ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ
ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਸ਼ਨੀਵਾਰ ਨੂੰ ਨਿਗਮ ਬੋਧ ਘਾਟ ਪਹੁੰਚੇਗੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ ਵਿੱਚ ਆਵਾਜਾਈ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
Delhi Traffic Update: ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਲਈ ਦਿੱਲੀ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼ਨੀਵਾਰ (28 ਦਸੰਬਰ) ਨੂੰ ਨਿਗਮ ਬੋਧ ਘਾਟ ਵਿਖੇ ਹੋਣ ਵਾਲੇ ਉਨ੍ਹਾਂ ਦੇ ਅੰਤਿਮ ਸੰਸਕਾਰ ਨੂੰ ਮੁੱਖ ਰੱਖਦਿਆਂ ਟਰੈਫਿਕ ਦੇ ਪ੍ਰਬੰਧ ਵੀ ਸਖ਼ਤ ਕਰ ਦਿੱਤੇ ਗਏ ਹਨ। ਬਹੁਤ ਸਾਰੀਆਂ VIP ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਦੀ ਸੰਭਾਵਿਤ ਸ਼ਮੂਲੀਅਤ ਦੇ ਕਾਰਨ, ਕੁਝ ਰੂਟ ਬੰਦ ਕੀਤੇ ਜਾਣਗੇ ਜਾਂ ਡਾਈਵਰਟ ਕਰ ਦਿੱਤੇ ਜਾਣਗੇ।
ਟ੍ਰੈਫਿਕ ਪੁਲਿਸ ਨੇ ਸ਼ਨੀਵਾਰ (28 ਦਸੰਬਰ) ਨੂੰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਨਵੀਂ ਦਿੱਲੀ ਅਤੇ ਉੱਤਰੀ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਟ੍ਰੈਫਿਕ ਡਾਇਵਰਸ਼ਨ ਅਤੇ ਪਾਬੰਦੀਆਂ ਲਗਾਈਆਂ ਹਨ। ਖਾਸ ਤੌਰ 'ਤੇ ISBT ਕਸ਼ਮੀਰੀ ਗੇਟ, ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਅਤੇ ਹੋਰ ਪ੍ਰਮੁੱਖ ਥਾਵਾਂ 'ਤੇ ਪਹੁੰਚਣ ਵਾਲੇ ਯਾਤਰੀਆਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯਾਤਰੀਆਂ ਨੂੰ ਜਲਦੀ ਨਿਕਲਣ ਅਤੇ ਮੈਟਰੋ ਵਰਗੇ ਜਨਤਕ ਵਾਹਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਮੋਤੀਲਾਲ ਨਹਿਰੂ ਮਾਰਗ ਤੋਂ ਨਿਗਮ ਬੋਧ ਘਾਟ ਤੱਕ ਟ੍ਰੈਫਿਕ ਡਾਈਵਰਸ਼ਨ
ਸਵੇਰੇ 8 ਵਜੇ ਡਾ. ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਮੋਤੀ ਲਾਲ ਨਹਿਰੂ ਮਾਰਗ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਕਾਂਗਰਸ ਹੈੱਡਕੁਆਰਟਰ, ਅਕਬਰ ਰੋਡ ਵਿਖੇ ਲਿਜਾਈ ਜਾਵੇਗੀ। ਪਾਰਟੀ ਵਰਕਰ ਅਤੇ ਜਨਤਾ ਇੱਥੇ ਅੰਤਿਮ ਦਰਸ਼ਨਾਂ ਲਈ ਪਹੁੰਚਣਗੇ। ਇਸ ਦੌਰਾਨ ਟਰੈਫਿਕ ਨੂੰ ਇੰਡੀਆ ਗੇਟ ਤੋਂ ਮੋਤੀ ਲਾਲ ਨਹਿਰੂ ਮਾਰਗ ਵੱਲ ਡਾਇਵਰਟ ਕੀਤਾ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਡਾ: ਸਿੰਘ ਦੀ ਅੰਤਿਮ ਯਾਤਰਾ ਅਕਬਰ ਰੋਡ ਤੋਂ ਸ਼ੁਰੂ ਹੋ ਕੇ ਇੰਡੀਆ ਗੇਟ, ਤਿਲਕ ਮਾਰਗ, ਆਈ.ਟੀ.ਓ., ਦਿੱਲੀ ਗੇਟ ਅਤੇ ਰਾਜਘਾਟ ਤੋਂ ਹੁੰਦੀ ਹੋਈ ਨਿਗਮ ਬੋਧ ਘਾਟ ਪਹੁੰਚੇਗੀ | ਇਸ ਦੌਰਾਨ ਜਿਨ੍ਹਾਂ ਰੂਟਾਂ ਤੋਂ ਕਾਫਲਾ ਲੰਘੇਗਾ, ਉਨ੍ਹਾਂ ਰੂਟਾਂ 'ਤੇ ਆਵਾਜਾਈ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਜਾਵੇਗਾ। ਡਾਇਵਰਸ਼ਨ ਦੇ ਤਹਿਤ, ਰਾਜਾ ਰਾਮ ਕੋਹਲੀ ਮਾਰਗ, ਰਾਜਘਾਟ ਰੈੱਡ ਲਾਈਟ, ਸਿਗਨੇਚਰ ਬ੍ਰਿਜ ਅਤੇ ਯੁਧਿਸ਼ਠਿਰ ਸੇਤੂ ਵਰਗੇ ਰਸਤੇ ਪ੍ਰਭਾਵਿਤ ਹੋਣਗੇ। ਇਸ ਤੋਂ ਇਲਾਵਾ ਰਿੰਗ ਰੋਡ, ਨਿਸ਼ਾਦ ਰਾਜ ਮਾਰਗ, ਬੁਲੇਵਾਰਡ ਰੋਡ ਅਤੇ ਨੇਤਾਜੀ ਸੁਭਾਸ਼ ਮਾਰਗ 'ਤੇ ਵੀ ਆਵਾਜਾਈ ਵਿੱਚ ਵਿਘਨ ਪਵੇਗਾ।
ਸੁਰੱਖਿਆ ਲਈ ਚੌਕਸੀ ਜ਼ਰੂਰੀ
ਦਿੱਲੀ ਪੁਲਿਸ ਨੇ ਲੋਕਾਂ ਨੂੰ ਵਿਕਲਪਕ ਰੂਟਾਂ ਅਤੇ ਜਨਤਕ ਆਵਾਜਾਈ ਦੀ ਜ਼ਿਆਦਾ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਨਿੱਜੀ ਵਾਹਨਾਂ ਨੂੰ ਸਿਰਫ ਨਿਰਧਾਰਤ ਪਾਰਕਿੰਗ ਖੇਤਰਾਂ 'ਤੇ ਪਾਰਕ ਕਰਨ ਦੀ ਸਲਾਹ ਦਿੱਤੀ ਗਈ ਹੈ। ਬੱਸ ਯਾਤਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਟਰੈਫਿਕ ਤਬਦੀਲੀ ਕਾਰਨ ਕੁਝ ਬੱਸਾਂ ਦੇ ਰੂਟਾਂ ਵਿੱਚ ਬਦਲਾਅ ਹੋ ਸਕਦਾ ਹੈ।
ਭੀੜ ਵਾਲੀਆਂ ਥਾਵਾਂ 'ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਨੂੰ ਦੇਖਦੇ ਹੀ ਪੁਲਿਸ ਨੂੰ ਸੂਚਿਤ ਕਰਨ ਦੀ ਸਲਾਹ ਦਿੱਤੀ ਗਈ ਹੈ। ਟ੍ਰੈਫਿਕ ਪੁਲਿਸ ਦਾ ਮੰਨਣਾ ਹੈ ਕਿ ਸ਼ਨੀਵਾਰ (28 ਦਸੰਬਰ) ਹੋਣ ਕਰਕੇ ਅਤੇ ਮੀਂਹ ਪੈਣ ਦੀ ਸੰਭਾਵਨਾ ਕਾਰਨ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਘੱਟ ਹੋਵੇਗੀ, ਜਿਸ ਕਾਰਨ ਆਵਾਜਾਈ ਸੁਚਾਰੂ ਰਹਿਣ ਦੀ ਉਮੀਦ ਹੈ।