ਕੌਣ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ? ਜਾਣੋ ਜੀਵਨ ਦਾ ਹਰ ਪੱਖ
Guru Nanak Dev Ji: ਸ਼੍ਰੀ ਗੁਰੂ ਨਾਨਕ ਦੇਵ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਤੇ ਮਾਤਾ ਦਾ ਨਾਂ ‘ਤ੍ਰਿਪਤਾ ਜੀ’ ਸੀ। ਉਨ੍ਹਾਂ ਦੀ ਵੱਡੀ ਭੈਣ ਬੀਬੀ ਨਾਨਕੀ ਸੀ। ਬੀਬੀ ਨਾਨਕੀ ਗੁਰੂ ਨਾਨਕ ਦੇਵ ਜੀ ਨਾਲੋਂ ਪੰਜ ਸਾਲ ਵੱਡੇ ਸਨ।
Guru Nanak Dev Ji: ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖ ਪੰਥ ਦੇ ਮੋਢੀ ਸਨ। ਉਨ੍ਹਾਂ ਦਾ ਜਨਮ ਪਿੰਡ ਤਲਵੰਡੀ ਵਿੱਚ ਵੈਸਾਖ ਸੁਦੀ 3, ਸੰਮਤ 1526 ਨੂੰ ਹੋਇਆ। ਪ੍ਰਵਿਸ਼ਟਾ ਮਹੀਨਾ ਵੈਸਾਖ ਦੀ 20 ਤਰੀਕ ਸੀ। ਈਸਵੀ 1469 ਮਹੀਨਾ ਅਪ੍ਰੈਲ ਦੀ 15 ਤਰੀਕ ਸੀ। ਤਲਵੰਡੀ ਦਾ ਪਹਿਲਾ ਨਾਮ ‘ਰਾਇਪੁਰ’ ਸੀ, ਫਿਰ ‘ਰਾਇ ਭੋਇ ਦੀ ਤਲਵੰਡੀ’ ਨਾਮ ਪ੍ਰਸਿੱਧ ਹੋਇਆ। ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣ ਕਰਕੇ ਹੁਣ ਇਸ ਦਾ ਨਾਮ ‘ਨਨਕਾਣਾ ਸਾਹਿਬ’ ਹੈ।
ਸ਼੍ਰੀ ਗੁਰੂ ਨਾਨਕ ਦੇਵ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਤੇ ਮਾਤਾ ਦਾ ਨਾਂ ‘ਤ੍ਰਿਪਤਾ ਜੀ’ ਸੀ। ਉਨ੍ਹਾਂ ਦੀ ਵੱਡੀ ਭੈਣ ਬੀਬੀ ਨਾਨਕੀ ਸੀ। ਬੀਬੀ ਨਾਨਕੀ ਗੁਰੂ ਨਾਨਕ ਦੇਵ ਜੀ ਨਾਲੋਂ ਪੰਜ ਸਾਲ ਵੱਡੇ ਸਨ। ਸੱਤ ਸਾਲ ਦੀ ਉਮਰੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਪਹਿਲਾਂ ਉਨ੍ਹਾਂ ਨੂੰ ਗੋਪਾਲ ਪੰਡਿਤ ਪਾਸ ਹਿੰਦੀ ਪੜ੍ਹਨ ਤੇ ਫੇਰ ਬ੍ਰਿਜ ਲਾਲ ਪੰਡਿਤ ਪਾਸ ਸੰਸਕ੍ਰਿਤ ਪੜ੍ਹਨ ਭੇਜਿਆ। ਜਦੋਂ ਸਤਿਗੁਰੂ ਜੀ ਦੀ ਉਮਰ ਤੇਰ੍ਹਾਂ ਸਾਲਾਂ ਦੀ ਹੋਈ ਤਾਂ ਉਨ੍ਹਾਂ ਨੂੰ ਤਲਵੰਡੀ ਦੇ ਮੌਲਵੀ ਕੁਤਬੁੱਦੀਨ ਪਾਸ ਫ਼ਾਰਸੀ ਪੜ੍ਹਨ ਲਈ ਭੇਜਿਆ ਗਿਆ। ਗੁਰੂ ਨਾਨਕ ਦੇਵ ਜੀ ਦੀ ਅੱਤ ਉੱਚੇ ਦਰਜੇ ਦੀ ਤੀਖਣ ਬੁੱਧੀ ਨੂੰ ਵੇਖ ਕੇ ਉਨ੍ਹਾਂ ਦੇ ਉਸਤਾਦ ਬੜੇ ਹੈਰਾਨ ਹੋਏ।
ਤਕਰੀਬਨ ਹਰੇਕ ਧਰਮ ਅਨੁਸਾਰ ਮਨੁੱਖ ਦੇ ਦੋ ਜਨਮ ਮਿੱਥੇ ਗਏ ਹਨ। ਇੱਕ ਸਰੀਰਕ ਜਨਮ, ਜੋ ਹਰੇਕ ਜੀਵ ਨੂੰ ਆਪਣੀ ਮਾਂ ਤੋਂ ਮਿਲਦਾ ਹੈ ਤੇ ਦੂਜਾ ਆਤਮਕ ਜਨਮ, ਜਿਸ ਦੀ ਪ੍ਰਾਪਤੀ ਵਾਸਤੇ ਖ਼ਾਸ ਉਮਰ ਉਤੇ ਪਹੁੰਚ ਕੇ ਧਾਰਮਿਕ ਮਰਿਆਦਾ ਕਰਨੀ ਪੈਂਦੀ ਹੈ। ਹਿੰਦੀ ਰਵਾਇਤਾਂ ਅਨੁਸਾਰ ਬ੍ਰਾਹਮਣ, ਖੱਤਰੀ ਤੇ ਵੈਸ਼ ਵਾਸਤੇ ਆਤਮਕ ਜਨਮ ਦੀ ਪ੍ਰਾਪਤੀ ਦੀ ਖ਼ਾਤਰ ਜਨੇਊ ਪਹਿਣਨ ਦੀ ਮਰਿਆਦਾ ਹੈ ਪਰ ਗੁਰੂ ਨਾਨਕ ਦੇਵ ਦੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕੁੜਮਾਈ ਵੈਸਾਖ ਵਦੀ 1, ਸੰਮਤ 1542 ਨੂੰ ਹੋਈ। ਸੂਰਜ ਦੇ ਹਿਸਾਬ ਵੈਸਾਖ ਦੀ ੫ ਤਰੀਕ ਸੀ। ਉਸ ਵੇਲੇ ਉਨ੍ਹਾਂ ਦੀ ਉਮਰ 16 ਸਾਲਾਂ ਦੀ ਸੀ। ਨਗਰ ਬਟਾਲੇ ਦੇ ਰਹਿਣ ਵਾਲੇ ਮੂਲ ਚੰਦ ਜੀ ਨੇ ਆਪਣੀ ਲੜਕੀ ਸੁਲੱਖਣੀ ਜੀ ਦਾ ਸਾਕ ਦਿੱਤਾ। ਇਹ ਸਾਕ ਗੁਰੂ ਨਾਨਕ ਦੇਵ ਜੀ ਦੇ ਭਣਵਈਏ ਭਾਈ ਜੈ ਰਾਮ ਜੀ ਦੀ ਰਾਹੀਂ ਹੋਇਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ 24 ਜੇਠ 1544 ਸੰਮਤ ਨੂੰ ਹੋਇਆ। ਉਸ ਵੇਲੇ ਉਨ੍ਹਾਂ ਦੀ ਉਮਰ 18 ਸਾਲਾਂ ਦੀ ਹੋ ਚੁੱਕੀ ਸੀ। ਜੰਞ ਬਟਾਲੇ ਗਈ ਸੀ।
1499 ਈ: ਵਿੱਚ ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇਸ਼-ਵਿਦੇਸ਼ ਦੀ ਲੰਬੀ ਯਾਤਰਾ ‘ਤੇ ਨਿਕਲ ਪਏ। ਗੁਰੂ ਦੇਵ ਜੀ ਨੇ ਕੁੱਲ 21 ਸਾਲ ਇਨ੍ਹਾਂ ਉਦਾਸੀਆਂ ਜਾਂ ਯਾਤਰਾਵਾਂ ਵਿਚ ਬਤੀਤ ਕੀਤੇ। ਇਨ੍ਹਾਂ ਉਦਾਸੀਆਂ ਦਾ ਉਦੇਸ਼ ਲੋਕਾਂ ਵਿਚ ਫੈਲੀ ਅਗਿਆਨਤਾ ਨੂੰ ਦੂਰ ਕਰਨਾ ਤੇ ਇਕ ਪਰਮਾਤਮਾ ਦੀ ਅਰਾਧਨਾ ਦਾ ਪ੍ਰਚਾਰ ਕਰਨਾ ਸੀ।
ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ। ਆਪ ਦੀਆਂ ਹੇਠ ਬਾਣੀਆਂ ਜਪੁਜੀ ਸਾਹਿਬ, ਆਸਾ ਦੀ ਵਾਰ, ਮਾਝ ਦੀ ਵਾਰ, ਮਲ੍ਹਾਰ ਦੀ ਵਾਰ, ਦੱਖਣੀ ਓਅੰਕਾਰ, ਸਿੱਧ ਗੋਸ਼ਟਿ ਤੇ ਬਾਰਹਮਾਹ ਤੁਖ਼ਾਰੀ ਪ੍ਰਸਿੱਧ ਹਨ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਸਾਨੂੰ ਕਈ ਬੋਲੀਆਂ ਦੀ ਵਰਤੋਂ ਮਿਲਦੀ ਹੈ। ਦੇਸ਼ਾਂ-ਦੇਸ਼ਾਂਤਰਾਂ ਵਿਚ ਘੁੰਮਣ ਕਰਕੇ ਉਨ੍ਹਾਂ ਦੀ ਰਚਨਾ ਵਿਚ ਕਈ ਇਲਾਕਿਆਂ ਤੇ ਬੋਲੀਆਂ ਦੇ ਸ਼ਬਦ ਰੂਪ ਮਿਲਦੇ ਹਨ।
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬੜੀਆਂ ਸਾਦਾ, ਪਰ ਪ੍ਰਭਾਵਸ਼ਾਲੀ ਸਨ। ਗੁਰੂ ਜੀ ਅਨੁਸਾਰ ਪਰਮਾਤਮਾ ਇਕ ਹੈ। ਉਹ ਇਸ ਸੰਸਾਰ ਦਾ ਰਚਣਹਾਰ, ਪਾਲਣਹਾਰ ਤੇ ਨਾਸ਼ ਕਰਨ ਵਾਲਾ ਹੈ। ਉਹ ਨਿਰਾਕਾਰ ਤੇ ਸਰਵਵਿਆਪਕ ਹੈ। ਉਨ੍ਹਾਂ ਅਨੁਸਾਰ ਮਾਇਆ ਮਨੁੱਖ ਦੇ ਰਸਤੇ ਵਿਚ ਆਉਣ ਵਾਲੀ ਸਭ ਤੋਂ ਵੱਡੀ ਰੁਕਾਵਟ ਹੈ। ਹਉਮੈ ਮਨੁੱਖ ਦੇ ਸਭ ਦੁੱਖਾਂ ਦਾ ਮੂਲ ਕਾਰਨ ਹੈ। ਗੁਰੂ ਜੀ ਨੇ ਜਾਤ ਪ੍ਰਥਾ ਤੇ ਖੋਖਲੇ ਰੀਤੀ-ਰਿਵਾਜਾਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਗੁਰੂ ਜੀ ਨੇ ਇਸਤਰੀਆਂ ਨੂੰ ਸਮਾਜ ਵਿੱਚ ਸਨਮਾਨ ਯੋਗ ਸਥਾਨ ਦੇਣ ਲਈ ਆਵਾਜ਼ ਉਠਾਈ। ਉਨ੍ਹਾਂ ਨੇ ਨਾਮ ਜਪਣ ‘ਤੇ ਖ਼ਾਸ ਜ਼ੋਰ ਦਿੱਤਾ। ਉਨ੍ਹਾਂ ਨੇ ਗੁਰੂ ਨੂੰ ਮੁਕਤੀ ਤਕ ਲੈ ਜਾਣ ਵਾਲੀ ਅਸਲ ਪੌੜੀ ਦੱਸਿਆ।
ਗੁਰੂ ਨਾਨਕ ਦੇਵ ਜੀ 22 ਸਤੰਬਰ , 1539 ਈ : ਨੂੰ ਜੋਤੀ-ਜੋਤ ਸਮਾ ਗਏ। ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ।