ਨਵੀਂ ਦਿੱਲੀ: ਇੰਗਲੈਂਡ ਵਿਰੁੱਧ ਪਹਿਲੇ ਵਨਡੇ ਮੈਚ 'ਚ ਭਾਰਤੀ ਕ੍ਰਿਕਟ ਟੀਮ ਨੇ 66 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ ਸੀ। 318 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਨੇ ਸ਼ਾਨਦਾਰ ਸ਼ੁਰੂ ਕੀਤੀ ਸੀ ਤੇ 14.1 ਓਵਰਾਂ 'ਚ ਬਗੈਰ ਕੋਈ ਵਿਕਟ ਗੁਆਏ 135 ਦੌੜਾਂ ਬਣਾਈਆਂ ਸਨ ਪਰ ਇਸ ਤੋਂ ਬਾਅਦ ਭਾਰਤੀ ਟੀਮ ਨੇ ਜ਼ਬਰਦਸਤ ਵਾਪਸੀ ਕਰਦਿਆਂ ਇੰਗਲੈਂਡ ਨੂੰ 251 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਕਪਤਾਨ ਵਿਰਾਟ ਕੋਹਲੀ ਵੀ ਇਸ ਜਿੱਤ ਤੋਂ ਬਹੁਤ ਖੁਸ਼ ਹਨ। ਵਿਰਾਟ ਕੋਹਲੀ ਨੇ ਇਸ ਜਿੱਤ ਨੂੰ ਅਜੋਕੇ ਸਮੇਂ ਦੀ ਸੱਭ ਤੋਂ ਵਧੀਆ ਜਿੱਤ ਦੱਸਿਆ ਹੈ।


ਤਿੰਨ ਵਨਡੇ ਮੈਚਾਂ ਦੀ ਲੜੀ 'ਚ ਭਾਰਤੀ ਟੀਮ ਨੇ 1-0 ਦੀ ਲੀਡ ਹਾਸਲ ਕਰ ਲਈ ਹੈ। ਵਿਰਾਟ ਕੋਹਲੀ ਨੇ ਕਿਹਾ, "ਅਜੋਕੇ ਸਮੇਂ 'ਚ ਇਹ ਸਾਡੀ ਸੱਭ ਤੋਂ ਵਧੀਆ ਜਿੱਤ ਹੈ। ਇੰਨੀ ਛੇਤੀ 9 ਵਿਕਟਾਂ ਲੈਣਾ ਸ਼ਾਨਦਾਰ ਸੀ। ਸਾਡੇ ਗੇਂਦਬਾਜ਼ਾਂ ਨੇ ਮੈਚ 'ਚ ਵਾਪਸੀ ਕਰਵਾਈ, ਇਹ ਕਾਫ਼ੀ ਬੇਮਿਸਾਲ ਸੀ। ਮੈਨੂੰ ਇਸ 'ਤੇ ਕਾਫ਼ੀ ਮਾਣ ਮਹਿਸੂਸ ਹੋ ਰਿਹਾ ਹੈ।"


ਵਿਰਾਟ ਕੋਹਲੀ ਨੇ ਸ਼ਿਖਰ ਧਵਨ ਅਤੇ ਕੇ.ਐਲ. ਰਾਹੁਲ ਦੀ ਖੂਬ ਤਰੀਫ਼ ਕੀਤੀ। ਉਨ੍ਹਾਂ ਕਿਹਾ, "ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦਿੰਦੇ ਹਾਂ ਜੋ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰ ਸਕਦੇ ਹਨ। ਸ਼ਿਖਰ ਧਵਨ ਤੇ ਲੋਕੇਸ਼ ਰਾਹੁਲ ਦੀ ਪਾਰੀ ਸ਼ਾਨਦਾਰ ਰਹੀ। ਹਰ ਮੈਚ 'ਚ ਸਾਡੇ ਕੋਲ ਦੋ-ਤਿੰਨ ਖਿਡਾਰੀ ਉਪਲੱਬਧ ਹੁੰਦੇ ਹਨ। ਇਹ ਭਾਰਤੀ ਕ੍ਰਿਕਟ ਲਈ ਇਕ ਚੰਗਾ ਸੰਕੇਤ ਹੈ।"


ਗੇਂਦਬਾਜ਼ਾਂ ਨੇ ਮੈਚ 'ਚ ਵਾਪਸੀ ਕਰਵਾਈ


ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਮੈਚ 'ਚ ਵਾਪਸੀ ਕਰਵਾਉਣ 'ਚ ਉਨ੍ਹਾਂ ਦੇ ਗੇਂਦਬਾਜ਼ਾਂ ਨੇ ਇਕ ਮਹੱਤਵਪੂਰਨ ਭੂਮਿਕਾ ਨਿਭਾਈ। ਕੋਹਲੀ ਨੇ ਕਿਹਾ, "ਅਸੀਂ ਹੁਣ ਸਹੀ ਰਸਤੇ 'ਤੇ ਹਾਂ ਅਤੇ ਸਾਡੀ ਟੀਮ 'ਚ ਬਹੁਤ ਸਾਰੇ ਵਧੀਆ ਖਿਡਾਰੀ ਹਨ। ਧਵਨ ਨੇ ਮੁਸ਼ਕਲ ਸਮੇਂ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ ਤੋਂ ਇਲਾਵਾ ਸਾਡੇ ਗੇਂਦਬਾਜ਼ਾਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ।"


ਇਹ ਵੀ ਪੜ੍ਹੋ: ਗੈਸ ਸਿਲੰਡਰਾਂ ਨਾਲ ਭਰੇ ਟਰੱਕ 'ਤੇ ਡਿੱਗੀ ਅਸਮਾਨੀ ਬਿਜਲੀ, ਢਾਈ ਘੰਟੇ ਤਕ ਹੁੰਦੇ ਰਹੇ ਧਮਾਕੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904