India-Afghanistan T20: ਟੀਮ ਇੰਡੀਆ-ਅਫਗਾਨਿਸਤਾਨ ਵਿਚਾਲੇ ਮੋਹਾਲੀ 'ਚ ਹੋਏਗਾ ਟੀ-20 ਮੁਕਾਬਲਾ, PCA ਦੇ ਨਵੇਂ ਸਟੇਡੀਅਮ ਬਾਰੇ ਜਾਣੋ ਅਪਡੇਟ
India vs Afghanistan T20Is Big Update: ਅਫਗਾਨਿਸਤਾਨ ਖਿਲਾਫ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਨੂੰ ਲੈ ਚਰਚਾ ਤੇਜ਼ ਹੋ ਗਈ ਹੈ। ਇਸਦੇ ਨਾਲ ਹੀ ਕ੍ਰਿਕਟ ਪ੍ਰੇਮੀਆਂ ਵੱਲੋਂ ਇਸ ਮੈਚ ਨੂੰ ਵੇਖਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ।
India vs Afghanistan T20Is Big Update: ਅਫਗਾਨਿਸਤਾਨ ਖਿਲਾਫ ਸ਼ੁਰੂ ਹੋਣ ਵਾਲੀ ਟੀ-20 ਸੀਰੀਜ਼ ਨੂੰ ਲੈ ਚਰਚਾ ਤੇਜ਼ ਹੋ ਗਈ ਹੈ। ਇਸਦੇ ਨਾਲ ਹੀ ਕ੍ਰਿਕਟ ਪ੍ਰੇਮੀਆਂ ਵੱਲੋਂ ਇਸ ਮੈਚ ਨੂੰ ਵੇਖਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਦੱਸ ਦੇਈਏ ਕਿ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ 'ਚ 11 ਜਨਵਰੀ ਨੂੰ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਮੁਕਾਬਲਾ ਖੇਡਿਆ ਜਾਏਗਾ। ਇਹ ਮੈਚ ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋ ਸਕਦਾ ਹੈ ਕਿਉਂਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਨਵਾਂ ਸਟੇਡੀਅਮ ਨਿਊ ਚੰਡੀਗੜ੍ਹ ਵਿੱਚ ਬਣ ਚੁੱਕਾ ਹੈ। ਇਸ ਤੋਂ ਪਹਿਲਾਂ ਰਣਜੀ ਅਤੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਮੈਚ ਖੇਡੇ ਜਾ ਚੁੱਕੇ ਹਨ। ਹੁਣ ਜਲਦੀ ਹੀ ਇੱਥੇ ਅੰਤਰਰਾਸ਼ਟਰੀ ਮੈਚ ਵੀ ਖੇਡੇ ਜਾਣਗੇ।
BCCI ਅਧਿਕਾਰੀ ਜਲਦੀ ਹੀ ਸਰਵੇਖਣ ਕਰਨਗੇ
ਨਿਊ ਚੰਡੀਗੜ੍ਹ ਵਿੱਚ ਪੰਜਾਬ ਕ੍ਰਿਕਟ ਸਟੇਡੀਅਮ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ ਹੈ। ਹੁਣ ਇਹ ਸਟੇਡੀਅਮ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮਾਮਲੇ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦਿਲਸ਼ੇਰ ਖੰਨਾ ਨੇ ਕਿਹਾ ਕਿ ਜਲਦੀ ਹੀ ਬੀਸੀਸੀਆਈ ਅਧਿਕਾਰੀ ਸਟੇਡੀਅਮ ਦਾ ਅੰਤਿਮ ਸਰਵੇਖਣ ਕਰਨਗੇ। ਬੀਸੀਸੀਆਈ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਅਗਲੇ ਸਾਰੇ ਮੈਚ ਨਵੇਂ ਸਟੇਡੀਅਮ ਵਿੱਚ ਖੇਡੇ ਜਾਣਗੇ। ਉਹ ਸਟੇਡੀਅਮ ਆਧੁਨਿਕ ਸਹੂਲਤਾਂ ਨਾਲ ਬਣਾਇਆ ਗਿਆ ਹੈ।
ਦਰਸ਼ਕਾਂ ਨੂੰ ਮਿਲਣਗੀਆਂ ਇਹ ਸਹੂਲਤਾਂ
ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਨਿਊ ਚੰਡੀਗੜ੍ਹ ਵਿੱਚ ਬਣਾਏ ਗਏ ਕ੍ਰਿਕਟ ਸਟੇਡੀਅਮ ਦਾ ਖਾਸ ਖਿਆਲ ਰੱਖਿਆ ਗਿਆ ਹੈ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਖਿਡਾਰੀਆਂ ਦੀ ਸਹੂਲਤ ਦਾ ਵੀ ਧਿਆਨ ਰੱਖਿਆ ਗਿਆ ਹੈ। ਇਸ ਵਿੱਚ ਖਿਡਾਰੀਆਂ ਦੀ ਆਵਾਜਾਈ ਲਈ ਵੱਖਰਾ ਰਸਤਾ ਬਣਾਇਆ ਗਿਆ ਹੈ। ਸਟੇਡੀਅਮ ਦੇ ਗੇਟ ਨੇੜੇ ਅਭਿਆਸ ਪਿੱਚ ਬਣਾਈ ਗਈ ਹੈ। ਖਿਡਾਰੀਆਂ ਲਈ ਵੱਖਰਾ ਪੈਵੇਲੀਅਨ ਬਣਾਇਆ ਗਿਆ ਹੈ। ਦਰਸ਼ਕਾਂ ਦੇ ਬਾਹਰ ਜਾਣ ਲਈ 12 ਲਿਫਟਾਂ ਅਤੇ 16 ਗੇਟ ਬਣਾਏ ਗਏ ਹਨ। ਸਟੇਡੀਅਮ ਦੇ ਅੰਦਰ ਕਰੀਬ 1600 ਵਾਹਨਾਂ ਦੀ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਟੇਡੀਅਮ ਦੇ ਆਲੇ-ਦੁਆਲੇ ਕਾਫੀ ਜਗ੍ਹਾ ਖਾਲੀ ਪਈ ਹੈ। ਜਿੱਥੇ ਮੈਚ ਦੌਰਾਨ ਖਾਣ-ਪੀਣ ਦੇ ਸਟਾਲ ਲਗਾਏ ਜਾਣ ਤਾਂ ਜੋ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਲਾਲ ਅਤੇ ਕਾਲੀ ਮਿੱਟੀ ਦੀ ਪਿੱਚ
ਨਿਊ ਚੰਡੀਗੜ੍ਹ ਵਿੱਚ ਬਣਿਆ ਕ੍ਰਿਕਟ ਸਟੇਡੀਅਮ ਦੇਸ਼ ਦਾ ਇੱਕੋ ਇੱਕ ਅਜਿਹਾ ਸਟੇਡੀਅਮ ਹੈ ਜਿਸ ਵਿੱਚ ਲਾਲ ਅਤੇ ਕਾਲੀ ਮਿੱਟੀ ਦੀਆਂ ਪਿੱਚਾਂ ਹਨ। ਸਟੇਡੀਅਮ ਦੀ ਪਿੱਚ ਭਿਵਾਨੀ ਦੀ ਕਾਲੀ ਮਿੱਟੀ ਤੋਂ ਬਣਾਈ ਗਈ ਹੈ। ਸਟੇਡੀਅਮ ਦੀ ਗਰਾਊਂਡ ਬੀ ਅਤੇ ਅਭਿਆਸ ਪਿੱਚ ਲਾਲ ਮਿੱਟੀ ਨਾਲ ਬਣੀ ਹੋਈ ਹੈ। ਲਾਲ ਮਿੱਟੀ ਦੀ ਪਿੱਚ ਵਿੱਚ ਵਧੇਰੇ ਉਛਾਲ ਅਤੇ ਗਤੀ ਹੈ। ਇਹ ਤੇਜ਼ ਗੇਂਦਬਾਜ਼ਾਂ ਲਈ ਬਿਹਤਰ ਮੰਨਿਆ ਜਾਂਦਾ ਹੈ। ਜਦੋਂ ਕਿ ਕਾਲੀ ਮਿੱਟੀ ਜਲਦੀ ਟੁੱਟ ਜਾਂਦੀ ਹੈ, ਇਸ ਲਈ ਇਹ ਸਪਿਨਰਾਂ ਲਈ ਸਹਾਇਕ ਹੈ।