T20 World Cup: ਭਾਰਤ-ਪਾਕਿਸਤਾਨ ਮੈਚ 'ਚ 'ਖਲਨਾਇਕ' ਬਣ ਸਕਦਾ ਹੈ ਮੀਂਹ, ਘਟਾਏ ਜਾ ਸਕਦੇ ਨੇ ਓਵਰ
India vs Pakistan T20 World Cup: ਜੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਮੀਂਹ ਕਾਰਨ ਰੁਕਦਾ ਹੈ, ਤਾਂ ਓਵਰ ਘਟਾਏ ਜਾ ਸਕਦੇ ਹਨ।
India vs Pakistan T20 World Cup 2022: T20 ਵਿਸ਼ਵ ਕੱਪ 2022 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਐਤਵਾਰ ਨੂੰ ਮੈਲਬੌਰਨ ਵਿੱਚ ਇੱਕ ਮੈਚ ਖੇਡਿਆ ਜਾਵੇਗਾ। ਕ੍ਰਿਕਟ ਪ੍ਰਸ਼ੰਸਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਇਹ ਹੈ ਕਿ ਮੈਚ ਦੌਰਾਨ ਮੀਂਹ ਖਲਨਾਇਕ ਬਣ ਸਕਦਾ ਹੈ। ਸੁਪਰ-12 ਪੜਾਅ ਦੇ ਇਸ ਮੈਚ ਵਿੱਚ ਮੀਂਹ ਦਾ ਖ਼ਤਰਾ ਹੈ। ਜੇਕਰ ਮੀਂਹ ਕਾਰਨ ਮੈਚ ਵਿੱਚ ਵਿਘਨ ਪੈਂਦਾ ਹੈ ਤਾਂ ਓਵਰ ਘਟਾ ਦਿੱਤੇ ਜਾਣਗੇ।
ਸਥਾਨਕ ਮੌਸਮ ਵਿਭਾਗ ਮੁਤਾਬਕ, ਐਤਵਾਰ ਨੂੰ 80 ਤੋਂ 90 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਇੱਕ ਤੋਂ ਪੰਜ ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੈ। ਮੈਲਬੌਰਨ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਵੀ ਭਾਰੀ ਮੀਂਹ ਪਿਆ ਅਤੇ ਜੇਕਰ ਐਤਵਾਰ ਨੂੰ ਅਜਿਹਾ ਹੁੰਦਾ ਹੈ ਤਾਂ ਕ੍ਰਿਕਟ ਪ੍ਰਸ਼ੰਸਕਾਂ ਲਈ ਇਹ ਨਿਰਾਸ਼ਾਜਨਕ ਹੋਵੇਗਾ। ਉਂਜ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਮੀਂਹ ਪੈਂਦਾ ਹੈ ਤਾਂ ਇਸ ਨਾਲ ਨਜਿੱਠਣ ਲਈ ਇਸ ਗਰਾਊਂਡ ਵਿੱਚ ਸਹੂਲਤਾਂ ਮੌਜੂਦ ਹਨ।
ਇਸ ਮੈਚ ਦੀਆਂ ਸਾਰੀਆਂ ਟਿਕਟਾਂ ਕੁਝ ਹੀ ਮਿੰਟਾਂ 'ਚ ਵਿਕ ਗਈਆਂ ਅਤੇ ਭਾਰਤੀ ਟੀਮ ਦੇ ਲਗਭਗ 80 ਤੋਂ 90 ਫੀਸਦੀ ਪ੍ਰਸ਼ੰਸਕ ਮੈਦਾਨ 'ਚ ਮੌਜੂਦ ਹੋਣਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ 2016 ਦੇ ਟੀ-20 ਵਿਸ਼ਵ ਕੱਪ ਮੈਚ ਤੋਂ ਪਹਿਲਾਂ ਵੀ ਬਹੁਤ ਬਾਰਿਸ਼ ਹੋਈ ਸੀ ਪਰ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ਦੀ ਸ਼ਾਨਦਾਰ ਨਿਕਾਸੀ ਪ੍ਰਣਾਲੀ ਕਾਰਨ ਮੈਚ ਪੂਰੇ ਓਵਰਾਂ ਦਾ ਰਿਹਾ।
ਮੈਲਬੌਰਨ ਵਿੱਚ ਵੀ ਅਜਿਹੀਆਂ ਸਹੂਲਤਾਂ ਮੌਜੂਦ ਹਨ, ਪਰ ਜੇਕਰ ਮੈਚ ਮੀਂਹ ਕਾਰਨ ਨਹੀਂ ਖੇਡਿਆ ਜਾਂਦਾ ਹੈ, ਤਾਂ ਵਿਕਟੋਰੀਆ ਸਟੇਟ ਕ੍ਰਿਕਟ ਐਸੋਸੀਏਸ਼ਨ ਨੂੰ ਪ੍ਰਸ਼ੰਸਕਾਂ ਨੂੰ ਟਿਕਟ ਦੇ ਪੈਸੇ ਵਾਪਸ ਕਰਨੇ ਪੈਣਗੇ। ਅਜਿਹੇ 'ਚ ਬ੍ਰਾਡਕਾਸਟਰਾਂ ਨੂੰ ਵੀ ਭਾਰੀ ਨੁਕਸਾਨ ਹੋਵੇਗਾ।
ਭਾਰਤੀ ਟੀਮ - ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ।
ਪਾਕਿਸਤਾਨ ਟੀਮ - ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖ਼ਾਨ, ਆਸਿਫ ਅਲੀ, ਹੈਦਰ ਅਲੀ, ਹਰਿਸ ਰਾਊਫ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਹਸਨੈਨ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਸ਼ਾਹੀਨ ਅਫਰੀਦੀ, ਸ਼ਾਨ ਮਸੂਦ, ਫਖਰ ਜ਼ਮਾਨ