ਭਾਰਤ ਸਰਕਾਰ..., BCCI ਨੇ ਦੱਸਿਆ ਕਿਉਂ ਪਾਕਿਸਤਾਨ ਨਾਲ ਖੇਡਣਾ ਪੈ ਰਿਹਾ ਮੈਚ; ਭਾਰੀ ਵਿਰੋਧ ਵਿਚਕਾਰ ਦਿੱਤੀ ਸਫਾਈ
ਭਾਰਤ ਵਿਰੁੱਧ ਪਾਕਿਸਤਾਨ ਏਸ਼ੀਆ ਕੱਪ ਮੈਚ ਨੂੰ ਲੈ ਕੇ ਘਮਾਸਾਨ ਮਚਿਆ ਹੋਇਆ ਹੈ। ਇਹ ਮੈਚ 14 ਸਤੰਬਰ ਨੂੰ ਖੇਡਿਆ ਜਾਣਾ ਹੈ, ਪਰ ਇਹ ‘ਮਹਾਮੁਕਾਬਲਾ’ ਭਾਰਤ ਵਿੱਚ ਸਿਆਸੀ ਮਸਲਾ ਬਣ ਗਿਆ ਹੈ। ਲਗਾਤਾਰ ਭਾਰਤ-ਪਾਕ ਮੈਚ ਰੱਦ ਕਰਨ...

ਭਾਰਤ ਵਿਰੁੱਧ ਪਾਕਿਸਤਾਨ ਏਸ਼ੀਆ ਕੱਪ ਮੈਚ ਨੂੰ ਲੈ ਕੇ ਘਮਾਸਾਨ ਮਚਿਆ ਹੋਇਆ ਹੈ। ਇਹ ਮੈਚ 14 ਸਤੰਬਰ ਨੂੰ ਖੇਡਿਆ ਜਾਣਾ ਹੈ, ਪਰ ਇਹ ‘ਮਹਾਮੁਕਾਬਲਾ’ ਭਾਰਤ ਵਿੱਚ ਸਿਆਸੀ ਮਸਲਾ ਬਣ ਗਿਆ ਹੈ। ਲਗਾਤਾਰ ਭਾਰਤ-ਪਾਕ ਮੈਚ ਰੱਦ ਕਰਨ ਦੀ ਮੰਗ ਤੇਜ਼ ਹੋ ਰਹੀ ਹੈ। ਇਨ੍ਹਾਂ ਸਾਰੀਆਂ ਅਟਕਲਾਂ ਦੇ ਦਰਮਿਆਨ BCCI ਦੇ ਸਕੱਤਰ ਦੇਵਜੀਤ ਸੈਕਿਆ ਨੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ 14 ਸਤੰਬਰ ਨੂੰ ਹੋਣ ਵਾਲੇ ਮੈਚ ਲਈ ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਕਿਉਂ ਖੇਡਣਾ ਪੈ ਰਿਹਾ ਮੈਚ
ਦੇਵਜੀਤ ਸੈਕੀਆ ਨੇ ਕਿਹਾ, "ਮੈਨੂੰ ਭਰੋਸਾ ਹੈ ਕਿ ਭਾਰਤੀ ਖਿਡਾਰੀ ਜਿੱਤ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਉਤਰਣਗੇ। ਇਹ ਕਰਨਾ ਉਹਨਾਂ ਘਟਨਾਵਾਂ ਦਾ ਕਰਾਰਾ ਜਵਾਬ ਹੋਵੇਗਾ, ਜਿਨ੍ਹਾਂ ਨੂੰ ਅਸੀਂ ਜ਼ਿਆਦਾ ਯਾਦ ਨਹੀਂ ਕਰਨਾ ਚਾਹੁੰਦੇ। ਭਾਰਤ ਨੂੰ ਉਸ ਦੇਸ਼ ਨਾਲ ਖੇਡਣਾ ਪੈ ਰਿਹਾ ਹੈ ਜਿਸ ਨਾਲ ਸਾਡੇ ਰਿਸ਼ਤੇ ਚੰਗੇ ਨਹੀਂ ਹਨ, ਪਰ ਮਲਟੀ-ਨੈਸ਼ਨ ਟੂਰਨਾਮੈਂਟਾਂ ਵਿੱਚ ਖੇਡਣਾ ਭਾਰਤ ਸਰਕਾਰ ਦੀ ਨੀਤੀ ਹੈ। ਇਸੇ ਕਾਰਨ ਅਸੀਂ ਇਹਨਾਂ ਮੈਚਾਂ ਤੋਂ ਇਨਕਾਰ ਨਹੀਂ ਕਰ ਸਕਦੇ।"
ਕੁਝ ਹਫ਼ਤੇ ਪਹਿਲਾਂ ਹੀ ਪਾਕਿਸਤਾਨ ਨਾਲ ਖੇਡਣ ‘ਤੇ ਭਾਰਤ ਸਰਕਾਰ ਨੇ ਨਵੀਂ ਨੀਤੀ ਲਾਗੂ ਕੀਤੀ ਸੀ। ਉਸਦਾ ਜ਼ਿਕਰ ਕਰਦਿਆਂ ਸਾਬਕਾ ਖੇਡ ਮੰਤਰੀ ਅਨੁਰਾਗ ਠਾਕੁਰ ਵੀ ਕਹਿ ਚੁੱਕੇ ਹਨ ਕਿ ਏਸ਼ੀਆ ਕੱਪ ਜਾਂ ਵਰਲਡ ਕੱਪ ਵਰਗੇ ਬਹੁਪੱਖੀ ਟੂਰਨਾਮੈਂਟਾਂ ਵਿੱਚ ਟੀਮ ਇੰਡੀਆ ਦਾ ਖੇਡਣਾ ਲਾਜ਼ਮੀ ਹੋ ਜਾਂਦਾ ਹੈ। ਅਜਿਹਾ ਨਾ ਕਰਨ ਨਾਲ ਭਾਰਤ ਨੂੰ ਟੂਰਨਾਮੈਂਟ ਤੋਂ ਨਾਮ ਵਾਪਸ ਲੈਣਾ ਪੈਂਦਾ। ਹਾਲਾਂਕਿ ਠਾਕੁਰ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਭਾਰਤ, ਪਾਕਿਸਤਾਨ ਨਾਲ ਕੋਈ ਦੁਵੱਲੀ ਸੀਰੀਜ਼ ਨਹੀਂ ਖੇਡੇਗਾ।
ਇੱਕ-ਇੱਕ ਮੈਚ ਜਿੱਤ ਚੁੱਕੇ ਹਨ ਭਾਰਤ-ਪਾਕਿਸਤਾਨ
ਏਸ਼ੀਆ ਕੱਪ 2025 ਵਿੱਚ ਭਾਰਤ ਅਤੇ ਪਾਕਿਸਤਾਨ ਦੋਵੇਂ ਆਪਣਾ-ਆਪਣਾ ਪਹਿਲਾ ਮੈਚ ਜਿੱਤ ਚੁੱਕੇ ਹਨ। ਭਾਰਤ ਨੇ ਯੂਏਈ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਉਸ ਮੈਚ ਵਿੱਚ ਟੀਮ ਇੰਡੀਆ ਨੇ 58 ਰਨਾਂ ਦਾ ਟਾਰਗੇਟ ਸਿਰਫ਼ 27 ਗੇਂਦਾਂ ਵਿੱਚ ਹਾਸਲ ਕਰ ਲਿਆ ਸੀ। ਦੂਜੇ ਪਾਸੇ ਪਾਕਿਸਤਾਨ, ਓਮਾਨ ਨੂੰ 93 ਰਨਾਂ ਨਾਲ ਹਰਾ ਕੇ ਆ ਰਿਹਾ ਹੈ। ਟੀ20 ਏਸ਼ੀਆ ਕੱਪ ਦੇ ਇਤਿਹਾਸ ਵਿੱਚ ਭਾਰਤ ਅਤੇ ਪਾਕਿਸਤਾਨ 3 ਵਾਰ ਆਹਮਣੇ-ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਟੀਮ ਇੰਡੀਆ ਨੇ ਦੋ ਵਾਰ ਅਤੇ ਪਾਕਿਸਤਾਨ ਸਿਰਫ਼ ਇੱਕ ਵਾਰ ਜਿੱਤ ਹਾਸਲ ਕੀਤੀ ਹੈ।




















