(Source: ECI/ABP News)
Asia Cup 2022: ਏਸ਼ੀਆ ਕੱਪ 'ਚ 28 ਅਗਸਤ ਨੂੰ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ
T-20 ਵਿਸ਼ਵ ਕੱਪ 2021 ਵਿੱਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਹੁਣ ਟੀਮ ਇੰਡੀਆ ਕੋਲ ਇਸ ਹਾਰ ਦਾ ਬਦਲਾ ਲੈਣ ਦਾ ਮੌਕਾ ਹੈ। 2022 ਦੇ ਟੀ-20 ਵਿਸ਼ਵ ਕੱਪ ਵਿੱਚ ਵੀ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ।

INd vs Pak: ਏਸ਼ੀਆ ਕੱਪ 2022 ਵਿੱਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ 28 ਅਗਸਤ ਨੂੰ ਹੋ ਸਕਦਾ ਹੈ। ਟੀਮ ਇੰਡੀਆ ਕੋਲ ਇਸ ਮੈਚ 'ਚ ਪਾਕਿਸਤਾਨ ਨੂੰ ਹਰਾ ਕੇ 2021 ਟੀ-20 ਵਿਸ਼ਵ ਕੱਪ 'ਚ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਹੋਵੇਗਾ। ਏਸ਼ੀਆ ਕੱਪ 2022 ਦੀ ਮੇਜ਼ਬਾਨੀ ਸ਼੍ਰੀਲੰਕਾ ਨੇ ਕੀਤੀ ਹੈ। ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸ੍ਰੀਲੰਕਾ ਵਿੱਚ ਚੱਲ ਰਹੇ ਆਰਥਿਕ ਸੰਕਟ ਕਾਰਨ ਇਹ ਟੂਰਨਾਮੈਂਟ ਯੂਏਈ ਵਿੱਚ ਕਰਵਾਇਆ ਜਾ ਸਕਦਾ ਹੈ ਪਰ ਹੁਣ ਇਹ ਟੂਰਨਾਮੈਂਟ ਨਿਰਧਾਰਤ ਸਮੇਂ ਅਨੁਸਾਰ ਸ੍ਰੀਲੰਕਾ ਵਿੱਚ ਹੀ ਖੇਡਿਆ ਜਾਵੇਗਾ।
ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੀਲੰਕਾ ਕ੍ਰਿਕਟ ਦੇ ਸੀਈਓ ਐਸ਼ਲੇ ਡੀਸਿਲਵਾ ਨੇ ਇਸ ਲਈ ਏਸ਼ੀਅਨ ਕ੍ਰਿਕਟ ਕੌਂਸਲ ਨੂੰ ਵੀ ਮਨਾ ਲਿਆ ਹੈ। ਇਸ ਵਾਰ ਏਸ਼ੀਆ ਕੱਪ ਟੀ-20 ਫਾਰਮੈਟ 'ਚ ਖੇਡਿਆ ਜਾਵੇਗਾ ਕਿਉਂਕਿ ਇਸ ਤੋਂ ਬਾਅਦ ਟੀ-20 ਵਿਸ਼ਵ ਕੱਪ ਵੀ ਕਰਵਾਇਆ ਜਾਣਾ ਹੈ। ਭਾਰਤ ਇਸ ਟੂਰਨਾਮੈਂਟ ਵਿੱਚ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਉਤਰੇਗਾ। ਮੁੱਖ ਦੌਰ ਦੇ ਮੈਚ 27 ਅਗਸਤ ਤੋਂ ਸ਼ੁਰੂ ਹੋਣਗੇ। ਇਸ ਤੋਂ ਪਹਿਲਾਂ ਕੁਆਲੀਫਾਇੰਗ ਰਾਊਂਡ ਖੇਡਿਆ ਜਾਵੇਗਾ।
2021 ਟੀ-20 ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਸੀ ਅਤੇ ਇਸ ਮੈਚ 'ਚ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਪਹਿਲਾ ਮੌਕਾ ਸੀ ਜਦੋਂ ਟੀਮ ਇੰਡੀਆ ਵਿਸ਼ਵ ਕੱਪ ਵਿੱਚ ਪਾਕਿਸਤਾਨ ਤੋਂ ਹਾਰੀ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਕਦੇ ਵੀ ਵਨਡੇ ਜਾਂ ਟੀ-20 ਵਿਸ਼ਵ ਕੱਪ ਵਿੱਚ ਭਾਰਤ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋਇਆ ਸੀ। ਭਾਰਤ 2021 ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਤੋਂ ਹਾਰ ਕੇ ਲੀਗ ਪੜਾਅ 'ਚੋਂ ਬਾਹਰ ਹੋ ਗਿਆ ਸੀ। ਹੁਣ ਟੀਮ ਇੰਡੀਆ ਕੋਲ ਇਸ ਹਾਰ ਦਾ ਬਦਲਾ ਲੈਣ ਦਾ ਮੌਕਾ ਹੈ।
ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਏਸ਼ੀਆ ਕੱਪ 2022 ਦੇ ਮੁੱਖ ਦੌਰ ਵਿੱਚ ਪਹਿਲਾਂ ਹੀ ਥਾਂ ਬਣਾ ਚੁੱਕੇ ਹਨ, ਪਰ ਟੀਮ ਦੇ ਨਾਮ ਦਾ ਫੈਸਲਾ ਹੋਣਾ ਬਾਕੀ ਹੈ। ਯੂਏਈ, ਓਮਾਨ, ਨੇਪਾਲ ਅਤੇ ਹਾਂਗਕਾਂਗ ਕੁਆਲੀਫਾਇੰਗ ਰਾਊਂਡ ਵਿੱਚ ਭਿੜਨਗੇ। ਇੱਥੇ ਜਿੱਤਣ ਵਾਲੀ ਟੀਮ ਮੁੱਖ ਦੌਰ ਵਿੱਚ ਥਾਂ ਬਣਾ ਲਵੇਗੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
