New Cricket Rules: ਪੈਨਲਟੀ ਦੌੜਾਂ ਤੋਂ ਲੈ ਕੇ ਡੈੱਡ ਬਾਲ ਤੱਕ, 1 ਅਕਤੂਬਰ ਤੋਂ ਬਦਲ ਜਾਣਗੇ ਕ੍ਰਿਕਟ ਦੇ ਇਹ ਨਿਯਮ
ਖਿਡਾਰੀ ਗੇਂਦ 'ਤੇ ਥੁੱਕ ਨਹੀਂ ਲਗਾ ਸਕਣਗੇ। ਇਹ ਨਿਯਮ ਪਿਛਲੇ 2 ਸਾਲਾਂ ਤੋਂ ਲਾਗੂ ਹੈ ਅਤੇ ਭਵਿੱਖ 'ਚ ਵੀ ਜਾਰੀ ਰਹੇਗਾ। ਜੇਕਰ ਕੋਈ ਖਿਡਾਰੀ ਕੈਚ ਆਊਟ ਹੋ ਜਾਂਦਾ ਹੈ ਤਾਂ ਉਸ ਦੀ ਥਾਂ 'ਤੇ ਆਉਣ ਵਾਲਾ ਨਵਾਂ ਬੱਲੇਬਾਜ਼ ਹੀ ਸਟ੍ਰਾਈਕ ਲਵੇਗਾ।
Change in Cricket Rules: ਆਈਸੀਸੀ ਨੇ ਮੰਗਲਵਾਰ ਨੂੰ ਕ੍ਰਿਕਟ ਦੇ ਕਈ ਨਿਯਮਾਂ 'ਚ ਬਦਲਾਅ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚ ਸਟ੍ਰਾਈਕ ਤੋਂ ਲੈ ਕੇ ਡੈੱਡ ਬਾਲ, ਨੋ ਬਾਲ, ਪੈਨਲਟੀ ਦੌੜਾਂ ਤੱਕ ਕਈ ਪੁਆਇੰਟਸ 'ਤੇ ਨਿਯਮਾਂ 'ਚ ਬਦਲਾਅ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਵਿਡ-19 ਦੇ ਦੌਰ ਤੋਂ ਸ਼ੁਰੂ ਹੋਈ ਲਾਰ ਪਾਬੰਦੀ ਨੂੰ ਵੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਸਾਰੇ ਨਵੇਂ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ। ਦੱਸ ਦਈਏ ਕਿ ਇਨ੍ਹਾਂ ਬਦਲਾਵਾਂ ਲਈ ਸੁਝਾਅ ਮੈਰੀਲੇਬੋਨ ਕ੍ਰਿਕਟ ਕਲੱਬ (MCC) ਨੇ ਪੇਸ਼ ਕੀਤੇ ਸਨ। ਆਮ ਤੌਰ 'ਤੇ ICC ਕੌਮਾਂਤਰੀ ਕ੍ਰਿਕਟ 'ਚ ਮੈਰੀਲੇਬੋਨ ਕ੍ਰਿਕਟ ਕਲੱਬ ਵੱਲੋਂ ਸੁਝਾਏ ਗਏ ਹਰ ਨਿਯਮ ਨੂੰ ਲਾਗੂ ਕਰਦਾ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ।
- ਖਿਡਾਰੀ ਗੇਂਦ 'ਤੇ ਥੁੱਕ ਨਹੀਂ ਲਗਾ ਸਕਣਗੇ। ਇਹ ਨਿਯਮ ਪਿਛਲੇ 2 ਸਾਲਾਂ ਤੋਂ ਲਾਗੂ ਹੈ ਅਤੇ ਭਵਿੱਖ 'ਚ ਵੀ ਜਾਰੀ ਰਹੇਗਾ।
- ਜੇਕਰ ਕੋਈ ਖਿਡਾਰੀ ਕੈਚ ਆਊਟ ਹੋ ਜਾਂਦਾ ਹੈ ਤਾਂ ਉਸ ਦੀ ਥਾਂ 'ਤੇ ਆਉਣ ਵਾਲਾ ਨਵਾਂ ਬੱਲੇਬਾਜ਼ ਹੀ ਸਟ੍ਰਾਈਕ ਲਵੇਗਾ। ਭਾਵੇਂ ਆਊਟ ਹੋਣ ਵਾਲੇ ਬੱਲੇਬਾਜ਼ ਨੇ ਕੈਚ ਲੈਣ ਤੋਂ ਪਹਿਲਾਂ ਸਟ੍ਰਾਈਕ ਬਦਲ ਲਈ ਹੋਵੇ।
- ਟੈਸਟ ਅਤੇ ਵਨਡੇ 'ਚ ਕਿਸੇ ਬੱਲੇਬਾਜ਼ ਦੇ ਆਊਟ ਹੋਣ ਤੋਂ ਬਾਅਦ ਨਵੇਂ ਬੱਲੇਬਾਜ਼ ਨੂੰ 2 ਮਿੰਟ ਦੇ ਅੰਦਰ ਪਿੱਚ 'ਤੇ ਆਉਣਾ ਹੋਵੇਗਾ। ਟੀ-20 ਕੌਮਾਂਤਰੀ ਮੈਚਾਂ 'ਚ ਡੇਢ ਮਿੰਟ ਦਾ ਨਿਯਮ ਬਰਕਰਾਰ ਰਹੇਗਾ।
- ਜੇਕਰ ਗੇਂਦਬਾਜ਼ ਦੀ ਗਲਤੀ ਕਾਰਨ ਗੇਂਦ ਪਿੱਚ ਤੋਂ ਦੂਰ ਡਿੱਗ ਜਾਂਦੀ ਹੈ ਤਾਂ ਵੀ ਸਟਰਾਈਕਰ ਗੇਂਦ ਨੂੰ ਖੇਡ ਸਕਦਾ ਹੈ, ਪਰ ਬੱਲੇਬਾਜ਼ ਦਾ ਬੱਲਾ ਜਾਂ ਲੱਤ ਜਾਂ ਪਿੱਚ ਦਾ ਕੋਈ ਵੀ ਹਿੱਸਾ ਪਿੱਚ 'ਚ ਹੋਣਾ ਜ਼ਰੂਰੀ ਹੈ। ਜੇਕਰ ਕੋਈ ਗੇਂਦ ਬੱਲੇਬਾਜ਼ ਨੂੰ ਪਿੱਚ ਛੱਡਣ ਲਈ ਮਜ਼ਬੂਰ ਕਰਦੀ ਹੈ ਤਾਂ ਉਸ ਨੂੰ ਨੋ ਬਾਲ ਕਿਹਾ ਜਾਵੇਗਾ।
- ਜੇਕਰ ਗੇਂਦਬਾਜ਼ੀ ਲਈ ਦੌੜਦੇ ਸਮੇਂ ਫੀਲਡਿੰਗ ਵਾਲੇ ਪਾਸੇ ਤੋਂ ਕਿਸੇ ਕਿਸਮ ਦੀ ਗਲਤ ਕਾਰਵਾਈ ਕੀਤੀ ਜਾਂਦੀ ਹੈ ਤਾਂ ਅੰਪਾਇਰ ਉਸ ਗੇਂਦ ਨੂੰ ਡੈੱਡ ਬਾਲ ਦੇ ਸਕਦਾ ਹੈ ਅਤੇ ਨਾਲ ਹੀ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ 5 ਦੌੜਾਂ ਦਾ ਜੁਰਮਾਨਾ ਵੀ ਦੇ ਸਕਦਾ ਹੈ।
- ਮਾਂਕਡਿੰਗ ਨੂੰ ਅਧਿਕਾਰਤ ਰਨ ਆਊਟ ਮੰਨਿਆ ਜਾਵੇਗਾ। ਜਦੋਂ ਨਾਨ-ਸਟਰਾਈਕਿੰਗ ਐਂਡ ਦਾ ਬੱਲੇਬਾਜ਼ ਗੇਂਦਬਾਜ਼ ਵੱਲੋਂ ਗੇਂਦ ਸੁੱਟਣ ਤੋਂ ਪਹਿਲਾਂ ਕ੍ਰੀਜ਼ ਤੋਂ ਬਾਹਰ ਆਉਂਦਾ ਹੈ ਅਤੇ ਗੇਂਦਬਾਜ਼ ਆਪਣਾ ਹੱਥ ਰੋਕਦਾ ਹੈ ਅਤੇ ਉਸ ਸਿਰੇ ਦੀਆਂ ਗਿੱਲੀਆਂ ਬਿਖੇਰਦਾ ਹੈ, ਇਸ ਨੂੰ ਮਾਂਕਡਿੰਗ ਕਿਹਾ ਜਾਂਦਾ ਹੈ।
- ਪਹਿਲਾਂ ਜੇਕਰ ਕਿਸੇ ਗੇਂਦਬਾਜ਼ ਨੇ ਦੇਖਿਆ ਕਿ ਸਟ੍ਰਾਈਕਰ ਨੇ ਗੇਂਦ ਸੁੱਟਣ ਤੋਂ ਪਹਿਲਾਂ ਕੋਈ ਮੂਵਮੈਂਟ ਲੈ ਲਈ ਹੈ ਤਾਂ ਉਹ ਉਸ ਬੱਲੇਬਾਜ਼ ਨੂੰ ਰਨ ਆਊਟ ਕਰਨ ਲਈ ਗੇਂਦ ਸੁੱਟ ਸਕਦਾ ਹੈ, ਹੁਣ ਅਜਿਹੀ ਗੇਂਦ ਨੂੰ ਡੈੱਡ ਬਾਲ ਮੰਨਿਆ ਜਾਵੇਗਾ।
ਇਹ ਵੀ ਹੋਣਗੇ ਬਦਲਾਅ
ਜਨਵਰੀ 2022 ਵਿੱਚ ਟੀ-20 'ਚ ਪੇਸ਼ ਕੀਤਾ ਗਿਆ ਇੱਕ ਨਿਯਮ, ਜਿਸ 'ਚ ਜੇਕਰ ਫੀਲਡਿੰਗ ਟੀਮ ਅਨੁਸੂਚੀ ਦੇ ਅਨੁਸਾਰ ਆਪਣੇ ਓਵਰਾਂ ਤੋਂ ਪਿੱਛੇ ਚੱਲ ਰਹੀ ਹੈ ਤਾਂ ਉਸ ਨੂੰ ਬਾਕੀ ਓਵਰਾਂ ਲਈ ਸਰਕਲ ਦੇ ਬਾਹਰ ਖੜ੍ਹੇ ਫੀਲਡਰਾਂ ਦੀ ਵੱਧ ਤੋਂ ਵੱਧ ਗਿਣਤੀ ਨੂੰ ਘਟਾ ਕੇ ਸਰਕਲ ਦੇ ਅੰਦਰ ਬੁਲਾਇਆ ਜਾਣਾ ਹੈ। ਇਹ ਨਿਯਮ ਹੁਣ ਵਨਡੇ 'ਚ ਵੀ ਲਾਗੂ ਹੋਵੇਗਾ। ਹਾਲਾਂਕਿ ਇਸ ਨੂੰ ਵਿਸ਼ਵ ਕੱਪ ਸੁਪਰ ਲੀਗ 2023 ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹਾਈਬ੍ਰਿਡ ਪਿੱਚਾਂ ਦੀ ਵਰਤਮਾਨ 'ਚ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਵਰਤੋਂ ਕੀਤੀ ਜਾਂਦੀ ਹੈ। ਹੁਣ ਮਰਦ ਕ੍ਰਿਕਟ 'ਚ ਵੀ ਦੋਵਾਂ ਟੀਮਾਂ ਦੀ ਸਹਿਮਤੀ ਤੋਂ ਬਾਅਦ ਇਨ੍ਹਾਂ ਪਿੱਚਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।