Sri Harmandir Sahib ਨੂੰ ਕਿਵੇਂ ਚੜ੍ਹੀ ਸੁਨਹਿਰੀ ਪਰਤ? ਬੜਾ ਰੌਚਕ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੋਇਆ ਇਤਿਹਾਸਕ ਸਫਰ
ਸ੍ਰੀ ਹਰਿਮੰਦਰ ਸਾਹਿਬ ਸਣੇ ਹਰਿ ਕੀ ਪਉੜੀ ਛੋਟੀ ਪਰਕਰਮਾ, ਪੁਲ, ਦਰਸ਼ਨੀ ਡਿਊੜੀ ਤੇ ਸਰੋਵਰ ਦੀ ਵੱਡੀ ਪਰਕਰਮਾ ਵਿੱਚ ਸੰਗਮਰਮਰ, ਚਾਂਦੀ, ਸੋਨੇ ਤੇ ਗੱਚ, ਮੀਨਾਕਾਰੀ ਤੇ ਜੜ੍ਹਤ ਦਾ ਕੰਮ ਮਾਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ੁਰੂ ਹੋਇਆ। ਉਸ ਸਮੇਂ ਦੇ ਮਿਸਲਦਾਰ ਸਰਦਾਰਾਂ ਨੇ ਵੀ ਆਪਣੇ ਵਿੱਤ ਅਨੁਸਾਰ ਪੂਰਾ ਯੋਗਦਾਨ ਪਾਇਆ।
Sri Harmandir Sahib: ਜੇ ਹਰਿਮੰਦਰ ਇੱਕ ਸ਼ਮਾ ਹੈ ਤਾਂ ਸਿੱਖ ਪਰਵਾਨਾ ਹੈ, ਜੋ ਸ਼ਮਾ 'ਤੇ ਹੱਸ ਹੱਸ ਕੇ ਕੁਰਬਾਨ ਹੁੰਦਾ ਹੈ ਤੇ ਕਦੇ ਆਪਣੇ ਇਰਾਦਿਆਂ ‘ਚ ਡੋਲਦਾ ਨਹੀਂ। ਜੇ ਹਰਿਮੰਦਰ ਸਿੱਖ ਕੌਮ ਲਈ ਆਨ-ਸ਼ਾਨ ਤੇ ਗੌਰਵ ਦਾ ਪ੍ਰਤੀਕ ਹੈ ਤਾਂ ਸਿੱਖ ਇਸ ਗੌਰਵ ਦਾ ਅਣਿੱਖੜਵਾਂ ਅੰਗ ਹੈ। ਇਹ ਸੁੰਦਰ ਸਵਰਨ ਮੰਦਰ ਜਾਂ ਗੋਲਡਨ ਟੈਂਪਲ ਨਹੀਂ ਤੇ ਨਾ ਹੀ ਸੰਗਮਰਮਰੀ ਮੰਦਰ ਹੈ, ਇਹ ਤਾਂ ਸਗੋਂ “ਡਿੱਠੇ ਸਭੇ ਥਾਵ ਨਹੀਂ ਤੁਧੁ ਜੇਹਿਆ ਏ ” ਹੈ।
ਸ੍ਰੀ ਗੁਰੂ ਅਰਜਨ ਦੇਵ ਜੀ (Sri Guru Arjan Dev Ji) ਦੇ ਸਮੇਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਤੇ ਅਪ੍ਰੈਲ 1762 ਈਸਵੀ ਤੱਕ ਸਤਿਗੁਰਾਂ ਵੱਲੋਂ ਬਣਾਈ ਇਮਾਰਤ ਆਪਣੇ ਅਸਲੀ ਰੂਪ ਵਿੱਚ ਵਿੱਚ ਸਥਿਤ ਰਹੀ। ਕੁੱਪ ਰਹੀੜੇ ਦੇ ਵੱਡੇ ਘਲੂਘਾਰੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਵੱਲੋਂ ਇਸ ਮਹਾਨ ਅਸਥਾਨ 'ਤੇ ਤਲਾਅ ਨੂੰ ਮਿੱਟੀ ਨਾਲ ਭਰਵਾ ਦਿੱਤਾ ਤੇ ਨੀਹਾਂ ਹੇਠ ਬਾਰੂਦ ਰੱਖਵਾਂ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਉੱਡਾ ਦਿੱਤਾ। ਇਸ ਮਗਰੋਂ ਅਕਤੂਬਰ 1764 ਈ ‘ਚ ਜੱਸਾ ਸਿੰਘ ਆਹਲੂਵਾਲੀਆਂ ਦੇ ਹੱਥੋਂ ਦੁਬਾਰਾ ਹਰਿਮੰਦਰ ਸਾਹਿਬ ਦੀ ਨੀਂਹ ਰੱਖਾ ਉਸਾਰੀ ਸ਼ੁਰੂ ਕਰ ਦਿੱਤੀ ਗਈ।
ਸੋ ਜਦੋਂ ਖਾਲਸਾ ਰਾਜ (Khalsa Raj) ਪੂਰੇ ਜ਼ੋਬਨ 'ਤੇ ਆਇਆ ਤਾਂ ਹਰ ਸਿੱਖ ਦੀ ਇਹ ਆਸਥਾ ਸੀ ਕਿ ਆਪਣੇ ਕੇਂਦਰੀ ਧਾਰਮਿਕ ਅਸਥਾਨ 'ਤੇ ਸਭ ਤੋਂ ਕੀਮਤੀ ਵਸਤੂ ਭੇਟ ਕਰੇ ਤੇ ਉਸ ਵੇਲੇ ਦੀ ਸਭ ਤੋਂ ਕੀਮਤੀ ਵਸਤੂ ਸੋਨਾ ਸੀ। ਤਵਾਰੀਖ ਗਿਆਨੀ ਗਿਆਨ ਸਿੰਘ ਜੀ, ਸ਼੍ਰੋਮਣੀ ਕਮੇਟੀ ਦੇ ਰਿਕਾਰਡ ਤੇ ਲੰਮਾ ਸਮਾਂ ਇਸ ਮਹਾਨ ਅਸਥਾਨ 'ਤੇ ਗ੍ਰੰਥੀ, ਮੁੱਖ ਗ੍ਰੰਥੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੇ ਜਥੇਦਾਰ ਰਹੇ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਜੀ ਦੀਆਂ ਲਿਖਤਾਂ ਮੁਤਾਬਕ ਅੱਜ ਤੁਹਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਲੱਗੇ ਸੋਨੇ ਦਾ ਸਾਰਾ ਇਤਿਹਾਸ ਦੱਸਾਂਗੇ ਕਿ ਕਿਵੇਂ ਹਰੀ ਦੇ ਇਸ ਮੰਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਗੋਲਡਨ ਟੈਂਪਲ (Golden Temple) ਜਾਂ ਸਵਰਨ ਮੰਦਰ ਕਿਹਾ ਜਾਣ ਲੱਗਾ।
ਸ੍ਰੀ ਹਰਿਮੰਦਰ ਸਾਹਿਬ ਸਣੇ ਹਰਿ ਕੀ ਪਉੜੀ ਛੋਟੀ ਪਰਕਰਮਾ, ਪੁਲ, ਦਰਸ਼ਨੀ ਡਿਊੜੀ ਤੇ ਸਰੋਵਰ ਦੀ ਵੱਡੀ ਪਰਕਰਮਾ ਵਿੱਚ ਸੰਗਮਰਮਰ, ਚਾਂਦੀ, ਸੋਨੇ ਤੇ ਗੱਚ, ਮੀਨਾਕਾਰੀ ਤੇ ਜੜ੍ਹਤ ਦਾ ਕੰਮ ਮਾਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ੁਰੂ ਹੋਇਆ। ਉਸ ਸਮੇਂ ਦੇ ਮਿਸਲਦਾਰ ਸਰਦਾਰਾਂ ਨੇ ਵੀ ਆਪਣੇ ਵਿੱਤ ਅਨੁਸਾਰ ਪੂਰਾ ਯੋਗਦਾਨ ਪਾਇਆ। ਗਿਆਨੀ ਗਿਆਨ ਸਿੰਘ ਜੀ ਵੱਲੋਂ ਲਿਖੀ ਪੁਸਤਕ ਤਵਾਰੀਖ ਸ੍ਰੀ ਅੰਮ੍ਰਿਤਸਰ ਅਨੁਸਾਰ ਸਿੱਖ ਰਾਜ ਦੇ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਇਆ ਕੁੱਲ ਖਰਚ 64,11,000 ਦੇ ਕਰੀਬ ਬਣਦਾ ਹੈ ਜੋ ਸ੍ਰੀ ਹਰਿਮੰਦਰ ਸਾਹਿਬ ‘ਚ ਫਰਸ਼ ਤੇ ਕੰਧਾਂ ਉੱਪਰ ਲੱਗੇ ਸੰਗਮਰਮਰ ਤੋਂ ਇਲਾਵਾ ਸਿਰਫ ਸੋਨੇ ਚਾਂਦੀ ਤੇ ਨਿਕਾਸ਼ੀ ਆਦਿ ਉੱਪਰ ਖਰਚ ਹੋਈ ਮਾਇਆ ਦਾ ਹੀ ਹੈ।
ਕਿਹਾ ਜਾਂਦਾ ਹੈ ਕਿ ਮਾਹਾਰਾਜਾ ਰਣਜੀਤ ਸਿੰਘ (Maharaja Ranjit Singh) ਜਦੋਂ ਮੁਲਤਾਨ ਦੀ ਜੰਗ ਲੜਨ ਲਈ ਚਾਲੇ ਪਾਉਣ ਲੱਗੇ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਓ। ਉਨ੍ਹਾਂ ਉਸ ਸਮੇਂ ਦੇ ਹੈੱਡ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਪਾਸ ਮੋਰਚਾ ਫਤਿਹ ਹੋਣ ਦੀ ਅਰਦਾਸ ਕਰਨ ਹਿੱਤ ਬੇਨਤੀ ਕੀਤੀ। ਸਹਿਜ ਸੁਭਾਅ ਗਿਆਨੀ ਸੰਤ ਸਿੰਘ ਜੀ ਨੇ ਕਿਹਾ ਕਿ ਜੇ ਜੰਗ ਫਤਿਹ ਹੁੰਦੀ ਹੈ ਤਾਂ ਇੱਥੇ ਕੀ ਅਰਪਨ ਕਰੋਗੇ। ਮਾਹਾਰਾਜਾ ਦਾ ਜਵਾਬ ਸੀ ਜੋ ਕੁਝ ਵੀ ਪ੍ਰਾਪਤ ਹੋਇਆ, ਸਭ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦਾ ਜਿਸ ਪਿੱਛੋਂ ਉਨ੍ਹਾਂ ਸੋਨਾ ਲਵਾਉਣ ਦੀ ਸ਼ੁਰੂਆਤ ਕੀਤੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਉੱਪਰ ਅੱਜ ਵੀ ਅੰਕਿਤ ਹੈ ਕਿ ਗੁਰੂ ਸਾਹਿਬ ਜੀ ਨੇ ਪਰਮ ਸੇਵਕ ਸਿੱਖ ਜਾਣ ਕਰ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਮਾਹਾਰਾਜਾ ਰਣਜੀਤ ਸਿੰਘ 'ਤੇ ਦਯਾ ਕਰਕੇ ਕਰਾਈ। ਸ੍ਰੀ ਹਰਿਮੰਦਰ ਸਾਹਿਬ ਦੇ ਸੁਨਹਿਰੀ ਇਤਿਹਾਸ ‘ਚ ਦਰਜ ਹੈ ਕਿ ਮਾਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਪੰਜ ਲੱਖ ਰੁਪਏ ਦਾ ਸੋਨਾ ਗਿਆਨੀ ਸੰਤ ਸਿੰਘ ਜੀ ਦੇ ਸਪੁਰਦ ਕੀਤਾ ਜਿਨ੍ਹਾਂ ਨੇ ਆਪਣੇ ਵੱਲੋਂ ਮੁਹੰਮਦ ਯਾਰ ਖਾਂ ਮਿਸਤਰੀ ਨੂੰ ਇਮਾਰਤ ਸੁਨਿਹਰੀ ਕਰਨ ਲਈ ਨੀਅਤ ਕੀਤਾ।
ਇਸ ਤਰਾਂ ਸਭ ਤੋਂ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਦੀ ਛੱਤ ਤੇ ਫਿਰ ਚਾਰੇ ਬੰਗਲੇ ਸੁਨਿਹਰੀ ਕਰਨ ਦਾ ਹੁਕਮ ਹੋਇਆ ਜਿਨ੍ਹਾਂ ਵਿੱਚ ਦੱਖਣ ਪੱਛਮੀ ਬੰਗਲੇ ਉੱਪਰ ਹੁਕਮਾ ਸਿੰਘ ਚਿਮਨੀ ਨੇ ਸੋਨਾ ਚੜ੍ਹਾਇਆ। ਬਾਕੀ ਤਿੰਨ ਬੰਗਲਿਆਂ ਤੇ ਬੁਰਜੀਆਂ ਨੂੰ ਮਾਹਾਰਾਜਾ ਰਣਜੀਤ ਸਿੰਘ ਨੇ ਤਿੰਨ ਲੱਖ ਬਤਾਲੀ ਹਜ਼ਾਰ ਛੇ ਸੋ ਪੈਂਤੀ (342635) ਰੁਪਏ ਖਰਚ ਕੇ ਸੁਨਿਹਰੀ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਵੱਡੇ ਗੁਬੰਦ 'ਤੇ ਫਤਿਹ ਸਿੰਘ ਅਹਲੂਵਾਲੀਆਂ ਨੇ 250000 ਦਾ ਸੋਨਾ ਚੜ੍ਹਵਾਇਆ।
ਦੂਜੀ ਮੰਜ਼ਲ ਦੀਆਂ ਬਾਰੀਆਂ ਦੇ ਅੰਦਰਲੇ ਦਰਵਾਜੇ ਤੇ ਕੰਧਾਂ ਉੱਪਰ ਸੁਨਿਹਰੀ ਗੱਚ ਤੇ ਮੀਨਾਕਾਰੀ ਤੇ ਛੱਤਾਂ ਦੇ ਜੜਾਊ ਦਾ ਕੰਮ ਮਾਹਾਰਾਜਾ ਰਣਜੀਤ ਸਿੰਘ ਨੇ ਦੂਜੇ ਸਿੱਖ ਸਰਦਾਰਾਂ ਨਾਲ ਮਿਲ ਕੇ 80,000 ਰੁਪਏ ਖਰਚ ਕਰਕੇ ਕਰਵਾਇਆ। ਚੜ੍ਹਦੇ ਪਾਸੇ ਦੇ ਦਲਾਨ ਦੀ ਛੱਤ ਨੂੰ ਰਾਣੀ ਸਦਾ ਕੌਰ ਘਨਈਆ ਮਿਸਲ ਦੀ ਸਰਦਾਰਨੀ ਨੇ 1,75,300 ਰੁਪਏ ਖਰਚ ਕਰਕੇ ਸੁਨਿਹਰੀ ਕਰਵਾਇਆ। ਬਾਕੀ ਤਿੰਨ ਦਲਾਨਾਂ ਦੀ ਛੱਤ ਨੂੰ ਉਸੇ ਨਮੂਨੇ ਤਬਿਤ ਮਹਾਰਾਜਾ ਰਣਜੀਤ ਸਿੰਘ ਨੇ ਸੁਨਿਹਰੀ ਕਰਵਾਇਆ ਜਿਨ੍ਹਾਂ ਉਪਰ ਮਾਹਾਰਾਜਾ ਦਾ 5,35,332 ਰੁਪਏ ਖਰਚ ਆਇਆ।
ਪੌੜੀਆਂ ਵਾਲੇ ਪਾਸੇ ਦੀ ਛੱਤ ਮਾਹਾਰਾਜਾ ਰਣਜੀਤ ਸਿੰਘ ਨੇ ਸੁਨਿਹਰੀ ਬਣਵਾਈ। ਹਰਿਮੰਦਰ ਸਾਹਿਬ ਦੇ ਚੁਫੇਰੇ ਦੀਆਂ ਕੰਧਾਂ 'ਤੇ ਬਾਰਾਂ-ਬਾਰਾਂ ਫੁੱਟ ਉੱਚੇ ਲੱਗੇ ਸੰਗਮਰਮਰ ਤੋਂ ਉੱਪਰ ਅਠਾਰਾਂ ਅਠਾਰਾਂ ਫੁੱਟ ਜੰਗਲੇ ਸਮੇਤ, ਕਿੰਗਰੇ ਤੇ ਕਲਸਾਂ ਤੋਂ ਬਿਨਾ ਮਹਾਰਾਜਾ ਰਣਜੀਤ ਸਿੰਘ ਨੇ ਸੁਨਿਹਰੀ ਕਰਵਾਇਆ ਜਿਨ੍ਹਾਂ ਤੇ 65,000 ਹਜ਼ਾਰ ਰੁਪਏ ਖਰਚ ਆਇਆ। ਛੋਟੀ ਛੱਤ ਤੇ ਵਿਚਕਾਰਲੀ ਕੰਧ ਮਾਹਾਰਾਜਾ ਖੜਕ ਸਿੰਘ ਨੇ ਸੁਨਿਹਰੀ ਕਰਵਾਈ। ਉੱਤਰੀ ਪਾਸੇ ਦੀ ਛੱਤ ਭਾਈ ਰਾਮ ਸਿੰਘ ਪਿਸ਼ੌਰੀਏ ਨੇ ਸੁਨਿਹਰੀ ਕਰਵਾਈ। ਪੱਛਮ ਵੱਲ ਦੀ ਛੱਤ ਤੇ ਅੰਦਰੋਂ ਕੰਧ ਭਾਈ ਰਾਮ ਸਿੰਘ ਤੇ ਭਾਈ ਗੁਰਮੁੱਖ ਸਿੰਘ ਜੀ ਲੁਬਾਣੇ ਨੇ ਸੁਨਿਹਰੀ ਕਰਵਾਈ।
ਇਸੇ ਤਰ੍ਹਾਂ ਪੂਰਬੀ ਛੋਟੀ ਛੱਤ ਭਾਈ ਚੈਨ ਸਿੰਘ ਗੰਢ ਨੇ ਸੁਨਿਹਰੀ ਕਰਵਾਈ। ਵੱਡੇ ਗੁਬੰਦ ਦੇ ਹੇਠ ਚੌਹਾਂ ਕੋਣਾਂ ਤੇ ਚਾਰ ਛੋਟੀਆਂ ਗੁਬੰਦੀਆਂ 'ਤੇ ਉਨ੍ਹਾਂ ਚੌਹਾਂ ਵਿਚਕਾਰ ਹਰ ਪਾਸੇ ਨੌਂ-ਨੌਂ, ਕੁੱਲ਼ ਛੱਤੀ ਕਲਸ ਹਨ ਜਿਨ੍ਹਾ ਨੂੰ ਭਾਈ ਭਾਗ ਸਿੰਘ, ਫਤਹਿ ਸਿੰਘ ਆਹਲੂਵਾਲੀਆਂ ਨੇ ਸੁਨਿਹਰੀ ਕਰਵਾਇਆ। ਵੱਡੇ ਗੁਬੰਦ ਦੇ ਹੇਠਲੇ ਬਾਰ੍ਹਾਂ ਦਰਵਾਜਿਆਂ ਤੇ ਸੁਨਿਹਰੀ ਕੰਮ ਬਸੰਤ ਸਿੰਘ ਖੇੜੀ ਵਾਲੇ ਨੇ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦਾ ਚੁਫੇਰੇ ਅੱਗੇ ਵਧਿਆ ਛੱਜਾ ਤੇ ਜੰਗਲੇ ਦੇ ਉੱਪਰ ਬਣੇ ਛੋਟੇ ਗੁਬੰਦ ਜੋ ਗਿਣਤੀ ‘ਚ 58 ਹਨ, ਮਾਹਾਰਾਜਾ ਰਣਜੀਤ ਸਿੰਘ ਨੇ ਸੁਨਿਹਰੀ ਕਰਵਾਏ।
ਸ੍ਰੀ ਹਰਿਮੰਦਰ ਸਾਹਿਬ ਦੇ ਚਹੁੰ ਦਰਵਾਜਿਆਂ ਦੀਆਂ ਚਾਰ ਸੁਨਿਹਰੀ ਜੋੜੀਆਂ ਪੁਰਾਣੇ ਸਮੇਂ ਦੀਵਾਲੀ ਵੈਸਾਖੀ ਤੇ ਵੱਡੇ ਗੁਰਪੁਰਬਾਂ (ਹੁਣ ਸਿਰਫ ਪੰਜ ਵੱਡੇ ਗੁਰਪੁਰਬ) ਮੌਕੇ ਜਿੰਨਾ ਸਮਾਂ ਜਲੌਅ ਸੱਜਦਾ ਹੈ, ਓਨਾ ਸਮਾਂ ਸਜਾਉਣ ਵਾਸਤੇ ਸੁਨਹਿਰੀ ਜੋੜੀਆਂ ਤਿਆਰ ਕਰਵਾਈਆ ਗਈਆਂ ਜਿਨ੍ਹਾਂ ਵਿੱਚੋਂ ਇੱਕ ਜੋੜੀ ਮਾਹਾਰਾਜਾ ਰਣਜੀਤ ਸਿੰਘ, ਦੂਸਰੀ ਮਾਹਾਰਾਜਾ ਖੜਕ ਸਿੰਘ ਦੀ ਮਾਤਾ ਵੱਲੋਂ ਤੇ ਤੀਸਰੀ ਮਾਹਾਰਾਜਾ ਖੜਕ ਸਿੰਘ ਤੇ ਚੌਥੀ ਕੰਵਰ ਨੌਨਿਹਾਲ ਸਿੰਘ ਦੀ ਮਾਤਾ ਮਾਹਾਰਾਣੀ ਚੰਦ ਕੌਰ ਵੱਲੋਂ ਭੇਟ ਕੀਤੀਆਂ ਗਈਆਂ।
ਸਮੇਂ ਮੁਤਾਬਕ ਇਨ੍ਹਾਂ ‘ਚ ਹਰ ਇੱਕ ਜੋੜੀ ਉਪਰ ਚੌਦਾਂ ਹਜ਼ਾਰ 14,000 ਰੁਪਏ ਖਰਚ ਆਇਆ। ਇਹ ਸਾਰਾ ਕੰਮ ਗਿਆਨੀ ਸੰਤ ਸਿੰਘ ਰਾਹੀਂ ਮਿਸਤਰੀ ਮੁਹੰਮਦ ਯਾਰ ਖਾਂ ਦੀ ਨਿਗਰਾਨੀ ‘ਚ ਹੋਇਆ। ਗਿਆਨੀ ਸੰਤ ਸਿੰਘ ਦੇ ਦੇਹਾਂਤ ਤੋਂ ਬਾਅਦ ਇਹ ਕੰਮ ਉਨ੍ਹਾਂ ਦੇ ਸਪੁੱਤਰ ਭਾਈ ਗੁਰਮੁਖ ਸਿੰਘ ਦੇ ਸਪੁਰਦ ਹੋਇਆ ਜਿਸ ਰਾਹੀ ਪੰਜ ਲੱਖ ਪੈਂਤੀ ਹਜ਼ਾਰ ਦਾ ਸੋਨਾ ਖਰਚ ਹੋਇਆ। ਜੋੜੀਆਂ ਉਪਰ ਸੋਨੇ ਦਾ ਸਾਰਾ ਕੰਮ ਮੁਹੰਮਦ ਯਾਰ ਖਾਂ ਮਿਸਤਰੀ ਦੇ ਪੁੱਤਰ ਅੱਲਾ ਯਾਰ ਖਾਂ ਨੇ ਕੀਤਾ। ਇਸ ਦੇ ਇਵਜ਼ ‘ਚ ਮਾਹਾਰਾਜਾ ਰਣਜੀਤ ਸਿੰਘ ਨੇ ਤਿੰਨ ਸੌ ਰੁਪਏ ਦੀ ਕੀਮਤ ਦੇ ਸੋਨੇ ਦੇ ਕੜਿਆਂ ਦੀ ਜੋੜੀ ਤੇ ਸੌ ਰੁਪਿਆ ਨਕਦ ਬਤੌਰ ਇਨਾਮ ਦਿੱਤਾ।
ਸ੍ਰੀ ਹਰਿਮੰਦਰ ਸਾਹਿਬ ਦੀ ਤੀਜੀ ਮੰਜਲ ‘ਤੇ ਚੋਬੀ ਝੰਡਾ ਸੀ ਪਰ ਸੰਮਤ 1893 ਬਿਕਰਮੀ ‘ਚ ਲਾਲਾ ਰਾਮ ਕਿਸ਼ਨ ਦਾਸ ਤੇ ਲਾਲ ਚੰਦ ਖੱਤਰੀ ਨੇ ਚੋਬੀ ਝੰਡੇ ਉੱਪਰ ਸੁਨਿਹਰੀ ਕੰਮ ਦਿੱਤਾ। ਇਤਿਹਾਸਕ ਹਵਾਲਿਆਂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੀਆਂ ਛੱਤਾਂ ਸਿੱਖ ਸਰਦਾਰਾਂ ਨੇ ਪਹਿਲਾਂ ਚਾਂਦੀ ਦੀਆਂ ਬਣਾਈਆਂ। ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਦੋ ਪਾਸਿਆਂ ਦੀਆਂ ਛੱਤਾਂ ਤਾਰਾ ਸਿੰਘ ਗੈਬਾ ਨੇ ਚਾਂਦੀ ਦੀਆਂ ਬਣਾਈਆਂ ਤੇ ਮੀਨਾਕਾਰੀ ਕਰਵਾਈ। ਤੀਜੇ ਪਾਸੇ ਦੀ ਛੱਤ ਪ੍ਰਤਾਪ ਸਿੰਘ ਤੇਜੱਸਾ ਸਿੰਘ ਤੇ ਇਸੇ ਤਰ੍ਹਾਂ ਚੌਥੇ ਪਾਸੇ ਦੀ ਛੱਤ ਗੰਡਾ ਸਿੰਘ ਪਿਸ਼ੌਰੀਏ ਨੇ ਤਿਆਰ ਕਰਵਾਈ।
ਸ੍ਰੀ ਹਰਿਮੰਦਰ ਸਾਹਿਬ ਦੇ ਚੌਂਕ ਤੇ ਹਰਿ ਕੀ ਪਉੜੀ ਦੀਆਂ ਚਾਂਦੀ ਦੀਆਂ ਛੱਤਾਂ ਮਹਾਰਾਜਾ ਰਣਜੀਤ ਸਿੰਘ ਤੇ ਮਾਹਾਰਾਜਾ ਖੜਕ ਸਿੰਘ ਨੇ ਤਿਆਰ ਕਰਵਾਈਆਂ। ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਨੇ ਦਰਬਾਰ ਸਾਹਿਬ ਦੀ ਸੇਵਾ ਦਾ ਕੰਮ ਉਸੇ ਤਰ੍ਹਾਂ ਜਾਰੀ ਰੱਖਿਆ। ਉਨ੍ਹਾਂ ਪੰਜਾਹ ਹਜ਼ਾਰ ਦੇ ਸੰਗਮਰਮਰ ਨਾਲ ਪੰਜ ਸੌ ਕਾਰੀਗਰ ਤੇ ਅੱਠ ਸੌ ਮਜਦੂਰਾਂ ਨੂੰ ਲਾ ਕੇ ਬੜੀ ਕੋਸ਼ਿਸ਼ ਤੇ ਪਿਆਰ ਨਾਲ ਦਰਸ਼ਨੀ ਡਿਉੜੀ ਤੋਂ ਅਕਾਲ ਬੁੰਗੇ ਤੱਕ ਦਾ ਚੌਂਕ, ਫੁਆਰਾ, ਫਰਸ਼, ਥੰਮ, ਘੜਿਆਲ ਤੇ ਬੁੰਗਾ ਤਿਆਰ ਕਰਵਾਇਆ।
ਉਨ੍ਹਾ ਦਿਨਾਂ ‘ਚ ਹੀ ਦਰਬਾਰ ਸਾਹਿਬ ਦੀ ਬਾਕੀ ਸੇਵਾ ਕੰਵਰ ਨੌਨਿਹਾਲ ਸਿੰਘ ਦੀ ਮਰਜੀ ਨਾਲ ਹੁੰਦੀ ਰਹੀ। ਕੰਵਰ ਸਾਹਿਬ ਦਾ ਵਿਚਾਰ ਬਣ ਚੁੱਕਾ ਸੀ ਕਿ ਇਸੇ ਤਰ੍ਹਾਂ ਦੀ ਪ੍ਰਕਰਮਾ ਤੇ ਇਸੇ ਤਰ੍ਹਾਂ ਦਾ ਦਰਬਾਰ ਤਰਨ ਤਾਰਨ ਸਾਹਿਬ ‘ਚ ਵੀ ਤਿਆਰ ਕੀਤਾ ਜਾਵੇ। ਮਾਹਾਰਾਜਾ ਖੜਕ ਸਿੰਘ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਦੇ ਗੁਰਪੁਰੀ ਸਿਧਾਰ ਜਾਣ ਤੋਂ ਬਾਅਦ ਕੰਵਰ ਸਾਹਿਬ ਦੀ ਮਾਤਾ ਮਾਹਾਰਾਣੀ ਚੰਦ ਕੌਰ ਨੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ।
ਮਾਹਾਰਾਜਾ ਸ਼ੇਰ ਸਿੰਘ ਦੇ ਚਲਾਣੇ ਪਿੱਛੋਂ ਰਾਜਾ ਹੀਰਾ ਸਿੰਘ ਨੇ ਕੁਝ ਧਿਆਨ ਨਾ ਦਿੱਤਾ। ਇਸ ਤਰ੍ਹਾਂ ਇਹ ਸੇਵਾ ਦਾ ਕੰਮ ਇੱਕ ਸਾਲ ਤੱਕ ਬੰਦ ਰਿਹਾ। 1843 ‘ਚ ਰਾਜਾ ਹੀਰਾ ਸਿੰਘ ਦੇ ਮਾਰੇ ਜਾਣ ਤੋਂ ਪਿੱਛੋਂ ਜਵਾਹਰ ਸਿੰਘ ਨੇ ਭਾਈ ਪ੍ਰਦੁਮਨ ਸਿੰਘ ਗਿਆਨੀ ਰਾਹੀਂ ਫੇਰ ਸੇਵਾ ਸ਼ੁਰੂ ਕਰ ਦਿੱਤੀ ਤੇ 75,000 ਹਜ਼ਾਰ ਦੀ ਜਾਗੀਰ ਤੋਂ ਛੁੱਟ ਹੋਰ ਖਰਚੇ ਆਦਿ ਲਈ ਪੰਜ ਹਜ਼ਾਰ ਸਾਲਾਨਾ ਸ੍ਰੀ ਹਰਿਮੰਦਰ ਸਾਹਿਬ ਦੀ ਮੁਰੰਮਤ ਵਾਸਤੇ ਸਦਾ ਲਈ ਲਾ ਦਿੱਤਾ। 1849 ‘ਚ ਅੰਗ੍ਰੇਜ਼ ਸਰਕਾਰ ਵੇਲੇ ਵੀ ਇਹ ਕੰਮ ਉਸੇ ਤਰ੍ਹਾਂ ਜਾਰੀ ਰਿਹਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ‘ਚ ਆਉਣ ਤੋਂ ਬਾਅਦ ਕਿਸੇ ਵਿਸ਼ੇਸ਼ ਸੇਵਾ ਦੀ ਲੋੜ ਨਾ ਮਹਿਸੂਸ ਹੋਈ ਪਰ ਦੋ ਨਕਾਸ਼ਾਂ ਦੀ ਡਿਊਟੀ ਜ਼ਰੂਰ ਸੀ ਜੋ ਚਿੱਤਰਕਾਰੀ ਦੇ ਕੰਮ ਵਿੱਚ ਮੁਰੰਮਤ ਕਰਦੇ ਰਹਿੰਦੇ। ਲਗਪਗ 1955 ਈ ਤੋਂ ਬਾਅਦ ਗੱਚ ਤੇ ਨਕਾਸ਼ੀ ਦੇ ਸਾਰੇ ਹਿੱਸੇ ਨਵੇਂ ਬਣਾਉਣੇ ਸ਼ੁਰੂ ਕੀਤੇ ਕਿਉ ਕਿ ਪਹਿਲੇ ਕੰਮ ਦਾ ਰੰਗ ਫਿੱਕਾ ਪੈ ਚੁੱਕਾ ਸੀ। ਯਾਤਰੂਆਂ ਦੇ ਕੰਧਾਂ ਉੱਪਰ ਹੱਥ ਲਾਉਣ ਕਰਕੇ ਚਿੱਤਰਾਂ ਦੀਆਂ ਸ਼ਕਲਾਂ ਘਸ ਚੁੱਕੀਆਂ ਸਨ।
ਮਾਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਲੱਗਾ ਹੋਇਆ ਸੋਨਾ ਕਾਫੀ ਮੈਲਾ ਹੋ ਗਿਆ ਸੀ। 1965 ਈ ‘ਚ ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸੋਨੇ ਨੂੰ ਧੋਣ ਦਾ ਫੈਸਲਾ ਕਰ ਲਿਆ। ਸੋਨਾ ਧੋਣ ਦਾ ਮਸਾਲਾ ਲਾ ਕੇ ਸੁੱਚੇ ਤੇ ਪਵਿੱਤਰ ਜਲ ਨਾਲ ਸਾਰਾ ਸੋਨਾ ਧੋਤਾ ਗਿਆ। ਸੋਨੇ ‘ਚ ਚਮਕ ਤਾਂ ਆਈ ਪਰ ਬਾਅਦ ‘ਚ ਉਹ ਚਮਕ ਮੱਧਮ ਹੋਣੀ ਸ਼ੁਰੂ ਹੋ ਗਈ, ਮਾਹਿਰਾਂ ਦੀ ਰਾਏ ਤੋਂ ਪਤਾ ਲੱਗਾ ਕੇ ਸੋਨੇ ਦੀ ਧੁਆਈ ਸਮੇਂ ਵਰਤਿਆ ਗਿਆ ਮਸਾਲਾ ਠੀਕ ਨਹੀਂ ਸੀ ਜਿਸ ਨੇ ਤਾਂਬੇ ਦੇ ਪੱਤਰਿਆਂ ਤੇ ਚਾੜ੍ਹਿਆ ਹੋਇਆ ਸੋਨਾ ਲਾਹ ਦਿੱਤਾ।
ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਦੌਰਾਨ ਦੁਬਾਰਾ ਸੋਨਾ ਚੜ੍ਹਾਉਣ ਦੀ ਵਿਚਾਰ ਹੋਈ ਜਿਸ ਦੀ ਸੇਵਾ ਸੰਤ ਕਰਤਾਰ ਸਿੰਘ ਜੀ ਠੱਟੇ ਟਿੱਬੇ ਵਾਲਿਆਂ ਨੂੰ ਸੌਪੀਂ ਜਿਨ੍ਹਾਂ ਨੇ ਇਹ ਸੇਵਾ ਤਨਦੇਹੀ ਨਾਲ ਨਿਭਾਈ। 1984 ਦੇ ਘਲੂਘਾਰੇ ਦੇ ਸਮੇਂ ਸੀਆਰਪੀ ਦੀਆਂ ਗੋਲੀਆਂ ਨਾਲ ਉਪਰੀ ਮੰਜ਼ਲ ਦੀਆਂ ਬਾਰੀਆਂ ਉੱਪਰ ਕਾਫੀ ਨਿਸ਼ਾਨ ਲੱਗੇ। ਗੋਲੀਆਂ ਨਾਲ ਪੱਤਰੇ ਜਰੂਰ ਉਖੜ ਗਏ ਸਨ ਪਰ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਿਆ। ਸੋ ਕਾਲੀ ਗਰਜ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਸੋਨੇ ਨੂੰ ਦੁਬਾਰਾ ਧੁਆਇਆ ਗਿਆ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੋਨੇ ਦੀ ਸੇਵਾ ਵਿੱਚ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਯੂਕੇ ਵਾਲਿਆਂ ਦਾ ਵੀ ਬਹੁਤ ਵੱਡਾ ਤੇ ਅਹਿਮ ਯੋਗਦਾਨ ਰਿਹਾ। 1995 ਤੋਂ ਲੈ ਕੇ ਮਾਰਚ 1999 ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ 12 ਲੇਅਰ ਤੋਂ ਦੁੱਗਣਾ ਕਰਕੇ 24 ਤੋਂ 26 ਲੇਅਰ ਦੇ ਨਾਲ ਸੋਨਾ ਲਵਾਇਆ ਗਿਆ ਜੋ 200 ਸਾਲ ਤੱਕ ਟਿਕ ਸਕਦਾ ਹੈ ਜਿਸ ਲਈ ਬਕਾਇਦਾ ਇੰਗਲੈਂਡ ਤੋਂ ਟੈਸਟਿੰਗ ਹੋਈ ਤੇ ਖੁਦ ਵਿਗਿਆਨੀਆਂ ਨੇ ਦਰਬਾਰ ਸਾਹਿਬ ਵਿਸਟ ਕੀਤਾ। ਹੁਣ ਵੀ ਹਰ ਸਾਲ ਨਿਸ਼ਕਾਮ ਸੇਵਕ ਜਥੇ ਵੱਲੋਂ ਰੀਠਿਆਂ ਦੇ ਨਾਲ ਬੜੀ ਸ਼ਰਧਾ ਭਾਵਨਾ ਨਾਲ ਹਰਮਿੰਦਰ ਸਾਹਿਬ ਦੀ ਧੁਆਈ ਕੀਤੀ ਜਾਂਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904