ENG vs IND: ਹਾਰਦਿਕ ਪੰਡਯਾ ਨੇ ਤੋੜਿਆ ਯੁਵਰਾਜ ਸਿੰਘ ਦਾ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ
ਬੱਲੇਬਾਜ਼ੀ ਕਰਨ ਉਤਰੇ ਹਾਰਦਿਕ ਪੰਡਯਾ ਨੇ ਭਾਰਤੀ ਟੀਮ ਲਈ ਅਰਧ ਸੈਂਕੜਾ ਜੜਿਆ, ਜਿਸ ਤੋਂ ਬਾਅਦ ਗੇਂਦਬਾਜ਼ੀ 'ਚ 4 ਵਿਕਟਾਂ ਲਈਆਂ। ਇਸ ਨਾਲ ਉਹ ਟੀ-20 ਦੇ ਇਤਿਹਾਸ 'ਚ ਇੱਕ ਮੈਚ 'ਚ 4 ਵਿਕਟਾਂ ਅਤੇ 50 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬਣ ਗਏ।
ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਇੰਗਲੈਂਡ ਖ਼ਿਲਾਫ਼ ਪਹਿਲੇ ਟੀ-20 ਮੈਚ 'ਚ ਸ਼ਾਨਦਾਰ ਫਾਰਮ 'ਚ ਸਨ। ਪੰਡਯਾ ਨੇ ਸਾਊਥੈਂਪਟਨ 'ਚ ਇੰਗਲੈਂਡ 'ਤੇ ਭਾਰਤ ਦੀ 50 ਦੌੜਾਂ ਦੀ ਜਿੱਤ 'ਚ ਬੱਲੇ ਅਤੇ ਗੇਂਦ ਨਾਲ ਅਹਿਮ ਭੂਮਿਕਾ ਨਿਭਾਈ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਹਾਰਦਿਕ ਪੰਡਯਾ ਨੇ ਭਾਰਤੀ ਟੀਮ ਲਈ ਅਰਧ ਸੈਂਕੜਾ ਜੜਿਆ, ਜਿਸ ਤੋਂ ਬਾਅਦ ਗੇਂਦਬਾਜ਼ੀ 'ਚ 4 ਵਿਕਟਾਂ ਲਈਆਂ। ਇਸ ਨਾਲ ਉਹ ਟੀ-20 ਦੇ ਇਤਿਹਾਸ 'ਚ ਇੱਕ ਮੈਚ 'ਚ 4 ਵਿਕਟਾਂ ਅਤੇ 50 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ।
ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਕੋਈ ਵੀ ਖਿਡਾਰੀ ਇੱਕ ਮੈਚ 'ਚ 50 ਦੌੜਾਂ ਦੇ ਨਾਲ-ਨਾਲ 4 ਵਿਕਟਾਂ ਲੈਣ ਦਾ ਕਾਰਨਾਮਾ ਨਹੀਂ ਕਰ ਸਕਿਆ ਸੀ। ਯੁਵਰਾਜ ਸਿੰਘ ਇਕਲੌਤੇ ਅਜਿਹੇ ਖਿਡਾਰੀ ਸਨ, ਜੋ ਇਸ ਰਿਕਾਰਡ ਦੇ ਥੋੜ੍ਹਾ ਨੇੜੇ ਸਨ। ਉਨ੍ਹਾਂ ਨੇ ਇਕ ਮੈਚ 'ਚ ਤਿੰਨ ਵਿਕਟਾਂ ਲਈਆਂ ਅਤੇ ਅਰਧ ਸੈਂਕੜਾ ਵੀ ਲਗਾਇਆ ਸੀ। ਪਰ ਹਾਰਦਿਕ ਨੇ ਹੁਣ ਉਨ੍ਹਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਵਿਸ਼ਵ ਕ੍ਰਿਕਟ 'ਚ ਇੱਕ ਹੀ ਮੈਚ 'ਚ 4 ਵਿਕਟਾਂ ਲੈਣ ਅਤੇ 50+ ਦੌੜਾਂ ਬਣਾਉਣ ਵਾਲੇ ਸਿਰਫ਼ 3 ਖਿਡਾਰੀ ਸਨ। ਡਵੇਨ ਬ੍ਰਾਵੋ ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਸਨ। ਡਵੇਨ ਬ੍ਰਾਵੋ ਨੇ 2009 'ਚ ਭਾਰਤ ਖ਼ਿਲਾਫ਼ ਅਜੇਤੂ 66 ਦੌੜਾਂ ਅਤੇ 4 ਵਿਕਟਾਂ ਲਈਆਂ ਸਨ। ਮੁਹੰਮਦ ਹਫੀਜ਼ ਨੇ 2011 'ਚ ਜ਼ਿੰਬਾਬਵੇ ਖ਼ਿਲਾਫ਼ 71 ਦੌੜਾਂ ਬਣਾਈਆਂ ਸਨ ਅਤੇ 4 ਵਿਕਟਾਂ ਲਈਆਂ ਸਨ। ਸ਼ੇਨ ਵਾਟਸਨ ਨੇ ਇੰਗਲੈਂਡ ਖ਼ਿਲਾਫ਼ 4 ਵਿਕਟਾਂ ਲੈ ਕੇ 59 ਦੌੜਾਂ ਬਣਾਈਆਂ ਸਨ।
ਇੰਗਲੈਂਡ ਖ਼ਿਲਾਫ਼ ਪਹਿਲੇ ਟੀ-20 ਮੈਚ 'ਚ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਹਾਰਦਿਕ ਨੇ ਬਿਨਾਂ ਕਿਸੇ ਪ੍ਰੇਸ਼ਾਨੀ ਆਪਣੇ ਪਸੰਦੀਦਾ ਸ਼ਾਟ ਖੇਡੇ ਅਤੇ ਆਊਟ ਹੋਣ ਤੋਂ ਪਹਿਲਾਂ 33 ਗੇਂਦਾਂ 'ਚ 6 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 51 ਦੌੜਾਂ ਬਣਾਈਆਂ।
ਗੇਂਦਬਾਜ਼ੀ ਦੌਰਾਨ ਵੀ ਹਾਰਦਿਕ ਸ਼ਾਨਦਾਰ ਲੈਅ 'ਚ ਨਜ਼ਰ ਆਏ। ਉਨ੍ਹਾਂ ਨੇ ਆਪਣੇ ਪਹਿਲੇ ਹੀ ਓਵਰ 'ਚ 2 ਵਿਕਟਾਂ ਲੈ ਕੇ ਇੰਗਲੈਂਡ ਨੂੰ ਬੈਕ ਫੁੱਟ 'ਤੇ ਧੱਕ ਦਿੱਤਾ। ਹਾਰਦਿਕ ਨੇ ਡੇਵਿਡ ਮਲਾਨ ਅਤੇ ਲਿਆਮ ਲਿਵਿੰਗਸਟੋਨ ਨੂੰ ਆਊਟ ਕੀਤਾ। ਦੂਜੇ ਓਵਰ 'ਚ ਉਸ ਨੇ ਸਲਾਮੀ ਬੱਲੇਬਾਜ਼ ਜੇਸਨ ਰਾਏ ਨੂੰ ਪੈਵੇਲੀਅਨ ਭੇਜਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸੈਮ ਕੁਰਾਨ ਨੂੰ ਆਊਟ ਕਰਕੇ ਰਿਕਾਰਡ ਬੁੱਕ 'ਚ ਆਪਣਾ ਨਾਂਅ ਦਰਜ ਕਰਵਾ ਲਿਆ।