T20 WC 2022 Semifinal: ਟੀਮ ਇੰਡੀਆ ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ, ਪਾਕਿਸਤਾਨ ਦਾ ਨਿਊਜ਼ੀਲੈਂਡ ਨਾਲ ਹੋਵੇਗਾ ਮੁਕਾਬਲਾ
T20 World Cup 2022 Semifinal: ਮੈਲਬੋਰਨ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੇ ਜ਼ਿੰਬਾਬਵੇ ਨੂੰ ਹਰਾਇਆ। ਹੁਣ ਸੈਮੀਫਾਈਨਲ 'ਚ ਉਸ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।
T20 World Cup 2022 Semifinal India vs England: ਭਾਰਤ ਨੇ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਉਸ ਨੇ ਮੈਲਬੋਰਨ 'ਚ ਖੇਡੇ ਗਏ ਮੈਚ 'ਚ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ ਸੀ। ਇਸ ਜਿੱਤ ਤੋਂ ਬਾਅਦ ਟੀਮ ਇੰਡੀਆ ਹੁਣ 10 ਨਵੰਬਰ ਨੂੰ ਇੰਗਲੈਂਡ ਖਿਲਾਫ ਹੋਣ ਵਾਲੇ ਦੂਜੇ ਸੈਮੀਫਾਈਨਲ ਮੈਚ ਲਈ ਮੈਦਾਨ 'ਚ ਉਤਰੇਗੀ। ਉਥੇ ਹੀ ਪਹਿਲੇ ਸੈਮੀਫਾਈਨਲ ਮੈਚ 'ਚ ਪਾਕਿਸਤਾਨ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਇਹ ਮੈਚ 9 ਨਵੰਬਰ ਨੂੰ ਸਿਡਨੀ ਵਿੱਚ ਖੇਡਿਆ ਜਾਵੇਗਾ। ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਐਤਵਾਰ ਨੂੰ ਖੇਡੇ ਗਏ ਮੈਚ ਤੋਂ ਬਾਅਦ ਅੰਕ ਸੂਚੀ ਦੀ ਸਥਿਤੀ ਵੀ ਬਦਲ ਗਈ ਹੈ।
ਟੀਮ ਇੰਡੀਆ ਮੈਲਬੋਰਨ 'ਚ ਜ਼ਿੰਬਾਬਵੇ 'ਤੇ ਜਿੱਤ ਦਰਜ ਕਰਕੇ ਸੁਪਰ 12 ਦੇ ਗਰੁੱਪ 2 ਦੇ ਅੰਕ ਸੂਚੀ 'ਚ ਚੋਟੀ 'ਤੇ ਪਹੁੰਚ ਗਈ ਹੈ। 5 ਮੈਚ ਖੇਡ ਕੇ ਉਸ ਨੇ 4 ਵਿੱਚ ਜਿੱਤ ਦਰਜ ਕੀਤੀ ਅਤੇ ਇੱਕ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਉਸ ਦੇ ਕੁੱਲ 8 ਅੰਕ ਹਨ। ਜਦਕਿ ਇੰਗਲੈਂਡ ਦੀ ਟੀਮ ਗਰੁੱਪ 1 ਦੇ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ। ਉਸ ਦੇ 7 ਅੰਕ ਹਨ। ਇਸ ਲਈ ਦੂਜੇ ਸੈਮੀਫਾਈਨਲ 'ਚ ਭਾਰਤ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਹੋਵੇਗਾ। ਇਹ ਮੈਚ ਐਡੀਲੇਡ 'ਚ 10 ਨਵੰਬਰ ਨੂੰ ਖੇਡਿਆ ਜਾਵੇਗਾ। ਮੈਚ ਭਾਰਤ ਦੇ ਸਮੇਂ ਮੁਤਾਬਕ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।
ਟੀ-20 ਵਿਸ਼ਵ ਕੱਪ 2022 ਦਾ ਪਹਿਲਾ ਸੈਮੀਫਾਈਨਲ ਮੈਚ ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਸਿਡਨੀ 'ਚ 9 ਨਵੰਬਰ ਨੂੰ ਦੁਪਹਿਰ 1.30 ਵਜੇ ਤੋਂ ਹੋਵੇਗਾ। ਨਿਊਜ਼ੀਲੈਂਡ ਦੀ ਟੀਮ ਗਰੁੱਪ 1 ਦੇ ਅੰਕ ਸੂਚੀ ਵਿੱਚ ਸਿਖਰ 'ਤੇ ਹੈ। ਉਸ ਦੇ 7 ਅੰਕ ਹਨ ਅਤੇ ਨੈੱਟ ਰਨ ਰੇਟ ਵੀ ਸਭ ਤੋਂ ਵਧੀਆ ਹੈ। ਇਸ ਲਈ ਉਸਦਾ ਸਾਹਮਣਾ ਗਰੁੱਪ 2 ਦੀ ਨੰਬਰ 2 ਟੀਮ ਪਾਕਿਸਤਾਨ ਨਾਲ ਹੋਵੇਗਾ।
ਜ਼ਿਕਰਯੋਗ ਹੈ ਕਿ ਮੈਲਬੋਰਨ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 186 ਦੌੜਾਂ ਬਣਾਈਆਂ ਸਨ। ਇਸ ਦੌਰਾਨ ਸੂਰਿਆਕੁਮਾਰ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 61 ਦੌੜਾਂ ਦੀ ਅਜੇਤੂ ਪਾਰੀ ਖੇਡੀ। ਜਵਾਬ 'ਚ ਜ਼ਿੰਬਾਬਵੇ ਦੀ ਟੀਮ 17.2 ਓਵਰਾਂ 'ਚ 115 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਲਈ ਰਵੀਚੰਦਰਨ ਅਸ਼ਵਿਨ ਨੇ 3 ਵਿਕਟਾਂ ਲਈਆਂ। ਜਦਕਿ ਮੁਹੰਮਦ ਸ਼ਮੀ ਅਤੇ ਹਾਰਦਿਕ ਪੰਡਯਾ ਨੇ 2-2 ਵਿਕਟਾਂ ਲਈਆਂ।