Vaisakhi 2024: ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜ਼ਾ ਲੱਗੇ ਪਾਸਪੋਰਟ ਕੀਤੇ ਪ੍ਰਾਪਤ, 13 ਅਪ੍ਰੈਲ ਨੂੰ ਸਵੇਰੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਹੋਵੇਗਾ ਜੱਥਾ
13 ਅਪ੍ਰੈਲ ਨੂੰ ਸਵੇਰੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜੱਥਾ ਰਵਾਨਾ ਹੋਵੇਗਾ। ਇਸ ਦੇ ਲਈ ਸਾਰੀਆਂ ਤਿਆਰੀ ਪੂਰੀ ਹੋ ਚੁੱਕੀਆਂ ਹਨ। ਜਿਨ੍ਹਾਂ ਸ਼ਰਧਾਲੂਆਂ ਦੇ ਵੀਜ਼ੇ ਲੱਗੇ ਹਨ, ਉਨ੍ਹਾਂ ਨੇ ਅੱਜ ਸ਼੍ਰੋਮਣੀ ਕਮੇਟੀ ਦਫਤਰ ਤੋਂ ਆਪਣੇ ਵੀਜ਼ਾ ਲੱਗੇ ਪਾਸਪੋਰਟ
Punjab News: ਹਾਲ ਦੇ ਵਿੱਚ ਹੀ ਪਾਕਿਸਤਾਨ ਨੇ ਭਾਰਤ ਦੇ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਹਨ। ਜਿਸ ਨਾਲ ਉਹ 13 ਅਪ੍ਰੈਲ ਤੋਂ 22 ਅਪ੍ਰੈਲ ਤੱਕ ਪਾਕਿਸਤਾਨ ਵਿਚ ਹੋਣ ਵਾਲੇ ਸਾਲਾਨਾ ਵਿਸਾਖੀ ਤਿਉਹਾਰ ਵਿਚ ਹਿੱਸਾ ਲੈ ਸਕਦੇ ਹਨ। ਖਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ 13 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਸਵੇਰੇ 8:30 ਵਜੇ ਰਵਾਨਾ ਹੋਣਗੇ। ਜਿਨ੍ਹਾਂ ਸ਼ਰਧਾਲੂਆਂ ਦੇ ਵੀਜੇ ਲੱਗੇ ਹਨ, ਉਨ੍ਹਾਂ ਨੇ ਅੱਜ ਸ਼੍ਰੋਮਣੀ ਕਮੇਟੀ ਦਫਤਰ ਤੋਂ ਆਪਣੇ ਵੀਜ਼ਾ ਲੱਗੇ ਪਾਸਪੋਰਟ ਪ੍ਰਾਪਤ ਕੀਤੇ।
ਸ਼ਰਧਾਲੂਆਂ ਨੂੰ ਵੀਜ਼ਾ ਲੱਗੇ ਪਾਸਪੋਰਟ ਵੰਡੇ ਗਏ
ਸ਼੍ਰੋਮਣੀ ਕਮੇਟੀ ਵੱਲੋਂ ਜਥੇ ਦੀ ਅਗਵਾਈ ਮੈਂਬਰ ਸ. ਕੁਲਵੰਤ ਸਿੰਘ ਮੰਨਣ ਨੂੰ ਸੌਂਪੀ ਗਈ ਹੈ, ਜਦਕਿ ਉਨ੍ਹਾਂ ਨਾਲ ਜੱਥੇ ਦੇ ਡਿਪਟੀ ਲੀਡਰ ਵਜੋਂ ਅੰਤ੍ਰਿੰਗ ਮੈਂਬਰ ਸ. ਅਮਰਜੀਤ ਸਿੰਘ ਭਲਾਈਪੁਰ ਅਤੇ ਮੈਂਬਰ ਸ. ਰਵਿੰਦਰ ਸਿੰਘ ਖਾਲਸਾ ਜਾਣਗੇ। ਅੱਜ ਸ਼ਰਧਾਲੂਆਂ ਨੂੰ ਵੀਜਾ ਲੱਗੇ ਪਾਸਪੋਰਟ ਵੰਡਣ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਕਿਹਾ ਕਿ ਪਾਕਿਸਤਾਨ ’ਚ ਰਹਿ ਗਏ ਸਿੱਖ ਗੁਰਧਾਮਾਂ ਦੇ ਦਰਸ਼ਨਾ ਦੀ ਹਰ ਸਿੱਖ ਦੇ ਮਨ ਅੰਦਰ ਤਾਂਘ ਹੁੰਦੀ ਹੈ ਅਤੇ ਜੱਥੇ ਵਿਚ ਜਾ ਰਹੇ ਸ਼ਰਧਾਲੂਆਂ ਅੰਦਰ ਉਤਸ਼ਾਹ ਤੇ ਖੁਸ਼ੀ ਹੋਣਾ ਕੁਦਰਤੀ ਹੈ।
13 ਅਪ੍ਰੈਲ ਨੂੰ ਸਵੇਰੇ ਸੰਗਤਾਂ ਨੂੰ ਰਵਾਨਾ ਕੀਤਾ ਜਾਵੇਗਾ
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਥੇ ਲਈ ਹਰ ਤਰ੍ਹਾਂ ਦੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ ਅਤੇ 13 ਅਪ੍ਰੈਲ ਨੂੰ ਸਵੇਰੇ ਸੰਗਤ ਨੂੰ ਪੰਥਕ ਰਵਾਇਤਾਂ ਅਨੁਸਾਰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 1525 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 596 ਸ਼ਰਧਾਲੂਆਂ ਨੂੰ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੇ ਵੀਜ਼ੇ ਜਾਰੀ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਵੀਜ਼ੇ ਕੱਟਣ ਨਾਲ ਗੁਰਧਾਮਾਂ ਦੇ ਦਰਸ਼ਨਾ ਦੀ ਤਾਂਘ ਰੱਖਣ ਵਾਲੇ ਸ਼ਰਧਾਲੂਆਂ ਦੇ ਮਨਾ ਨੂੰ ਠੇਸ ਪੁੱਜੀ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਖੁੱਲਦਿਲੀ ਨਾਲ ਵੀਜ਼ੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਧਾਲੂ ਅੱਜ ਪਾਸਪੋਰਟ ਲੈਣ ਨਹੀਂ ਆ ਸਕੇ ਉਹ ਜੱਥੇ ਦੀ ਰਵਾਨਗੀ ਤੋਂ ਪਹਿਲਾਂ ਆਪਣੇ ਪਾਸਪੋਰਟ ਪ੍ਰਾਪਤ ਕਰਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਸੁਪਰਡੈਂਟ ਸ. ਨਿਸ਼ਾਨ ਸਿੰਘ, ਯਾਤਰਾ ਵਿਭਾਗ ਦੇ ਇੰਚਾਰਜ ਸ. ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।