ਗੁਰੂ ਗੋਬਿੰਦ ਸਿੰਘ ਦਾ ਵਿਆਹ ਪੁਰਬ, ਬਾਰਾਤ ਰੂਪੀ ਕੀਰਤਨ ਭੋਰਾ ਸਾਹਿਬ ਤੋਂ ਗੁਰੂ ਕਾ ਲਾਹੌਰ ਲਈ ਹੋਇਆ ਰਵਾਨਾ
Guru Gobind Singh ji Viah Purab: ਗੁਰੂ ਗੋਬਿੰਦ ਸਿੰਘ ਦੇ ਵਿਆਹ ਪੁਰਬ ਸਬੰਧੀ ਬਾਰਾਤ ਰੂਪੀ ਕੀਰਤਨ ਭੋਰਾ ਸਾਹਿਬ ਤੋਂ ਗੁਰੂ ਕਾ ਲਾਹੌਰ ਲਈ ਰਵਾਨਾ
Guru Gobind Singh ji Viah Purab: ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਸਬੰਧੀ ਗੁਰੂ ਕੇ ਮਹਿਲ ਗੁਰਦੁਆਰਾ ਭੋਰਾ ਸਾਹਿਬ ਵਿਖੇ ਤਿੰਨ ਦਿਨਾਂ ਤੋਂ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਅੱਜ ਸਮਾਪਤੀ ਮੌਕੇ ਇੱਕ ਬਾਰਾਤ ਰੂਪੀ ਨਗਰ ਕੀਰਤਨ ਗੁਰਦੁਆਰਾ ਭੋਰਾ ਸਾਹਿਬ ਤੋਂ ਗੁਰੂ ਕਾ ਲਾਹੌਰ ਲਈ ਰਵਾਨਾ ਹੋਇਆ।
ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਪੰਜ ਨਿਸ਼ਾਨਚੀ ਸਿੰਘਾਂ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਕੋਨਿਆਂ ਤੋਂ ਹੁੰਦਾ ਹੋਇਆ ਬਾਰਾਤ ਰੂਪੀ ਨਗਰ ਕੀਰਤਨ ਗੁਰਦੁਆਰਾ ਸਿਹਰਾ ਸਾਹਿਬ ਲਈ ਰਵਾਨਾ ਹੋਇਆ।
ਜ਼ਿਕਰਯੋਗ ਹੈ ਕਿ ਭਾਰੀ ਬਾਰਸ਼ ਤੇ ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵੀ ਸੰਗਤਾਂ ਮੀਂਹ ਦੇ ਵਿੱਚ 'ਸਤਨਾਮ ਵਾਹਿਗੁਰੂ' ਦਾ ਜਾਪ ਕਰਦੀਆਂ ਹੋਈਆਂ ਬਾਰਾਤ ਰੂਪੀ ਨਗਰ ਕੀਰਤਨ ਗੁਰਦੁਆਰਾ ਸਿਹਰਾ ਸਾਹਿਬ ਪਹਿਲਾ ਪੜਾਅ ਵਿਖੇ ਆਪਣੀਆਂ ਮੋਟਰ ਗੱਡੀਆਂ ਤੇ ਪੈਦਲ ਪਹੁੰਚੀਆਂ ਜਿਸ ਤੋਂ ਬਾਅਦ ਮੁੜ ਦੂਜੇ ਪੜਾਅ ਲਈ ਗੁਰੂ ਕਾ ਲਾਹੌਰ ਜੋਕਿ ਹਿਮਾਚਲ ਵਿੱਚ ਪੈਂਦਾ ਹੈ, ਵਿਖੇ ਪਹੁੰਚ ਕੇ ਸਮਾਪਤ ਹੋਵੇਗਾ।
ਇਹ ਵੀ ਪੜ੍ਹੋ: Punjab News: ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਮਿਲਿਆ ਪਰ ਅਜੇ ਮਨਜ਼ੂਰ ਨਹੀਂ ਕੀਤਾ: ਸੰਧਵਾ
ਹਰ ਸਾਲ ਦੀ ਤਰ੍ਹਾਂ ਬਸੰਤ ਪੰਚਮੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਰ ਸੇਵਾ ਵਾਲੇ ਮਾਹਾਪੁਰਸ਼ਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ, ਜਿਸ ਦੇ ਵਿਚ ਭਾਂਤ ਭਾਂਤ ਤਰ੍ਹਾਂ ਦੀਆਂ ਮਠਿਆਈਆਂ ਦੇ ਲੰਗਰ ਲਗਾਏ ਜਾਂਦੇ ਹਨ।
ਖ਼ਾਸ ਗੱਲ ਇਹ ਵੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਬਾਬਾ ਸੁੱਚਾ ਸਿੰਘ ਵੱਲੋਂ ਗੁਰੂ ਸਾਹਿਬ ਦੇ ਵਿਆਹ ਪੁਰਬ ਮੌਕੇ ਦੇਸੀ ਘਿਓ ਦੇ ਲੰਗਰਾਂ ਤੇ ਦੇਸੀ ਘਿਓ ਦੀਆਂ ਮਠਿਆਈਆਂ ਦੇ ਪਕਵਾਨ ਬਣਾਏ ਜਾਂਦੇ ਹਨ, ਜੋਕਿ ਇਹ ਰੀਤ ਕਾਫ਼ੀ ਲੰਬੇ ਅਰਸੇ ਤੋਂ ਚੱਲਦੀ ਆ ਰਹੀ ਹੈ।
ਸ਼ਿਵਾਲਿਕ ਦੀਆਂ ਮਨਮੋਹਕ ਪਹਾੜੀਆਂ ਦੀ ਗੋਦ ਵਿੱਚ ਵਸਿਆ ਪਿੰਡ ਗੁਰੂ ਕਾ ਲਾਹੌਰ ਜੋ ਹਿਮਾਚਲ ਅਤੇ ਪੰਜਾਬ ਦੀ ਹੱਦ ਦੇ ਵਿੱਚ ਪੈਂਦਾ ਹੈ, ਵਿਖੇ ਪੂਰੀਆਂ ਰੌਣਕਾਂ ਨਾਲ ਇਹ ਵਿਆਹ ਪੁਰਬ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ।
ਜਿੱਥੇ ਅੱਜ ਨਗਰ ਕੀਰਤਨ ਦੇ ਰੂਪ ਚ ਬਰਾਤ ਸਜ਼ਾ ਕੇ ਗੁਰੂ ਸਾਹਿਬ ਦੇ ਵਿਆਹ ਪੁਰਬ ਨੂੰ ਮਨਾਇਆ ਜਾਂਦਾ ਹੈ ਉੱਥੇ ਹੀ ਕੱਲ ਬਸੰਤ ਪੰਚਮੀ ਵਾਲੇ ਦਿਨ ਹਿਮਾਚਲ ਦੀਆਂ ਰਮਣੀਕ ਪਹਾੜੀਆਂ ਚ ਲੱਖਾਂ ਦੀ ਗਿਣਤੀ ਚ ਸੰਗਤ ਨਤਮਸਤਕ ਹੋਣ ਲਈ ਪਹੁੰਚਣਗੀਆਂ।