ਇੰਗਲੈਂਡ ਨੇ ਜਿੱਤ ਨਾਲ ਜੇਮਸ ਐਂਡਰਸਨ ਨੂੰ ਦਿੱਤੀ ਵਿਦਾਈ, ਵੈਸਟਇੰਡੀਜ਼ ਨੂੰ ਪਾਰੀ ਅਤੇ 114 ਦੌੜਾਂ ਨਾਲ ਹਰਾਇਆ
James Anderson Retirement: ਇੰਗਲੈਂਡ ਦੇ ਮਹਾਨ ਗੇਂਦਬਾਜ਼ ਜੇਮਸ ਐਂਡਰਸਨ ਨੇ ਮਈ 2024 ਵਿੱਚ ਐਲਾਨ ਕੀਤਾ ਸੀ ਕਿ ਉਹ ਜੁਲਾਈ ਵਿੱਚ ਵੈਸਟਇੰਡੀਜ਼ ਖਿਲਾਫ਼ ਲੜੀ ਦਾ ਪਹਿਲਾ ਟੈਸਟ ਮੈਚ ਖੇਡਣ ਤੋਂ ਬਾਅਦ ਸੰਨਿਆਸ ਲੈ ਲੈਣਗੇ।
James Anderson Retirement: ਕ੍ਰਿਕੇਟ ਜਗਤ ਤੋਂ ਇੱਕ ਹੋਰ ਖਿਡਾਰੀ ਨੇ ਸੰਨਿਆਸ ਲੈ ਲਿਆ ਹੈ। ਜੀ ਹਾਂ ਇੰਗਲੈਂਡ ਦੇ ਮਹਾਨ ਗੇਂਦਬਾਜ਼ ਜੇਮਸ ਐਂਡਰਸਨ ਨੇ ਮਈ 2024 ਵਿੱਚ ਐਲਾਨ ਕੀਤਾ ਸੀ ਕਿ ਉਹ ਜੁਲਾਈ ਵਿੱਚ ਵੈਸਟਇੰਡੀਜ਼ ਖਿਲਾਫ਼ ਲੜੀ ਦਾ ਪਹਿਲਾ ਟੈਸਟ ਮੈਚ ਖੇਡਣ ਤੋਂ ਬਾਅਦ ਸੰਨਿਆਸ ਲੈ ਲੈਣਗੇ। ਹੁਣ ਇੰਗਲੈਂਡ ਨੇ ਲਾਰਡਸ 'ਚ ਖੇਡੇ ਗਏ ਪਹਿਲੇ ਟੈਸਟ ਮੈਚ 'ਚ ਵੈਸਟਇੰਡੀਜ਼ ਨੂੰ ਪਾਰੀ ਅਤੇ 114 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ 2003 'ਚ ਸ਼ੁਰੂ ਹੋਇਆ ਜੇਮਸ ਐਂਡਰਸਨ ਦਾ ਕਰੀਅਰ ਖਤਮ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਪਿਛਲੇ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ 4 ਵਿਕਟਾਂ ਲਈਆਂ ਸਨ। ਆਓ ਹੁਣ James Anderson ਦੇ ਕਰੀਅਰ ਉੱਤੇ ਇੱਕ ਝਾਤ ਮਾਰੀਏ ਅਤੇ ਉਨ੍ਹਾਂ ਦੇ ਕੁਝ ਅਟੁੱਟ ਰਿਕਾਰਡਾਂ ਬਾਰੇ ਜਾਣੂ ਹੋਈਏ ।
ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼
ਜੇਮਸ ਐਂਡਰਸਨ ਦੁਨੀਆ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਵਜੋਂ ਸੰਨਿਆਸ ਲੈ ਚੁੱਕੇ ਹਨ। ਐਂਡਰਸਨ ਨੇ ਆਪਣੇ ਟੈਸਟ ਕਰੀਅਰ 'ਚ ਕੁਲ 188 ਮੈਚ ਖੇਡੇ, ਜਿਸ ਦੀ ਸ਼ੁਰੂਆਤ 2003 'ਚ ਜ਼ਿੰਬਾਬਵੇ ਖਿਲਾਫ ਮੈਚ ਨਾਲ ਹੋਈ ਸੀ। ਆਪਣੇ ਕੁੱਲ ਅੰਤਰਰਾਸ਼ਟਰੀ ਕਰੀਅਰ ਵਿੱਚ, ਉਨ੍ਹਾਂ ਨੇ 400 ਮੈਚਾਂ ਵਿੱਚ ਇੰਗਲੈਂਡ ਦੀ ਨੁਮਾਇੰਦਗੀ ਕੀਤੀ ਜਿਸ ਵਿੱਚ ਉਨ੍ਹਾਂ ਦੇ ਨਾਮ ਕੁੱਲ 991 ਵਿਕਟਾਂ ਹਨ।
ਉਨ੍ਹਾਂ ਨੇ ਟੈਸਟ ਕ੍ਰਿਕਟ ਵਿੱਚ 704 ਵਿਕਟਾਂ, ਵਨਡੇਅ ਵਿੱਚ 269 ਵਿਕਟਾਂ ਅਤੇ ਟੀ-20 ਕ੍ਰਿਕਟ ਵਿੱਚ 18 ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਕ੍ਰਿਕਟ 'ਚ ਅਗਲੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਗਲੇਨ ਮੈਕਗ੍ਰਾ ਦੇ ਨਾਂ 'ਤੇ 949 ਵਿਕਟਾਂ ਸਨ। ਅੱਜ ਦੇ ਦੌਰ 'ਚ ਤੇਜ਼ ਗੇਂਦਬਾਜ਼ ਲਗਾਤਾਰ ਜ਼ਖਮੀ ਹੋ ਜਾਂਦੇ ਹਨ ਅਤੇ ਇਸ ਲਈ ਉਨ੍ਹਾਂ ਲਈ 900 ਤੋਂ ਜ਼ਿਆਦਾ ਅੰਤਰਰਾਸ਼ਟਰੀ ਵਿਕਟਾਂ ਲੈਣਾ ਅਸੰਭਵ ਜਾਪਦਾ ਹੈ।
ਇੰਗਲੈਂਡ ਲਈ ਸਭ ਤੋਂ ਵੱਧ ਟੈਸਟ
ਹਾਲਾਂਕਿ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਮੈਚ ਖੇਡਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ, ਜਿਨ੍ਹਾਂ ਨੇ ਆਪਣੇ ਕਰੀਅਰ 'ਚ ਕੁੱਲ 200 ਮੈਚ ਖੇਡੇ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਜੇਮਸ ਐਂਡਰਸਨ ਹਨ, ਜਿਨ੍ਹਾਂ ਨੇ 188ਵਾਂ ਟੈਸਟ ਮੈਚ ਖੇਡ ਕੇ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਐਂਡਰਸਨ ਨੇ ਆਪਣਾ ਪਹਿਲਾ ਟੈਸਟ ਮੈਚ 2003 ਵਿੱਚ ਖੇਡਿਆ ਅਤੇ ਅਗਲੇ 21 ਸਾਲਾਂ ਵਿੱਚ ਉਸਨੇ 188 ਮੈਚ ਖੇਡੇ।
ਇੰਗਲੈਂਡ ਲਈ ਦੂਜਾ ਸਭ ਤੋਂ ਵੱਧ ਟੈਸਟ ਮੈਚ ਖੇਡਣ ਵਾਲਾ ਖਿਡਾਰੀ ਸਟੂਅਰਟ ਬ੍ਰਾਡ ਹੈ, ਜਿਸ ਨੇ 167 ਮੈਚਾਂ ਵਿੱਚ ਇੰਗਲੈਂਡ ਦੀ ਨੁਮਾਇੰਦਗੀ ਕੀਤੀ ਹੈ। ਮੌਜੂਦਾ ਖਿਡਾਰੀਆਂ ਵਿੱਚ ਜੋ ਰੂਟ (141) ਨੇ ਇੰਗਲੈਂਡ ਲਈ ਸਭ ਤੋਂ ਵੱਧ ਮੈਚ ਖੇਡੇ ਹਨ।
700 ਟੈਸਟ ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼
ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਮੁਥੱਈਆ ਮੁਰਲੀਧਰਨ (800) ਅਤੇ ਸ਼ੇਨ ਵਾਰਨ (708) ਸਨ। ਪਰ ਜੇਮਸ ਐਂਡਰਸਨ ਨੇ ਇੱਕ ਤੇਜ਼ ਗੇਂਦਬਾਜ਼ ਹੋਣ ਦੇ ਨਾਤੇ 700 ਤੋਂ ਵੱਧ ਟੈਸਟ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਹੈ, ਜੋ ਉਸ ਤੋਂ ਪਹਿਲਾਂ ਕੋਈ ਨਹੀਂ ਕਰ ਸਕਿਆ ਸੀ।
ਉਨ੍ਹਾਂ ਦਾ ਟੈਸਟ ਕਰੀਅਰ 704 ਵਿਕਟਾਂ ਨਾਲ ਖਤਮ ਹੋਇਆ ਅਤੇ ਵੈਸਟਇੰਡੀਜ਼ ਦਾ ਜੋਸ਼ੂਆ ਡੀ ਸਿਲਵਾ ਉਸ ਦਾ ਆਖਰੀ ਸ਼ਿਕਾਰ ਬਣਿਆ। ਫਿਲਹਾਲ ਕੋਈ ਵੀ ਤੇਜ਼ ਗੇਂਦਬਾਜ਼ 400 ਵਿਕਟਾਂ ਵੀ ਪੂਰੀਆਂ ਨਹੀਂ ਕਰ ਸਕਿਆ ਹੈ, ਇਸ ਲਈ 700 ਵਿਕਟਾਂ ਦਾ ਅੰਕੜਾ ਪਾਰ ਕਰਨਾ ਅਸੰਭਵ ਕੰਮ ਹੈ।
ਇੰਗਲੈਂਡ ਕ੍ਰਿਕਟ ਟੀਮ ਦੇ ਮਹਾਨ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਇਤਿਹਾਸ ਰਚ ਦਿੱਤਾ ਹੈ। ਉਹ ਵੈਸਟਇੰਡੀਜ਼ ਖਿਲਾਫ ਟੈਸਟ ਫਾਰਮੈਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੁਨੀਆ ਦੇ ਦੂਜੇ ਗੇਂਦਬਾਜ਼ ਬਣ ਗਏ ਹਨ। ਲਾਰਡਜ਼ ਟੈਸਟ ਤੋਂ ਪਹਿਲਾਂ ਵੈਸਟਇੰਡੀਜ਼ ਖਿਲਾਫ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ 'ਚ ਉਹ ਤੀਜੇ ਸਥਾਨ 'ਤੇ ਸੀ ਪਰ ਦੂਜੀ ਪਾਰੀ 'ਚ ਉਨ੍ਹਾਂ ਨੇ ਐਲੇਕ ਅਥਾਨੇਸ ਦਾ ਵਿਕਟ ਲਿਆ। ਇਸੇ ਤਰ੍ਹਾਂ ਉਹ ਟੀਮ ਇੰਡੀਆ ਦੇ ਸਾਬਕਾ ਕਪਤਾਨ ਕਪਿਲ ਦੇਵ ਨੂੰ ਪਛਾੜ ਕੇ ਦੂਜੇ ਸਥਾਨ 'ਤੇ ਪਹੁੰਚ ਗਏ।