ਖਰਾਬ ਮੌਸਮ ਤੇ ਬਰਫਬਾਰੀ ਦੇ ਬਾਵਜੂਦ 37,000 ਤੋਂ ਵੱਧ ਸ਼ਰਧਾਲੂ ਨੇ ਕੀਤੇ ਹੇਮਕੁੰਟ ਸਾਹਿਬ ਦੇ ਦਰਸ਼ਨ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਵਾਸਤੇ ਗੁਰਦੁਆਰੇ ਦੇ ਕਿਵਾੜ ਸੰਗਤ ਵਾਸਤੇ 20 ਮਈ ਨੂੰ ਖੋਲ੍ਹੇ ਗਏ ਸਨ।
Hemkund Sahib Yatra 2023: ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਿਰੰਤਰ ਬਰਫਬਾਰੀ ਦੇ ਬਾਵਜੂਦ ਯਾਤਰਾ ਲਈ ਸ਼ਰਧਾਲੂਆਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀਂ ਆਈ। ਸਾਲਾਨਾ ਯਾਤਰਾ ਦੇ ਆਰੰਭ ਹੋਣ ਤੋਂ ਲਗਪਗ ਤਿੰਨ ਹਫਤਿਆਂ ਦੌਰਾਨ ਹੁਣ ਤੱਕ 37 ਹਜ਼ਾਰ ਤੋਂ ਵੱਧ ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ।
ਇਹ ਖੁਲਾਸਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਵਾਸਤੇ ਗੁਰਦੁਆਰੇ ਦੇ ਕਿਵਾੜ ਸੰਗਤ ਵਾਸਤੇ 20 ਮਈ ਨੂੰ ਖੋਲ੍ਹੇ ਗਏ ਸਨ। ਲਗਪਗ ਤਿੰਨ ਹਫ਼ਤਿਆਂ ਦੇ ਇਸ ਸਮੇਂ ਦੌਰਾਨ ਹੁਣ ਤੱਕ 37,407 ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉੱਤਰਾਖੰਡ ਵਿੱਚ ਸਥਾਪਤ ਸਾਰੇ ਧਾਮਾਂ ਵਿਚੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਭ ਤੋਂ ਵਧੇਰੇ ਉਚਾਈ 15,200 ਫੁੱਟ ਉੱਤੇ ਸਥਿਤ ਹੈ। ਬਿੰਦਰਾ ਨੇ ਕਿਹਾ ਕਿ ਇਸ ਵਾਰ ਖਰਾਬ ਮੌਸਮ ਤੇ ਬਰਫਬਾਰੀ ਦੇ ਚੱਲਦਿਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਹਨ ਜਿਸ ਦੇ ਬਾਵਜੂਦ ਸ਼ਰਧਾਲੂਆਂ ਦੇ ਉਤਸ਼ਾਹ ਵਿਚ ਕੋਈ ਕਮੀ ਨਹੀਂ ਆਈ ਤੇ ਯਾਤਰੂਆਂ ਦੇ ਉਤਸ਼ਾਹ ਸਦਕਾ ਇਹ ਯਾਤਰਾ ਨਿਰੰਤਰ ਜਾਰੀ ਹੈ।
ਇਸ ਦੌਰਾਨ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਅਤੇ ਅਟਲਾਕੋਟੀ ਗਲੇਸ਼ੀਅਰ ਵਾਲੇ ਇਲਾਕੇ ਵਿੱਚ ਲਗਪਗ ਰੋਜ਼ ਹੀ ਹਲਕੀ ਬਰਫ਼ਬਾਰੀ ਹੋ ਰਹੀ ਹੈ। ਗੁਰਦੁਆਰੇ ਦੇ ਕਰਮਚਾਰੀਆਂ ਵੱਲੋਂ ਬਰਫ ਹਟਾ ਕੇ ਰਸਤਾ ਸਾਫ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯਾਤਰੂਆਂ ਦੀ ਸਹੂਲਤ ਲਈ ਹੈਲੀਕਾਪਟਰ ਸੇਵਾ ਵੀ ਨਿਰੰਤਰ ਚੱਲ ਰਹੀ ਹੈ।
ਹਾਸਲ ਵੇਰਵਿਆਂ ਮੁਤਾਬਕ ਜੂਨ ਮਹੀਨੇ ਵਿਚ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਹੋਣ ਤੋਂ ਬਾਅਦ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਸ਼ਰਧਾਲੂਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।