PM Modi ਨੇ New Zealand ਨਾਲ FTA ਦਾ ਕੀਤਾ ਐਲਾਨ! ਭਾਰਤ 'ਚ ਆਵੇਗਾ ਵੱਡਾ ਨਿਵੇਸ਼, ਜਾਣੋ ਕੀ ਹੋਵੇਗਾ ਖਾਸ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦਰਮਿਆਨ ਹੋਈ ਟੈਲੀਫੋਨ ਗੱਲਬਾਤ ਦੌਰਾਨ ਭਾਰਤ–ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (FTA) ਦਾ ਸਾਂਝਾ ਐਲਾਨ ਕੀਤਾ ਗਿਆ।..

ਭਾਰਤ ਨੇ ਵਿਸ਼ਵ ਵਪਾਰ ਮੋਰਚੇ ‘ਤੇ ਇੱਕ ਹੋਰ ਵੱਡੀ ਕੂਟਨੀਤਿਕ ਕਾਮਯਾਬੀ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦਰਮਿਆਨ ਹੋਈ ਟੈਲੀਫੋਨ ਗੱਲਬਾਤ ਦੌਰਾਨ ਭਾਰਤ–ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (FTA) ਦਾ ਸਾਂਝਾ ਐਲਾਨ ਕੀਤਾ ਗਿਆ। ਇਹ ਸਮਝੌਤਾ ਨਾ ਸਿਰਫ਼ ਦੋਵਾਂ ਦੇਸ਼ਾਂ ਦੇ ਆਰਥਿਕ ਸੰਬੰਧਾਂ ਨੂੰ ਨਵੀਂ ਉਚਾਈ ਦੇਵੇਗਾ, ਸਗੋਂ ਅਮਰੀਕਾ ਦੀ ਸੁਰੱਖਿਆਵਾਦੀ ਵਪਾਰ ਨੀਤੀਆਂ ਦੇ ਦੌਰ ਵਿੱਚ ਭਾਰਤ ਦੀਆਂ ਵਿਕਲਪੀ ਵਿਸ਼ਵ ਪੱਧਰੀ ਭਾਈਵਾਲੀਆਂ ਨੂੰ ਵੀ ਮਜ਼ਬੂਤ ਕਰੇਗਾ।
9 ਮਹੀਨਿਆਂ ‘ਚ ਪੂਰਾ ਹੋਇਆ ਇਤਿਹਾਸਕ ਸਮਝੌਤਾ
ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਐਫਟੀਏ ‘ਤੇ ਗੱਲਬਾਤ ਦੀ ਸ਼ੁਰੂਆਤ ਮਾਰਚ 2025 ਵਿੱਚ ਹੋਈ ਸੀ, ਜਦੋਂ ਪ੍ਰਧਾਨ ਮੰਤਰੀ ਲਕਸਨ ਭਾਰਤ ਦੌਰੇ ‘ਤੇ ਆਏ ਸਨ। ਸਿਰਫ਼ 9 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਇਸ ਮੁਕਤ ਵਪਾਰ ਸਮਝੌਤੇ ਦਾ ਪੂਰਾ ਹੋਣਾ ਦੋਵਾਂ ਦੇਸ਼ਾਂ ਦੀ ਰਾਜਨੀਤਿਕ ਇੱਛਾਸ਼ਕਤੀ ਅਤੇ ਰਣਨੀਤਿਕ ਸਮਝ ਨੂੰ ਦਰਸਾਉਂਦਾ ਹੈ।
ਪੰਜ ਸਾਲਾਂ ‘ਚ ਵਪਾਰ ਦੋਗੁਣਾ ਕਰਨ ਦਾ ਲਕਸ਼
ਦੋਵਾਂ ਨੇਤਾਵਾਂ ਨੇ ਸਹਿਮਤੀ ਜਤਾਈ ਕਿ ਐਫਟੀਏ (FTA) ਲਾਗੂ ਹੋਣ ਤੋਂ ਬਾਅਦ ਅਗਲੇ ਪੰਜ ਸਾਲਾਂ ਵਿੱਚ ਮੌਜੂਦਾ ਦੋਪੱਖੀ ਵਪਾਰ ਨੂੰ ਦੋਗੁਣਾ ਕੀਤਾ ਜਾਵੇਗਾ। ਇਸ ਨਾਲ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਵਪਾਰ, ਨਿਵੇਸ਼, ਨਵੀਨਤਾ ਅਤੇ ਸਪਲਾਈ ਚੇਨ ਸਹਿਯੋਗ ਨੂੰ ਨਵੀਂ ਰਫ਼ਤਾਰ ਮਿਲੇਗੀ।
15 ਸਾਲਾਂ ‘ਚ ਭਾਰਤ ‘ਚ 20 ਮਿਲੀਅਨ ਡਾਲਰ ਦਾ ਨਿਵੇਸ਼
ਇਸ ਸਮਝੌਤੇ ਤਹਿਤ ਨਿਊਜ਼ੀਲੈਂਡ ਅਗਲੇ 15 ਸਾਲਾਂ ਦੌਰਾਨ ਭਾਰਤ ‘ਚ 20 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ। ਇਹ ਨਿਵੇਸ਼ ਖੇਤੀਬਾੜੀ, ਡੇਅਰੀ, ਫੂਡ ਪ੍ਰੋਸੈਸਿੰਗ, ਸਿੱਖਿਆ, ਟੈਕਨੋਲੋਜੀ ਅਤੇ ਸਟਾਰਟਅਪ ਵਰਗੇ ਖੇਤਰਾਂ ‘ਚ ਨਵੇਂ ਮੌਕੇ ਪੈਦਾ ਕਰੇਗਾ।
ਭਾਰਤ ਦਾ ਸੱਤਵਾਂ ਵੱਡਾ FTA, ਗਲੋਬਲ ਨੈੱਟਵਰਕ ਹੋਇਆ ਮਜ਼ਬੂਤ
ਨਿਊਜ਼ੀਲੈਂਡ ਨਾਲ ਕੀਤਾ ਗਿਆ ਇਹ ਸਮਝੌਤਾ ਭਾਰਤ ਦਾ ਪਿਛਲੇ ਕੁਝ ਸਾਲਾਂ ‘ਚ ਸੱਤਵਾਂ ਵੱਡਾ ਮੁਕਤ ਵਪਾਰ ਸਮਝੌਤਾ (FTA) ਹੈ। ਇਸ ਤੋਂ ਪਹਿਲਾਂ ਭਾਰਤ ਓਮਾਨ, UAE, ਯੂਕੇ, ਆਸਟ੍ਰੇਲੀਆ, ਮੌਰੀਸ਼ਸ ਅਤੇ EFTA ਦੇਸ਼ਾਂ (ਯੂਰਪੀ ਫ੍ਰੀ ਟਰੇਡ ਬਲਾਕ) ਨਾਲ ਵੀ ਐਫਟੀਏ ਕਰ ਚੁੱਕਾ ਹੈ। ਇਹ ਲੜੀ ਦੱਸਦੀ ਹੈ ਕਿ ਭਾਰਤ ਤੇਜ਼ੀ ਨਾਲ ਇੱਕ ਭਰੋਸੇਯੋਗ ਗਲੋਬਲ ਵਪਾਰ ਕੇਂਦਰ ਵਜੋਂ ਉਭਰ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















