IND vs NZ 2nd ODI: ਹੈਮਿਲਟਨ 'ਚ ਹੋਵੇਗਾ ਦੂਜਾ ਵਨਡੇ, ਇੱਥੇ ਨਿਊਜ਼ੀਲੈਂਡ ਖਿਲਾਫ਼ ਬੇਹੱਦ ਖਰਾਬ ਰਿਹੈ ਟੀਮ ਇੰਡੀਆ ਦਾ ਰਿਕਾਰਡ
IND vs NZ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਸ਼ਨੀਵਾਰ (27 ਨਵੰਬਰ) ਨੂੰ ਸਵੇਰੇ 7 ਵਜੇ ਖੇਡਿਆ ਜਾਵੇਗਾ।
Team India in Hamilton: ਭਾਰਤ ਅਤੇ ਨਿਊਜ਼ੀਲੈਂਡ (IND vs NZ) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਹੈਮਿਲਟਨ (Hamilton) ਦੇ ਸੇਡਨ ਪਾਰਕ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਇੱਥੇ ਰਿਕਾਰਡ ਬਹੁਤ ਖਰਾਬ ਰਿਹਾ ਹੈ। ਭਾਰਤ ਨੇ ਇੱਥੇ ਨਿਊਜ਼ੀਲੈਂਡ ਖਿਲਾਫ਼ 7 ਵਨਡੇ ਖੇਡੇ ਹਨ, ਜਿਸ 'ਚ ਉਹ ਸਿਰਫ ਇਕ ਵਾਰ ਜਿੱਤ ਸਕਿਆ ਹੈ। ਨਿਊਜ਼ੀਲੈਂਡ ਨੇ ਬਾਕੀ 6 ਮੈਚ ਜਿੱਤ ਲਏ ਹਨ।
ਪਹਿਲਾ ਵਨਡੇ: ਪਹਿਲਾ ਵਨਡੇ ਮੈਚ 15 ਫਰਵਰੀ 1981 ਨੂੰ ਸੇਡਨ ਪਾਰਕ ਵਿਖੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਸੀ। ਇੱਥੇ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 8 ਵਿਕਟਾਂ ਗੁਆ ਕੇ 208 ਦੌੜਾਂ ਬਣਾਈਆਂ। ਜਵਾਬ 'ਚ ਗੁੰਡੱਪਾ ਵਿਸ਼ਵਨਾਥ ਦੀ ਕਪਤਾਨੀ ਵਾਲੀ ਭਾਰਤੀ ਟੀਮ ਸਿਰਫ 153 ਦੌੜਾਂ 'ਤੇ ਆਲ ਆਊਟ ਹੋ ਗਈ।
ਦੂਜਾ ਵਨਡੇ: ਦੋਵਾਂ ਟੀਮਾਂ ਵਿਚਾਲੇ ਦੂਜਾ ਵਨਡੇ ਇੱਥੇ 14 ਫਰਵਰੀ 2003 ਨੂੰ ਹੋਇਆ। ਇਸ ਮੈਚ 'ਚ ਸੌਰਵ ਗਾਂਗੁਲੀ ਦੀ ਕਪਤਾਨੀ 'ਚ ਟੀਮ ਇੰਡੀਆ ਸਿਰਫ 122 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਨਿਊਜ਼ੀਲੈਂਡ ਨੇ 29ਵੇਂ ਓਵਰ ਵਿੱਚ ਸਿਰਫ਼ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਤੀਜਾ ਵਨਡੇ: ਇੱਥੇ 11 ਮਾਰਚ 2009 ਨੂੰ ਹੋਏ ਇੱਕ ਰੋਜ਼ਾ ਮੈਚ ਵਿੱਚ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 47 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 270 ਦੌੜਾਂ ਬਣਾਈਆਂ ਸਨ। ਮੀਂਹ ਕਾਰਨ ਹੋਏ ਇਸ ਮੈਚ ਵਿੱਚ ਭਾਰਤੀ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ ਸਿਰਫ਼ 23.3 ਓਵਰਾਂ ਵਿੱਚ 201 ਦੌੜਾਂ ਬਣਾ ਲਈਆਂ ਸਨ। ਅਜਿਹੇ 'ਚ ਟੀਮ ਇੰਡੀਆ ਨੇ ਡਕਵਰਥ ਲੁਈਸ ਤਰੀਕੇ ਨਾਲ 84 ਦੌੜਾਂ ਨਾਲ ਜਿੱਤ ਦਰਜ ਕੀਤੀ।
ਪਿਛਲੇ ਚਾਰ ਵਨਡੇ ਗਏ ਹਾਰ
ਭਾਰਤੀ ਟੀਮ ਨੇ ਇੱਥੇ 2014 ਤੋਂ 2020 ਤੱਕ ਨਿਊਜ਼ੀਲੈਂਡ ਦੇ ਖਿਲਾਫ਼ ਚਾਰ ਹੋਰ ਵਨਡੇ ਖੇਡੇ। ਪਰ ਇਨ੍ਹਾਂ ਚਾਰ ਮੈਚਾਂ ਵਿੱਚ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 22 ਜਨਵਰੀ 2014 ਨੂੰ ਹੋਏ ਮੈਚ ਵਿੱਚ ਕੀਵੀ ਟੀਮ ਨੇ ਭਾਰਤ ਨੂੰ 15 ਦੌੜਾਂ ਨਾਲ ਹਰਾਇਆ ਸੀ ਅਤੇ ਫਿਰ 6 ਦਿਨਾਂ ਬਾਅਦ ਹੋਏ ਇੱਕ ਹੋਰ ਮੈਚ ਵਿੱਚ ਟੀਮ ਇੰਡੀਆ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 31 ਜਨਵਰੀ 2019 ਅਤੇ 5 ਫਰਵਰੀ 2020 ਨੂੰ ਹੋਏ ਮੈਚਾਂ ਵਿੱਚ, ਭਾਰਤੀ ਟੀਮ ਕ੍ਰਮਵਾਰ 8 ਅਤੇ 4 ਵਿਕਟਾਂ ਨਾਲ ਹਾਰ ਗਈ ਸੀ।