(Source: ECI/ABP News/ABP Majha)
ਭਾਰਤ ਬਣਿਆ U19 Aisa Cup 2021 ਦਾ ਚੈਂਪੀਅਨ, ਯਸ਼ ਧੂਲ ਦੀ ਕਪਤਾਨੀ 'ਚ ਸ੍ਰੀਲੰਕਾ ਨੂੰ ਹਰਾ ਜਿੱਤਿਆ ਖਿਤਾਬ
ਮੀਂਹ ਕਾਰਨ ਭਾਰਤ ਨੂੰ 38 ਓਵਰਾਂ ਵਿੱਚ ਜਿੱਤ ਲਈ 102 ਦੌੜਾਂ ਦਾ ਟੀਚਾ ਮਿਲਿਆ। ਭਾਰਤ ਦੀ ਪਹਿਲੀ ਵਿਕਟ ਹਰਨੂਰ ਸਿੰਘ ਦੇ ਰੂਪ ਵਿੱਚ ਡਿੱਗੀ ਜੋ 5 ਦੌੜਾਂ ਬਣਾ ਕੇ ਆਊਟ ਹੋਏ।
ਭਾਰਤੀ ਅੰਡਰ-19 ਕ੍ਰਿਕਟ ਟੀਮ ਨੇ ਯਸ਼ ਧੂਲ ਦੀ ਕਪਤਾਨੀ ਹੇਠ ਸ੍ਰੀਲੰਕਾ ਦੀ ਅੰਡਰ-19 ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ ਅੰਡਰ-19 ਏਸ਼ੀਆ ਕੱਪ 2021 ਦਾ ਖਿਤਾਬ ਜਿੱਤ ਲਿਆ ਹੈ। ਸਾਲ 2021 ਦੇ ਆਖਰੀ ਦਿਨ ਭਾਰਤੀ ਅੰਡਰ-19 ਟੀਮ ਨੇ ਏਸ਼ੀਅਨ ਚੈਂਪੀਅਨ ਬਣ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਦਾ ਸਫ਼ਰ ਬਹੁਤ ਹੀ ਸ਼ਾਨਦਾਰ ਰਿਹਾ ਤੇ ਅੰਤ 'ਚ ਇਹ ਟੀਮ ਇਸ ਵਾਰ ਚੈਂਪੀਅਨ ਬਣੀ। ਇਸ ਨਾਲ ਭਾਰਤੀ ਅੰਡਰ-19 ਟੀਮ ਨੇ ਅੱਠਵੀਂ ਵਾਰ ਇਹ ਖਿਤਾਬ ਜਿੱਤਿਆ ਹੈ। ਹਾਲਾਂਕਿ ਸਾਲ 2012 'ਚ ਭਾਰਤ ਅਤੇ ਪਾਕਿਸਤਾਨ ਸਾਂਝੇ ਜੇਤੂ ਬਣੇ ਸਨ।
ਫਾਈਨਲ ਮੈਚ ਵਿਚ ਭਾਰਤ ਦਾ ਪ੍ਰਦਰਸ਼ਨ
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ UAE 'ਚ ਖੇਡੇ ਗਏ ਫਾਈਨਲ ਮੈਚ 'ਚ ਮੀਂਹ ਨੇ ਪਰੇਸ਼ਾਨ ਕੀਤਾ ਅਤੇ ਸ਼੍ਰੀਲੰਕਾ ਨੇ 38 ਓਵਰਾਂ 'ਚ 9 ਵਿਕਟਾਂ 'ਤੇ 106 ਦੌੜਾਂ ਬਣਾਈਆਂ। ਮੀਂਹ ਕਾਰਨ ਡਕਵਰਥ ਲੁਈਸ ਨਿਯਮ ਦੇ ਆਧਾਰ 'ਤੇ ਮੈਚ ਨੂੰ 38-38 ਓਵਰਾਂ ਦਾ ਕਰ ਦਿੱਤਾ ਗਿਆ ਤੇ ਫਿਰ ਭਾਰਤ ਨੂੰ ਜਿੱਤ ਲਈ 102 ਦੌੜਾਂ ਦਾ ਟੀਚਾ ਮਿਲਿਆ। ਭਾਰਤੀ ਟੀਮ ਨੇ ਇਸ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ ਅਤੇ ਚੈਂਪੀਅਨ ਬਣ ਗਈ। ਸ਼੍ਰੀਲੰਕਾ ਦੇ ਬੱਲੇਬਾਜ਼ਾਂ ਨੇ ਪਹਿਲੀ ਪਾਰੀ 'ਚ ਖਰਾਬ ਪ੍ਰਦਰਸ਼ਨ ਕੀਤਾ ਅਤੇ ਟੀਮ ਲਈ ਸਰਵੋਤਮ ਸਕੋਰਰ ਯਸ਼ੀਰੂ ਰੋਡਰਿਗੋ ਰਹੇ, ਜਿਨ੍ਹਾਂ ਨੇ ਅਜੇਤੂ 19 ਦੌੜਾਂ ਬਣਾਈਆਂ। ਭਾਰਤ ਲਈ ਵਿੱਕੀ ਓਸਵਾਲ ਨੇ ਤਿੰਨ ਵਿਕਟਾਂ ਲਈਆਂ ਜਦਕਿ ਕੌਸ਼ਲ ਤਾਂਬੇ ਨੇ ਦੋ ਸਫਲਤਾਵਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਰਾਜਵਰਧਨ ਹੰਗਰਗੇਕਰ, ਰਵੀ ਕੁਮਾਰ ਅਤੇ ਰਾਜ ਬਾਵਾ ਨੇ ਇਕ-ਇਕ ਵਿਕਟ ਲਈ।
ਮੀਂਹ ਕਾਰਨ ਭਾਰਤ ਨੂੰ 38 ਓਵਰਾਂ ਵਿੱਚ ਜਿੱਤ ਲਈ 102 ਦੌੜਾਂ ਦਾ ਟੀਚਾ ਮਿਲਿਆ। ਭਾਰਤ ਦੀ ਪਹਿਲੀ ਵਿਕਟ ਹਰਨੂਰ ਸਿੰਘ ਦੇ ਰੂਪ ਵਿੱਚ ਡਿੱਗੀ ਜੋ 5 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਅੰਗਕ੍ਰਿਸ਼ ਰਘੂਵੰਸ਼ੀ ਨੇ ਅਜੇਤੂ 56 ਅਤੇ ਸ਼ੇਖ ਰਾਸ਼ਿਦ ਨੇ ਅਜੇਤੂ 31 ਦੌੜਾਂ ਬਣਾ ਕੇ ਭਾਰਤ ਨੂੰ 9 ਵਿਕਟਾਂ ਨਾਲ ਜਿੱਤ ਦਿਵਾਈ। ਭਾਰਤ ਨੇ 21.3 ਓਵਰਾਂ 'ਚ ਇਕ ਵਿਕਟ ਦੇ ਨੁਕਸਾਨ 'ਤੇ 104 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਅੰਗਕ੍ਰਿਸ਼ ਨੇ ਚੌਕਾ ਲਗਾ ਕੇ ਭਾਰਤ ਨੂੰ ਚੈਂਪੀਅਨ ਬਣਾਇਆ।
ਭਾਰਤ ਨੇ ਅੱਠਵੀਂ ਵਾਰ ਅੰਡਰ-19 ਏਸ਼ੀਆ ਕੱਪ ਦਾ ਖਿਤਾਬ ਜਿੱਤਿਆ
ਅੰਡਰ-19 ਏਸ਼ੀਆ ਕੱਪ ਦਾ ਖਿਤਾਬ ਪਹਿਲੀ ਵਾਰ ਸਾਲ 1989 ਵਿੱਚ ਬੰਗਲਾਦੇਸ਼ ਵਿੱਚ ਹੋਇਆ ਸੀ ਅਤੇ ਪਹਿਲੇ ਸੀਜ਼ਨ ਵਿੱਚ ਭਾਰਤੀ ਟੀਮ ਚੈਂਪੀਅਨ ਬਣੀ ਸੀ। ਇਸ ਤੋਂ ਬਾਅਦ ਸਾਲ 2003 'ਚ ਵੀ ਭਾਰਤ ਨੇ ਖਿਤਾਬ 'ਤੇ ਕਬਜ਼ਾ ਕੀਤਾ। ਫਿਰ ਸਾਲ 2012 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਫਾਈਨਲ ਮੈਚ ਖੇਡਿਆ ਗਿਆ ਸੀ ਪਰ ਮੈਚ ਬਰਾਬਰ ਰਹਿਣ ਕਾਰਨ ਦੋਵੇਂ ਟੀਮਾਂ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨ ਦਿੱਤਾ ਗਿਆ ਸੀ। ਫਿਰ ਭਾਰਤੀ ਟੀਮ ਨੇ 2013-14, 2016, 2018 ਅਤੇ 2019 'ਚ ਵੀ ਖਿਤਾਬ ਜਿੱਤਿਆ ਸੀ ਅਤੇ ਹੁਣ ਸਾਲ 2021 'ਚ ਵੀ ਭਾਰਤ ਨੇ ਇਹ ਸਫਲਤਾ ਹਾਸਲ ਕੀਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904