IND vs PAK: ਅਰਸ਼ਦੀਪ ਨੂੰ ਖਾਲਿਸਤਾਨੀ ਕਹਿਣ ਵਾਲਿਆਂ 'ਤੇ ਵਰ੍ਹੇ ਕੈਪਟਨ ਅਮਰਿੰਦਰ, ਬੋਲੇ ਸਾਨੂੰ ਖੇਡ ਨਾਇਕਾਂ ਦਾ ਸਮਰਥਨ ਕਰਨਾ ਚਾਹੀਦੈ
Cricketer Arsdeep Singh TROLL : ਭਾਰਤੀ ਖਿਡਾਰੀ ਅਰਸ਼ਦੀਪ ਸਿੰਘ ਨੇ ਐਤਵਾਰ ਨੂੰ ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ਼ ਅਹਿਮ ਕੈਚ ਛੱਡ ਦਿੱਤਾ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਅਰਸ਼ਦੀਪ ਸਿੰਘ ਦਾ ਕਾਫੀ ਮਜ਼ਾਕ ਉਡਾਇਆ ਜਾ ਰਿਹੈ।
ਰਜਨੀਸ਼ ਕੌਰ ਦੀ ਰਿਪੋਰਟ
Asia Cup 2022: ਭਾਰਤੀ ਖਿਡਾਰੀ ਅਰਸ਼ਦੀਪ ਸਿੰਘ ਨੇ ਐਤਵਾਰ ਨੂੰ ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ਼ ਅਹਿਮ ਕੈਚ ਛੱਡ ਦਿੱਤਾ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਅਰਸ਼ਦੀਪ ਸਿੰਘ ਦਾ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਦੌਰਾਨ ਵੱਖ-ਵੱਖ ਖਿਡਾਰੀਆਂ ਨੇ ਅਰਸ਼ਦੀਪ ਦੀ ਸਪੋਟ ਕੀਤੀ ਤੇ ਲੋਕਾਂ ਨੂੰ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਵੀ ਦਿੱਤਾ ਹੈ।
ਹੁਣ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਲਿਖਿਆ- "ਇਹ ਬਹੁਤ ਮੰਦਭਾਗਾ ਹੈ ਕਿ ਅਰਸ਼ਦੀਪ ਸਿੰਘ ਨੂੰ ਸਿਰਫ਼ ਇੱਕ ਕੈਚ ਛੱਡਣ 'ਤੇ ਉਸ ਦਾ ਇੰਨਾ ਮਜ਼ਾਕ ਉਡਾਇਆ ਜਾ ਰਿਹਾ ਹੈ। ਅਜਿਹੀਆਂ ਚੀਜ਼ਾਂ ਖੇਡਾਂ ਵਿੱਚ ਖਾਸ ਤੌਰ 'ਤੇ ਅਜਿਹੇ ਬਹੁਤ ਦਬਾਅ ਵਾਲੇ ਹਾਲਾਤ ਹੇਠ ਵਾਪਰ ਜਾਂਦੀਆਂ ਹਨ। ਸਾਨੂੰ ਆਪਣੇ ਖੇਡ ਨਾਇਕਾਂ ਦਾ ਸਮਰਥਨ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਰਸ਼ਦੀਪ, ਨਿਰਾਸ਼ ਨਾ ਹੋਵੋ। ਤੁਹਾਡੇ ਅੱਗੇ ਇੱਕ ਲੰਮਾ ਤੇ ਸ਼ਾਨਦਾਰ ਕਰੀਅਰ ਹੈ।"
ਦੱਸਣਯੋਗ ਹੈ ਕਿ ਭਾਰਤੀ ਖਿਡਾਰੀ ਅਰਸ਼ਦੀਪ ਸਿੰਘ ਨੇ ਬੀਤੇ ਦਿਨ ਭਾਵ ਐਤਵਾਰ ਨੂੰ ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ਼ ਅਹਿਮ ਕੈਚ ਸੁੱਟ ਦਿੱਤਾ ਸੀ। 18ਵੇਂ ਓਵਰ ਦੀ ਤੀਜੀ ਗੇਂਦ 'ਤੇ ਉਸ ਨੇ ਆਸਿਫ ਅਲੀ ਦਾ ਗ਼ਲਤੀ ਨਾਲ ਕੈਚ ਛੱਡ ਦਿੱਤਾ। ਆਸਿਫ ਨੇ ਬਾਅਦ 'ਚ 8 ਗੇਂਦਾਂ 'ਚ 16 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ। ਅਰਸ਼ਦੀਪ ਦੀ ਇਸ ਮਿਸਫੀਲਡਿੰਗ ਨਾਲ ਭਾਰਤ ਨੇ ਮੈਚ ਵਿੱਚ ਵਾਪਸੀ ਦਾ ਚੰਗਾ ਮੌਕਾ ਗੁਆ ਦਿੱਤਾ। ਇਹ ਭਾਰਤ ਦੀ ਹਾਰ ਦਾ ਇੱਕ ਵੱਡਾ ਕਾਰਨ ਸੀ।
ਵਿਰਾਟ ਕੋਹਲੀ ਨੇ ਕਹੀ ਇਹ ਗੱਲ
ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਵਿਰਾਟ ਕੋਹਲੀ ਨੇ ਇਸ ਨੌਜਵਾਨ ਤੇਜ਼ ਗੇਂਦਬਾਜ਼ ਦੇ ਸਮਰਥਨ 'ਚ ਗੱਲ ਕੀਤੀ। ਵਿਰਾਟ ਨੇ ਕਿਹਾ, 'ਜਦੋਂ ਮੈਂ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਖਿਲਾਫ਼ ਆਪਣਾ ਪਹਿਲਾ ਮੈਚ ਖੇਡ ਰਿਹਾ ਸੀ ਤਾਂ ਮੈਂ ਵੀ ਖਰਾਬ ਸ਼ਾਟ ਖੇਡ ਕੇ ਆਊਟ ਹੋ ਗਿਆ ਸੀ। ਦਬਾਅ ਹੇਠ ਕੋਈ ਵੀ ਗਲਤੀ ਕਰ ਸਕਦਾ ਹੈ। ਟੀਮ 'ਚ ਇਸ ਸਮੇਂ ਮਾਹੌਲ ਕਾਫੀ ਚੰਗਾ ਹੈ। ਇਸ ਦਾ ਸਿਹਰਾ ਟੀਮ ਪ੍ਰਬੰਧਨ ਤੇ ਕਪਤਾਨ ਨੂੰ ਜਾਂਦਾ ਹੈ। ਅਰਸ਼ਦੀਪ ਨੂੰ ਆਪਣੀ ਗਲਤੀ ਨੂੰ ਸਮਝਣਾ ਹੋਵੇਗਾ ਤਾਂ ਕਿ ਉਹ ਅਗਲੀ ਵਾਰ ਦਬਾਅ ਵਾਲੇ ਹਾਲਾਤਾਂ 'ਚ ਬਿਹਤਰ ਪ੍ਰਦਰਸ਼ਨ ਕਰ ਸਕੇ।