Sri Anandpur Sahib: ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੇ ਸਾਂਭਿਆ ਅਹੁਦਾ, ਮਾਨ ਸਰਕਾਰ ਨੂੰ ਕੀਤੀ ਤਾੜਨਾ
ਇਕੱਤਰ ਹੋਈਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਤੇ ਇੱਕ ਸੁਨੇਹਾ ਦੇਣ ਦੀ ਲੋੜ ਕਿ ਕੋਈ ਵੀ ਸਿੱਖਾਂ ਦੇ ਮਸਲੇ ਵਿੱਚ ਸਰਕਾਰ ਦਖਲ ਨਹੀਂ ਦੇ ਸਕਦੀ
Sri Anandpur Sahib: ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਦੀ ਸੇਵਾ ਸੰਭਾਲ ਦਾ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ ਜਿਸ ਵਿੱਚ ਕਈ ਸਿੱਖ ਜਥੇਬੰਦੀਆਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ , ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਦਲਜੀਤ ਚੀਮਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਵੀ ਹਾਜ਼ਿਰ ਰਹੇ।
ਇਜਲਾਸ 'ਚ ਲਏ ਜਾਣਗੇ ਅਹਿਮ ਫ਼ੈਸਲੇ
ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜਥੇਦਾਰ ਨੂੰ ਦਸਤਾਰ ਵੀ ਭੇਂਟ ਕੀਤੀ ਗਈ । ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਵਿਧਾਨ ਸਭਾ ਵਿੱਚ ਸਿੱਖੀ ਸਰੂਪ 'ਤੇ ਕੀਤੇ ਕਟਾਕਸ਼ ਲਈ ਪੰਜਾਬ ਸਰਕਾਰ ਨੂੰ ਘੇਰਿਆ। ਇਸ ਮੌਕੇ ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਕੱਲ੍ਹ ਹੋਣ ਵਾਲੇ ਇਜਲਾਸ ਵਿੱਚ ਅਹਿਮ ਫੈਸਲੇ ਲਏ ਜਾਣਗੇ।
ਮੁੱਖ ਮੰਤਰੀ ਕੀਤਾ ਜਾਵੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ
ਇਸ ਦੌਰਾਨ ਇਕੱਤਰ ਹੋਈਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਤੇ ਇੱਕ ਸੁਨੇਹਾ ਦੇਣ ਦੀ ਲੋੜ ਕਿ ਕੋਈ ਵੀ ਸਿੱਖਾਂ ਦੇ ਮਸਲੇ ਵਿੱਚ ਸਰਕਾਰ ਦਖਲ ਨਹੀਂ ਦੇ ਸਕਦੀ । ਉਨ੍ਹਾਂ ਕਿਹਾ ਕਿ ਚੈਨਲ ਸ਼ੁਰੂ ਕਰਨਾ ਜਾਂ ਨਾ ਕਰਨਾ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਹੈ , ਸਰਕਾਰ ਦੀ ਦਖਲ ਅੰਦਾਜ਼ੀ ਬੇਲੋੜੀ ਹੈ । ਇਸ ਮੌਕੇ ਇਕੱਠੀਆਂ ਹੋਈਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਿੱਖਾਂ 'ਤੇ ਹਮਲਾ ਹੋ ਰਿਹਾ ਹੈ ਤੇ ਇਸਦਾ ਜਵਾਬ ਵੀ ਦਿੱਤਾ ਜਾਵੇਗਾ । ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਪੱਸ਼ਟ ਕੀਤਾ ਕਿ ਕੱਲ੍ਹ ਹੋਣ ਵਾਲੇ ਇਜਲਾਸ ਵਿੱਚ ਕਈ ਅਹਿਮ ਫੈਸਲੇ ਲਏ ਜਾਣਗੇ।
ਸਿੱਖ ਦੇ ਪਤਤਪੁਣੇ ਨੂੰ ਰੋਕਣ ਲਈ ਕਰਾਂਗੇ ਯਤਨ-ਜਥੇਦਾਰ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਅੰਮ੍ਰਿਤ ਸੰਚਾਰ ਦੀ ਲਹਿਰ ਰਾਹੀਂ ਧਰਮ ਦਾ ਪ੍ਰਚਾਰ ਕੀਤਾ ਜਾਵੇਗਾ ਤੇ ਸਿੱਖਾਂ ਵਿੱਚ ਹੋ ਰਹੇ ਪਤਤਪੁਣੇ ਨੂੰ ਠੱਲ੍ਹ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖੀ ਸਰੂਪ ਵਾਲਿਆਂ 'ਤੇ ਕਟਾਕਸ਼ ਕਰਨ ਵਾਲਿਆਂ ਤੇ 5 ਸਿੰਘ ਸਾਹਿਬਾਨ ਮੀਟਿੰਗ ਕਰਕੇ ਫੈਸਲਾ ਲੈਣਗੇ ਤੇ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਠੇ ਹੋਣ ਦੀ ਗੱਲ ਆਖੀ ।