Punjab Weather Today: ਪਹਾੜਾਂ 'ਚ ਬਰਫ਼ਬਾਰੀ...ਪੰਜਾਬ ਦਾ ਡਿੱਗਿਆ ਪਾਰਾ! 6 ਦਿਨਾਂ ਲਈ ਸੰਘਣੇ ਕੋਹਰੇ ਦਾ ਯੈਲੋ ਅਲਰਟ, ਅੱਜ ਮੀਂਹ ਦੀ ਸੰਭਾਵਨਾ
ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਅਗਲੇ ਪੰਜ ਦਿਨਾਂ ਤੱਕ ਸੰਘਣੇ ਕੋਹਰੇ ਅਤੇ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਵੇਗਾ। ਜੰਮੂ-ਕਸ਼ਮੀਰ ਵਿੱਚ ਹੋਈ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਵੱਲ ਠੰਢੀਆਂ ਹਵਾਵਾਂ ਵੱਗ ਰਹੀਆਂ ਹਨ।

ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਅਗਲੇ ਪੰਜ ਦਿਨਾਂ ਤੱਕ ਸੰਘਣੇ ਕੋਹਰੇ ਅਤੇ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਵੇਗਾ। ਜੰਮੂ-ਕਸ਼ਮੀਰ ਵਿੱਚ ਹੋਈ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਵੱਲ ਠੰਢੀਆਂ ਹਵਾਵਾਂ ਵੱਗ ਰਹੀਆਂ ਹਨ। ਮੌਸਮ ਵਿਭਾਗ ਨੇ 27 ਤਰੀਖ ਤੱਕ ਘਣੇ ਕੋਹਰੇ ਅਤੇ ਕੋਲਡ ਡੇ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਅੱਜ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਦੱਸੀ ਗਈ ਹੈ।
ਗੁਰਦਾਸਪੁਰ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ
ਲੁਧਿਆਣਾ ਵਿੱਚ ਕੋਲਡ ਡੇ ਦਰਜ ਕੀਤਾ ਗਿਆ ਹੈ, ਜਦਕਿ ਬਠਿੰਡਾ, ਅੰਮ੍ਰਿਤਸਰ, ਹਲਵਾਰਾ ਅਤੇ ਗੁਰਦਾਸਪੁਰ ਵਿੱਚ ਸੰਘਣਾ ਕੋਹਰਾ ਰਿਕਾਰਡ ਕੀਤਾ ਗਿਆ। ਪਹਾੜੀ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਦੇ ਅਸਰ ਨਾਲ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਹੋਇਆ ਹੈ, ਜੋ ਆਮ ਨਾਲੋਂ 4.6 ਡਿਗਰੀ ਵੱਧ ਹੈ। ਗੁਰਦਾਸਪੁਰ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅੱਜ 8 ਜ਼ਿਲ੍ਹਿਆਂ ਵਿੱਚ ਵੱਧ ਠੰਢ ਰਹਿਣ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ ਇਸ ਸਮੇਂ ਵੈਸਟਨ ਡਿਸਟਰਬਨ ਸਰਗਰਮ ਹੈ, ਜਿਸ ਕਾਰਨ ਮੌਸਮ ਵਿੱਚ ਬਦਲਾਅ ਆ ਰਿਹਾ ਹੈ। ਇਸ ਦਾ ਅਸਰ ਉੱਤਰ-ਪੱਛਮੀ ਭਾਰਤ ਦੇ ਮੌਸਮ ‘ਤੇ ਸਾਫ਼ ਨਜ਼ਰ ਆ ਰਿਹਾ ਹੈ। ਉੱਤਰ-ਪੱਛਮੀ ਭਾਰਤ ਦੇ ਉੱਪਰ ਤੇਜ਼ ਰਫ਼ਤਾਰ ਹਵਾਵਾਂ ਵੱਗ ਰਹੀਆਂ ਹਨ, ਜਿਨ੍ਹਾਂ ਨੂੰ ਜੈੱਟ ਸਟ੍ਰੀਮ ਕਿਹਾ ਜਾਂਦਾ ਹੈ।
ਅੱਜ ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਕਾਫ਼ੀ ਵੱਧ ਠੰਢ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ।
ਇਸ ਹਫ਼ਤੇ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ
ਅਗਲੇ 48 ਘੰਟਿਆਂ ਤੱਕ ਘੱਟ ਤੋਂ ਘੱਟ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਇਸ ਤੋਂ ਬਾਅਦ ਰਾਜ ਵਿੱਚ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ।
23 ਤਰੀਖ – ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਵਿੱਚ ਕੁਝ ਥਾਵਾਂ ‘ਤੇ ਸੰਘਣਾ ਕੋਹਰਾ ਪੈ ਸਕਦਾ ਹੈ। ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ।
24 ਤਰੀਖ – ਰਾਜ ਦੇ ਕੁਝ ਇਲਾਕਿਆਂ ਵਿੱਚ ਸੰਘਣੇ ਤੋਂ ਬਹੁਤ ਘਣਾ ਕੋਹਰਾ ਛਾ ਸਕਦਾ ਹੈ ਅਤੇ ਮੌਸਮ ਸੁੱਕਾ ਬਣਿਆ ਰਹੇਗਾ।
25 ਤਰੀਖ – ਰਾਜ ਦੇ ਕੁਝ ਥਾਵਾਂ ‘ਤੇ ਘਣੇ ਤੋਂ ਬਹੁਤ ਘਣਾ ਕੋਹਰਾ ਪੈਣ ਦੀ ਸੰਭਾਵਨਾ ਹੈ, ਜਦਕਿ ਮੌਸਮ ਸੁੱਕਾ ਰਹੇਗਾ।
26 ਤਰੀਖ – ਰਾਜ ਦੇ ਕੁਝ ਥਾਵਾਂ ‘ਤੇ ਘਣਾ ਕੋਹਰਾ ਪਵੇਗਾ ਅਤੇ ਮੌਸਮ ਸੁੱਕਾ ਰਹੇਗਾ।
27 ਤਰੀਖ – ਰਾਜ ਦੇ ਕੁਝ ਥਾਵਾਂ ‘ਤੇ ਵੀ ਘਣਾ ਕੋਹਰਾ ਛਾਇਆ ਰਹਿਣ ਦੀ ਸੰਭਾਵਨਾ ਹੈ ਅਤੇ ਮੌਸਮ ਸੁੱਕਾ ਰਹੇਗਾ।
ਹਾਈਵੇਅਜ਼ ‘ਤੇ ਬੱਦਲ ਅਤੇ ਕੋਹਰੇ ਦੀ ਸੰਭਾਵਨਾ
ਮੌਸਮ ਵਿਭਾਗ ਨੇ ਹਾਈਵੇਅਜ਼ ‘ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਅਗਲੇ ਦੋ ਦਿਨਾਂ ਤੱਕ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। 22 ਤਰੀਖ ਨੂੰ ਦਿੱਲੀ–ਅੰਬਾਲਾ ਹਾਈਵੇਅ ‘ਤੇ ਘਣਾ ਕੋਹਰਾ ਅਤੇ ਬੱਦਲ ਛਾਏ ਰਹਿਣਗੇ, ਜਦਕਿ ਅੰਬਾਲਾ–ਅੰਮ੍ਰਿਤਸਰ ਹਾਈਵੇਅ ‘ਤੇ ਵੀ ਬੱਦਲ ਰਹਿਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ 23 ਤਰੀਖ ਨੂੰ ਅੰਮ੍ਰਿਤਸਰ ਤੋਂ ਦਿੱਲੀ ਤੱਕ ਹਾਈਵੇਅ ‘ਤੇ ਬੱਦਲ ਛਾਏ ਰਹਿਣ ਦੀ ਉਮੀਦ ਹੈ।
ਚੰਡੀਗੜ੍ਹ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ
ਕੋਹਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਵਾਹਨ ਚਾਲਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਕੋਹਰੇ ਦੌਰਾਨ ਵਾਹਨ ਚਲਾਉਂਦੇ ਸਮੇਂ ਖਾਸ ਸਾਵਧਾਨੀ ਵਰਤੀ ਜਾਵੇ। ਜੇ ਸੰਭਵ ਹੋਵੇ ਤਾਂ ਕੋਹਰੇ ਵੇਲੇ ਯਾਤਰਾ ਕਰਨ ਤੋਂ ਬਚੋ। ਵਾਹਨ ਸੜਕ ਦੇ ਕਿਨਾਰੇ ਖੜ੍ਹਾ ਨਾ ਕਰੋ। ਹੌਲੀ ਗਤੀ ਨਾਲ ਚਲੋ ਅਤੇ ਵਾਰ-ਵਾਰ ਲੇਨ ਬਦਲਣ ਤੋਂ ਬਚੋ। ਰਿਫ਼ਲੈਕਟਿਵ ਟੇਪ ਦੀ ਵਰਤੋਂ ਕਰੋ ਅਤੇ ਸਾਈਕਲ ਸਵਾਰਾਂ ਤੇ ਪੈਦਲ ਯਾਤਰੀਆਂ ‘ਤੇ ਖ਼ਾਸ ਧਿਆਨ ਦਿਓ।






















