IPL 14: 29 ਮਈ ਨੂੰ ਬੀਸੀਸੀਆਈ ਦਾ ਵੱਡਾ ਐਲਾਨ, ਹੁਣ ਸਾਹਮਣੇ ਇਹ ਮੁਸ਼ਕਲ
ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਨੂੰ ਮਈ ਦੇ ਪਹਿਲੇ ਹਫ਼ਤੇ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਜਦੋਂ ਬਹੁਤ ਸਾਰੇ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟਾਂ ਅਨੁਸਾਰ ਬੀਸੀਸੀਆਈ ਸਤੰਬਰ-ਅਕਤੂਬਰ 'ਚ ਯੂਏਈ ਵਿੱਚ ਸੀਜ਼ਨ-14 ਦੇ ਬਾਕੀ 31 ਮੈਚਾਂ ਦਾ ਆਯੋਜਨ ਕਰੇਗੀ। ਮਿਲੀ ਜਾਣਕਾਰੀ ਅਨੁਸਾਰ ਬੀਸੀਸੀਆਈ 29 ਮਈ ਨੂੰ ਹੋਣ ਵਾਲੀ ਵਿਸ਼ੇਸ਼ ਆਮ ਬੈਠਕ ਤੋਂ ਬਾਅਦ ਆਈਪੀਐਲ ਸੀਜ਼ਨ-14 ਦੇ ਮੁੜ ਤੋਂ ਸ਼ੁਰੂ ਹੋਣ ਬਾਰੇ ਅਧਿਕਾਰਤ ਐਲਾਨ ਕਰੇਗੀ।
ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਨੂੰ ਮਈ ਦੇ ਪਹਿਲੇ ਹਫ਼ਤੇ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਜਦੋਂ ਬਹੁਤ ਸਾਰੇ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਕ੍ਰਿਕਬਜ਼ ਦੀ ਰਿਪੋਰਟ ਦੇ ਅਨੁਸਾਰ ਲੀਗ ਦੀ ਸ਼ੁਰੂਆਤ ਯੂਏਈ 'ਚ 16 ਅਤੇ 20 ਸਤੰਬਰ ਦੇ ਵਿਚਕਾਰ ਕੀਤੀ ਜਾ ਸਕਦੀ ਹੈ। 14ਵੇਂ ਸੀਜ਼ਨ ਦਾ ਆਖਰੀ ਮੈਚ 9 ਜਾਂ 10 ਅਕਤੂਬਰ ਨੂੰ ਖੇਡਿਆ ਜਾਵੇਗਾ।
ਟੀ20 ਵਰਲਡ ਕੱਪ ਇਸ ਸਾਲ ਅਕਤੂਬਰ-ਨਵੰਬਰ 'ਚ ਹੋਣਾ ਹੈ। ਆਈਪੀਐਲ ਦਾ ਆਯਜੋਨ ਕਰਨ ਲਈ ਬੀਸੀਸੀਆਈ ਕੋਲ ਸਿਰਫ਼ 20 ਤੋਂ 22 ਦਿਨਾਂ ਦੀ ਵਿੰਡੋ ਹੈ। ਬੀਸੀਸੀਆਈ ਸੀਜ਼ਨ ਨੂੰ ਪੂਰਾ ਕਰਨ ਲਈ 10 ਡਬਲ ਹੈਡਰ ਮੈਚਾਂ ਦਾ ਆਯੋਜਨ ਕਰ ਸਕਦਾ ਹੈ।
ਯੂਏਈ 'ਚ ਆਯੋਜਨ ਹੋਣਾ ਤੈਅ
ਇਹ ਪੂਰੀ ਤਰ੍ਹਾਂ ਪੱਕਾ ਹੈ ਕਿ ਬੀਸੀਸੀਆਈ ਭਾਰਤ 'ਚ ਸੀਜ਼ਨ-14 ਵਾਪਸ ਲਿਆਉਣ ਦਾ ਜ਼ੋਖਮ ਨਹੀਂ ਲਵੇਗੀ। ਬੀਸੀਸੀਆਈ ਪਿਛਲੇ ਸਾਲ ਯੂਏਈ 'ਚ ਆਈਪੀਐਲ-13 ਨੂੰ ਸਫਲਤਾਪੂਰਵਕ ਆਯੋਜਿਤ ਕਰਨ 'ਚ ਸਫਲ ਰਿਹਾ ਸੀ। ਕੋਰੋਨਾ ਵਾਇਰਸ ਮਹਾਂਮਾਰੀ ਵਿਚਕਾਰ ਵੀ ਦੋ ਮਹੀਨਿਆਂ ਤੋਂ ਯੂਏਈ 'ਚ ਖੇਡੇ ਗਏ ਮੈਚਾਂ ਦੌਰਾਨ ਕੋਰੋਨਾ ਵਾਇਰਸ ਦਾ
ਇਕ ਵੀ ਕੇਸ ਸਾਹਮਣੇ ਨਹੀਂ ਆਇਆ ਸੀ।
ਯੂਏਈ ਕੋਲ ਪਿਛਲੇ ਸਾਲ 2014 'ਚ ਆਈਪੀਐਲ ਦੀ ਮੇਜ਼ਬਾਨੀ ਕਰਨ ਦਾ ਤਜ਼ਰਬਾ ਵੀ ਸੀ। ਹਾਲਾਂਕਿ ਕੋਰੋਨਾ ਵਾਇਰਸ ਕਾਰਨ ਭਾਰਤ 'ਚ ਬਣੇ ਗੰਭੀਰ ਹਾਲਾਤਾਂ ਕਾਰਨ ਵਿਸ਼ਵ ਕੱਪ ਭਾਰਤ ਦੀ ਬਜਾਏ ਸੰਯੁਕਤ ਅਰਬ ਅਮੀਰਾਤ 'ਚ ਸ਼ਿਫਟ ਹੋਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ 'ਚ ਬੀਸੀਸੀਆਈ ਸੀਜ਼ਨ-14 ਦੇ ਆਖਰੀ ਕੁਝ ਮੈਚ ਉਸੇ ਮੈਦਾਨ 'ਚ ਕਰਵਾ ਸਕਦਾ ਹੈ।