੱਲੀ ਤੇ ਉਤਰ ਪ੍ਰਦੇਸ਼ ਵਰਗੇ ਸੂਬਿਆਂ ਤੋਂ ਘੋੜਾ ਪਾਲਕ ਤੇ ਵਪਾਰੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਹਨ। ਲੱਖਾਂ ਰੁਪਏ ਦੇ ਘੋੜਿਆਂ ਦੀ ਖਰੀਦੋ-ਫਰੋਖ਼ਤ ਹੋ ਰਹੀ ਹੈ। ਇੱਥੇ ਦੋ ਲੱਖ ਤੋਂ ਲੈ ਕੇ ਦੋ ਕਰੋੜ ਰੁਪਏ ਤੱਕ ਦੇ ਘੋੜੇ ਪਹੁੰਚੇ ਹਨ।
ਘੋੜਾ ਪਾਲਕ ਪਰਮਜੀਤ ਸਿੰਘ ਭਾਗਸਰ, ਗੁਰਮੇਲ ਪਟਵਾਰੀ ਤੇ ਜਗਦੇਵ ਸਿੰਘ ਤੁੱਲੇਵਾਲ ਹੋਰਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਕਿਸਾਨ ਸਹਾਇਕ ਧੰਦੇ ਵਜੋਂ ਘੋੜਾ ਪਾਲਣ ਦਾ ਕਿੱਤਾ ਅਪਣਾ ਰਹੇ ਹਨ। ਘੋੜਾ ਮੰਡੀ ਵਿੱਚ ਪਿੰਡ ਭਾਗਸਰ ਦੇ ਪਰਮਜੀਤ ਸਿੰਘ ਦੇ 70 ਇੰਚ ਕੱਦ ਦਾ ਨੁਕਰਾ ਘੋੜਾ ਦੀ ਖਿੱਚ ਬਣੀ ਹੋਈ ਹੈ।
ਇਸ ਦੌਰਾਨ ਪਰਮਜੀਤ ਸਿੰਘ ਨੇ ਦਾਅਵਾ ਕੀਤਾ ਕਿ ਇਸ ਕੱਦ-ਕਾਠ ਦਾ ਘੋੜਾ ਪੰਜਾਬ ਵਿੱਚ ਹੋਰ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਘੋੜੇ ਦਾ ਮੁੱਲ ਕਰੋੜਾਂ ਵਿੱਚ ਹੈ ਪਰ ਉਹ ਘੋੜੇ ਨੂੰ ਵੇਚਣ ਵਾਸਤੇ ਤਿਆਰ ਨਹੀਂ। ਇਸੇ ਤਰ੍ਹਾਂ ਮਾਰਵਾੜੀ ਨਸਲ ਦਾ ਆਲਮਗੀਰ ਘੋੜਾ ਵੀ ਖਿੱਚ ਦਾ ਕੇਦਰ ਬਣਿਆ ਹੋਇਆ ਹੈ। ਜ਼ਿਆਦਾ ਵਪਾਰ ਨੁਕਰਾ ਤੇ ਮਾਰਵਾੜੀ ਨਸਲ ਦੇ ਘੋੜਿਆਂ ਦਾ ਹੁੰਦਾ ਹੈ ਜਦਕਿ ਕਾਠਿਆਵਾੜ ਤੇ ਸਿੰਧੀ ਨਸਲ ਦੇ ਘੋੜੇ ਇਸ ਮੰਡੀ ਵਿੱਚ ਬਹੁਤ ਘੱਟ ਆਉਂਦੇ ਹਨ।
ਹਰਿਆਣਾ ਦੇ ਰਾਜਗੜ੍ਹ ਚੁਰੂ ਤੋਂ ਆਏ ਅਮਿਤ ਦੀ ਨੁਕਰਾ ਨਸਲ ਦੀ ਘੋੜੀ ਨੇ ਇਥੇ ਹੋਏ ਬਰੀਡ ਮੁਕਾਬਲਿਆਂ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਹੈ। ਦਾਦਰੀ ਤੋਂ ਆਏ ਘੋੜਾ ਵਪਾਰੀ ਰਵਿੰਦਰ ਕੱਲੂ ਨੇ ਕਿਹਾ ਕਿ ਉਨ੍ਹਾਂ ਕੋਲ ਮਾਰਵਾੜੀ ਨਸਲ ਦਾ ਘੋੜਾ ਹੈ ਜਿਸ ਦਾ ਦੋ ਕਰੋੜ ਰੁਪਏ ਮੁੱਲ ਲੱਗ ਗਿਆ ਹੈ ਪਰ ਉਹ ਇਸ ਘੋੜੇ ਨੂੰ ਸਿਰਫ਼ ਬੱਚਿਆਂ ਵਾਸਤੇ ਹੀ ਵਰਤਦੇ ਹਨ।
ਮੰਡੀ ਦੇ ਪ੍ਰਬੰਧਕ ਬੇਅੰਤ ਸਿੰਘ ਨੇ ਦੱਸਿਆ ਕਿ ਕਰੀਬ ਦੋ ਹਜ਼ਾਰ ਘੋੜੇ ਮੰਡੀ ਵਿੱਚ ਆ ਚੁੱਕੇ ਹਨ ਐਨੇ ਹੀ ਹੋਰ ਆਉਣ ਦੀ ਉਮੀਦ ਹੈ। ਇਹ ਮੰਡੀ 20 ਜਨਵਰੀ ਤੱਕ ਲੱਗੇਗੀ।