IND vs SL: ਟੀਮ ਇੰਡੀਆ T20 'ਚ ਇਨ੍ਹਾਂ ਖਿਡਾਰੀਆਂ ਨੂੰ ਦੇ ਸਕਦੀ ਮੌਕਾ, ਹੋ ਸਕਦੀ ਪਲੇਇੰਗ ਇਲੈਵਨ
ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ ਲਈ ਜਗ੍ਹਾ ਬਣਾਉਣ ਦੇ ਦਾਅਵੇਦਾਰਾਂ ਦੀ ਗਿਣਤੀ ਵੱਧਣ ਕਾਰਨ ਭਾਰਤ ਸ਼੍ਰੀਲੰਕਾ ਦੇ ਖਿਲਾਫ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਵੱਖ-ਵੱਖ ਵਿਕਲਪਾਂ ਨੂੰ ਅਜ਼ਮਾਉਣ ਤੋਂ ਪਿੱਛੇ ਨਹੀਂ ਹਟੇਗਾ।
IND vs SL: ਆਸਟ੍ਰੇਲੀਆ 'ਚ ਇਸ ਸਾਲ ਦੇ ਅੰਤ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਜਗ੍ਹਾ ਬਣਾਉਣ ਦੇ ਦਾਅਵੇਦਾਰਾਂ ਦੀ ਗਿਣਤੀ ਵੱਧਣ ਕਾਰਨ ਭਾਰਤ ਵੀਰਵਾਰ ਤੋਂ ਸ਼੍ਰੀਲੰਕਾ ਦੇ ਖਿਲਾਫ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਵੱਖ-ਵੱਖ ਵਿਕਲਪਾਂ ਨੂੰ ਅਜ਼ਮਾਉਣ ਤੋਂ ਪਿੱਛੇ ਨਹੀਂ ਹਟੇਗਾ। ਟੀਮ ਇੰਡੀਆ ਇਸ ਸੀਰੀਜ਼ 'ਚ ਕਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਦੇਵੇਗੀ।
ਵੈਸਟਇੰਡੀਜ਼ ਖਿਲਾਫ 3-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਭਾਰਤੀ ਟੀਮ ਹੁਣ ਸ਼੍ਰੀਲੰਕਾ ਨੂੰ ਸਖ਼ਤ ਸਬਕ ਸਿਖਾਉਣ ਦੀ ਕੋਸ਼ਿਸ਼ ਕਰੇਗੀ ਅਤੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੂੰ ਵੀ ਅਜਿਹਾ ਕਰਨ ਦੀ ਦਾਅਵੇਦਾਰ ਮੰਨਿਆ ਜਾ ਰਿਹਾ ਹੈ ਪਰ ਕਲੀਨ ਸਵੀਪ ਕਰਨ ਦੀ ਇੱਛਾ ਦੇ ਬਾਵਜੂਦ ਟੀਮ ਪ੍ਰਬੰਧਨ ਅਕਤੂਬਰ-ਨਵੰਬਰ ਵਿੱਚ ਆਸਟਰੇਲੀਆ ਵਿੱਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਵੱਧ ਤੋਂ ਵੱਧ ਖਿਡਾਰੀਆਂ ਨੂੰ ਵੱਧ ਤੋਂ ਵੱਧ ਮੌਕੇ ਦੇਣ ਦੀ ਕੋਸ਼ਿਸ਼ ਕਰੇਗਾ।
ਵਿਰਾਟ ਕੋਹਲੀ, ਰਿਸ਼ਭ ਪੰਤ ਤੇ ਕੇਐੱਲ ਰਾਹੁਲ ਵਰਗੇ ਸਥਾਪਿਤ ਖਿਡਾਰੀਆਂ ਦੀ ਗੈਰ-ਮੌਜੂਦਗੀ 'ਚ ਆਉਣ ਵਾਲੇ ਤਿੰਨ ਮੈਚਾਂ 'ਚ ਈਸ਼ਾਨ ਕਿਸ਼ਨ, ਰਿਤੂਰਾਜ ਗਾਇਕਵਾੜ ਅਤੇ ਸੰਜੂ ਸੈਮਸਨ ਵਰਗੇ ਖਿਡਾਰੀਆਂ ਲਈ ਯਕੀਨੀ ਤੌਰ 'ਤੇ ਜ਼ਿਆਦਾ ਮੌਕੇ ਦੇਖਣ ਨੂੰ ਮਿਲਣਗੇ। ਕੋਹਲੀ ਦੀ ਗੈਰ-ਮੌਜੂਦਗੀ ਵਿੱਚ ਸ਼੍ਰੇਅਸ ਅਈਅਰ ਨੂੰ ਮੱਧਕ੍ਰਮ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ ਹੋਰ ਓਵਰ ਖੇਡਣ ਤੇ ਵੱਡਾ ਸਕੋਰ ਬਣਾਉਣ ਦਾ ਮੌਕਾ ਮਿਲੇਗਾ। ਕੋਹਲੀ ਦੀ ਵਾਪਸੀ ਤੋਂ ਬਾਅਦ ਉਹ ਤੀਜੇ ਨੰਬਰ 'ਤੇ ਖੇਡਣਾ ਤੈਅ ਹੈ।
ਗਾਇਕਵਾੜ ਅਤੇ ਅਈਅਰ ਵੈਸਟਇੰਡੀਜ਼ ਦੇ ਖਿਲਾਫ ਤੀਜੇ ਟੀ-20 ਤੋਂ ਖੁੰਝ ਗਏ ਅਤੇ ਸ਼੍ਰੀਲੰਕਾ ਦੇ ਖਿਲਾਫ ਇਸਦੀ ਭਰਪਾਈ ਕਰਨਾ ਚਾਹੁਣਗੇ। ਵੈਂਕਟੇਸ਼ ਅਈਅਰ ਨੇ ਵੈਸਟਇੰਡੀਜ਼ ਖਿਲਾਫ 'ਫਿਨੀਸ਼ਰ' ਦੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ। ਜੇਕਰ ਉਹ ਆਪਣੀ ਗੇਂਦਬਾਜ਼ੀ 'ਚ ਥੋੜ੍ਹਾ ਸੁਧਾਰ ਕਰ ਸਕਦਾ ਹੈ ਤਾਂ ਭਾਰਤ ਕੋਲ ਵਿਸ਼ਵ ਕੱਪ ਲਈ ਇਕ ਸ਼ਾਨਦਾਰ ਆਲਰਾਊਂਡਰ ਹੋਵੇਗਾ। ਸੂਰਿਆਕੁਮਾਰ ਯਾਦਵ ਅਤੇ ਦੀਪਕ ਚਾਹਰ ਦੇ ਸੱਟਾਂ ਕਾਰਨ ਬਾਹਰ ਹੋਣ ਨਾਲ ਵੈਂਕਟੇਸ਼ ਦੀ ਜ਼ਿੰਮੇਵਾਰੀ ਵਧ ਗਈ ਹੈ। ਸੰਜੂ ਸੈਮਸਨ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਪ੍ਰਬੰਧਨ ਉਸ ਨੂੰ ਪਲੇਇੰਗ ਇਲੈਵਨ ਵਿੱਚ ਕਿੱਥੇ ਫਿੱਟ ਕਰਦਾ ਹੈ।
ਕੋਚ ਰਾਹੁਲ ਦ੍ਰਾਵਿੜ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਅਤੇ ਰੋਹਿਤ ਦੀ ਵਿਸ਼ਵ ਕੱਪ ਲਈ ਟੀਮ ਦੀ ਬਣਤਰ ਦੀ ਕਾਫ਼ੀ ਸਪੱਸ਼ਟ ਤਸਵੀਰ ਹੈ। ਦ੍ਰਾਵਿੜ ਨੇ ਵੈਸਟਇੰਡੀਜ਼ ਖਿਲਾਫ ਕਲੀਨ ਸਵੀਪ ਤੋਂ ਬਾਅਦ ਕਿਹਾ ਸੀ, ''ਮੈਨੂੰ ਲੱਗਦਾ ਹੈ ਕਿ ਮੇਰੇ ਅਤੇ ਰੋਹਿਤ ਅਤੇ ਚੋਣਕਰਤਾਵਾਂ ਅਤੇ ਪ੍ਰਬੰਧਨ ਵਿਚਕਾਰ ਇਸ (ਟੀਮ ਦੀ ਰਚਨਾ) ਬਾਰੇ ਸਪੱਸ਼ਟ ਤਸਵੀਰ ਹੈ। ਉਨ੍ਹਾਂ ਕਿਹਾ “ਮੈਨੂੰ ਨਹੀਂ ਲਗਦਾ ਕਿ ਕੋਈ ਨਿਸ਼ਚਿਤ ਫਾਰਮੂਲਾ ਹੈ ਪਰ ਅਸੀਂ (ਟੀ-20 ਵਿਸ਼ਵ ਕੱਪ ਲਈ) ਸੁਮੇਲ ਅਤੇ ਸੰਤੁਲਨ ਬਾਰੇ ਬਹੁਤ ਸਪੱਸ਼ਟ ਹਾਂ। ਅਸੀਂ ਇਸ ਦੇ ਆਲੇ-ਦੁਆਲੇ ਟੀਮ ਬਣਾ ਰਹੇ ਹਾਂ ਅਤੇ ਖਿਡਾਰੀਆਂ ਦੇ ਕੰਮ ਦੇ ਬੋਝ ਨੂੰ ਸੰਤੁਲਿਤ ਕਰ ਰਹੇ ਹਾਂ।
ਜਿੱਥੋਂ ਤੱਕ ਸ਼੍ਰੀਲੰਕਾ ਦਾ ਸਵਾਲ ਹੈ, ਉਸ ਨੂੰ ਹਾਲ ਹੀ 'ਚ ਆਸਟ੍ਰੇਲੀਆ ਖਿਲਾਫ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦੇ ਬੱਲੇਬਾਜ਼ ਕਿਸੇ ਵੀ ਮੈਚ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। ਕਪਤਾਨ ਦਾਸੁਨ ਸ਼ਨਾਕਾ ਨੂੰ ਉਮੀਦ ਹੋਵੇਗੀ ਕਿ ਉਸ ਦੇ ਬੱਲੇਬਾਜ਼ ਭਾਰਤੀ ਪਿੱਚਾਂ 'ਤੇ ਅਨੁਕੂਲ ਹਾਲਾਤ 'ਚ ਚੰਗਾ ਪ੍ਰਦਰਸ਼ਨ ਕਰਨਗੇ। ਗੇਂਦਬਾਜ਼ੀ ਵਿਭਾਗ 'ਚ ਸ਼੍ਰੀਲੰਕਾ ਨੂੰ ਲੈੱਗ ਸਪਿਨਰ ਵਾਨਿੰਦੂ ਹਸਾਰੰਗਾ ਦੀ ਕਮੀ ਰਹੇਗੀ, ਜੋ ਕੋਵਿਡ-19 ਨਾਲ ਸੰਕਰਮਿਤ ਹੋਣ ਤੋਂ ਬਾਅਦ ਅਜੇ ਠੀਕ ਨਹੀਂ ਹੋਇਆ ਹੈ।
ਭਾਰਤ ਸੰਭਾਵਿਤ ਪਲੇਇੰਗ ਇਲੈਵਨ : ਰੋਹਿਤ ਸ਼ਰਮਾ (ਕਪਤਾਨ), ਰਿਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟ ਕੀਪਰ), ਸੰਜੂ ਸੈਮਸਨ, ਵੈਂਕਟੇਸ਼ ਅਈਅਰ, ਰਵਿੰਦਰ ਜਡੇਜਾ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ।