IND vs ZIM: ਲਾਈਵ ਮੈਚ ਦੌਰਾਨ ਈਸ਼ਾਨ ਕਿਸ਼ਨ ਦੀ ਇਸ ਗਲਤੀ 'ਤੇ ਭੜਕ ਗਏ ਅਕਸ਼ਰ ਪਟੇਲ, ਮੰਗੀ ਮੁਆਫ਼ੀ; ਵੀਡੀਓ ਹੋਈ ਵਾਇਰਲ
ਈਸ਼ਾਨ ਕਿਸਨ ਨੇ ਥ੍ਰੋਅ ਸੁੱਟਿਆ ਤਾਂ ਅਕਸ਼ਰ ਨੇ ਬਚਣ ਲਈ ਆਪਣੇ ਸਿਰ 'ਤੇ ਹੱਥ ਰੱਖ ਲਿਆ ਸੀ। ਹਾਲਾਂਕਿ ਗੇਂਦ ਅਕਸ਼ਰ ਪਟੇਲ ਨੂੰ ਨਹੀਂ ਲੱਗੀ ਅਤੇ ਉਨ੍ਹਾਂ ਤੋਂ ਥੋੜ੍ਹੀ ਦੂਰ ਜਾ ਡਿੱਗੀ। ਪਰ ਅਕਸ਼ਰ ਇਸ ਕਾਰਨ ਗੁੱਸੇ 'ਚ ਲਾਲ ਹੋ ਗਏ ਸਨ।
ਭਾਰਤ ਨੇ ਜ਼ਿੰਬਾਬਵੇ ਨੂੰ ਦੂਜੇ ਵਨਡੇ 'ਚ 5 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਲੀਡ ਬਣਾ ਲਈ ਹੈ। ਹਰਾਰੇ ਸਪੋਰਟਸ ਕਲੱਬ 'ਚ ਖੇਡੇ ਗਏ ਇਸ ਮੈਚ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਈਸ਼ਾਨ ਕਿਸ਼ਨ 'ਤੇ ਭੜਕਦੇ ਨਜ਼ਰ ਆ ਰਹੇ ਹਨ। ਲਾਈਵ ਮੈਚ ਦੌਰਾਨ ਈਸ਼ਾਨ ਕਿਸ਼ਨ ਨੇ ਅਜਿਹਾ ਕੁਝ ਕੀਤਾ, ਜਿਸ ਨਾਲ ਅਕਸ਼ਰ ਪਟੇਲ ਗੁੱਸੇ 'ਚ ਲਾਲ ਹੋ ਗਏ। ਹਾਲਾਂਕਿ ਈਸ਼ਾਨ ਨੇ ਆਪਣੀ ਗਲਤੀ ਲਈ ਅਕਸ਼ਰ ਪਟੇਲ ਤੋਂ ਮੁਆਫ਼ੀ ਵੀ ਮੰਗੀ।
ਇਹ ਘਟਨਾ ਜ਼ਿੰਬਾਬਵੇ ਦੀ ਪਾਰੀ ਦੇ 28ਵੇਂ ਓਵਰ 'ਚ ਵਾਪਰੀ। ਹੁੱਡਾ ਦੀ ਦੂਜੀ ਗੇਂਦ 'ਤੇ ਬਰਲੇ ਨੇ ਡੀਪ ਐਕਸਟ੍ਰਾ ਕਵਰ ਦੀ ਦਿਸ਼ਾ 'ਚ ਸ਼ਾਟ ਖੇਡਿਆ ਅਤੇ 2 ਦੌੜਾਂ ਲੈਣ ਲਈ ਭੱਜ ਪਏ। ਉੱਥੇ ਫੀਲਡਿੰਗ 'ਤੇ ਖੜ੍ਹੇ ਈਸ਼ਾਨ ਕਿਸ਼ਨ ਨੇ ਜਦੋਂ ਥ੍ਰੋਅ ਸੁੱਟਿਆ ਤਾਂ ਉਹ ਸ਼ਾਰਟ ਕਵਰ 'ਤੇ ਖੜ੍ਹੇ ਅਕਸ਼ਰ ਪਟੇਲ ਦੇ ਨੇੜੇ ਡਿੱਗਿਆ। ਜਦੋਂ ਈਸ਼ਾਨ ਨੇ ਥ੍ਰੋਅ ਸੁੱਟਿਆ ਤਾਂ ਅਕਸ਼ਰ ਨੇ ਬਚਣ ਲਈ ਆਪਣੇ ਸਿਰ 'ਤੇ ਹੱਥ ਰੱਖ ਲਿਆ ਸੀ। ਹਾਲਾਂਕਿ ਗੇਂਦ ਅਕਸ਼ਰ ਪਟੇਲ ਨੂੰ ਨਹੀਂ ਲੱਗੀ ਅਤੇ ਉਨ੍ਹਾਂ ਤੋਂ ਥੋੜ੍ਹੀ ਦੂਰ ਜਾ ਡਿੱਗੀ। ਪਰ ਅਕਸ਼ਰ ਇਸ ਕਾਰਨ ਗੁੱਸੇ 'ਚ ਲਾਲ ਹੋ ਗਏ ਸਨ।
ਮੁਕਾਬਲੇ ਦੀ ਗੱਲ ਕਰੀਏ ਤਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਜ਼ਿੰਬਾਬਵੇ ਦੀ ਟੀਮ ਦੇ ਬੱਲੇਬਾਜ਼ਾਂ ਨੇ ਦੂਜੇ ਵਨਡੇ 'ਚ ਵੀ ਨਿਰਾਸ਼ ਕੀਤਾ। ਟੀਮ 38.1 ਓਵਰਾਂ 'ਚ 161 ਦੌੜਾਂ 'ਤੇ ਢੇਰ ਹੋ ਗਈ। ਜਵਾਬ 'ਚ ਭਾਰਤ ਨੇ 25.4 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
162 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਕਪਤਾਨ ਕੇਐਲ ਰਾਹੁਲ ਦੇ ਰੂਪ 'ਚ ਲੱਗਾ। ਕਪਤਾਨ ਕੇਐਲ ਰਾਹੁਲ ਨੇ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਤੋਂ ਪਹਿਲਾਂ ਬੱਲੇਬਾਜ਼ੀ ਪ੍ਰੈਕਟਿਸ ਲਈ ਸ਼ਿਖਰ ਧਵਨ ਦੇ ਨਾਲ ਪਾਰੀ ਦੀ ਸ਼ੁਰੂਆਤ ਕੀਤੀ, ਪਰ ਦੂਜੇ ਓਵਰ 'ਚ 5 ਗੇਂਦਾਂ 'ਤੇ 1 ਦੌੜ ਬਣਾ ਕੇ ਉਹ ਵਿਕਟਰ ਨਿਉਚੀ ਦੀ ਗੇਂਦ 'ਤੇ ਐਲ.ਬੀ.ਡਬਲਿਯੂ. ਆਊਟ ਹੋ ਗਏ। ਇਸ ਤੋਂ ਬਾਅਦ ਧਵਨ ਅਤੇ ਗਿੱਲ ਵਿਚਾਲੇ ਦੂਜੀ ਵਿਕਟ ਲਈ 29 ਗੇਂਦਾਂ 'ਚ 42 ਦੌੜਾਂ ਦੀ ਭਾਈਵਾਲੀ ਹੋਈ।
ਹਾਲਾਂਕਿ ਧਵਨ 21 ਗੇਂਦਾਂ 'ਚ 33 ਦੌੜਾਂ ਬਣਾ ਕੇ ਆਊਟ ਹੋ ਗਏ। ਤੀਜੇ ਵਿਕਟ ਲਈ ਇਸ਼ਾਨ ਕਿਸ਼ਨ ਅਤੇ ਗਿੱਲ ਵਿਚਾਲੇ 36 ਦੌੜਾਂ ਦੀ ਭਾਈਵਾਲੀ ਹੋਈ, ਪਰ ਕਿਸ਼ਨ ਸਿਰਫ਼ 6 ਦੌੜਾਂ ਬਣਾ ਕੇ ਬੋਲਡ ਹੋ ਗਏ। ਗਿੱਲ ਵੀ 34 ਗੇਂਦਾਂ 'ਚ 33 ਦੌੜਾਂ ਬਣਾ ਕੇ ਕੁਝ ਸਮੇਂ ਬਾਅਦ ਆਊਟ ਹੋ ਗਏ। ਦੀਪਕ ਹੁੱਡਾ ਅਤੇ ਸੰਜੂ ਸੈਮਸਨ ਨੇ ਪੰਜਵੇਂ ਵਿਕਟ ਲਈ 58 ਗੇਂਦਾਂ 'ਚ 56 ਦੌੜਾਂ ਦੀ ਭਾਈਵਾਲੀ ਕੀਤੀ। ਹੁੱਡਾ 36 ਗੇਂਦਾਂ 'ਚ 25 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਸੰਜੂ ਸੈਮਸਨ ਨੇ 26ਵੇਂ ਓਵਰ 'ਚ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾਈ। ਸੈਮਸਨ ਨੇ 39 ਗੇਂਦਾਂ 'ਚ 43 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 3 ਚੌਕੇ ਅਤੇ 4 ਛੱਕੇ ਲਗਾਏ।