IND vs AUS: ਇੰਦੌਰ 'ਚ ਭਾਰਤ ਨੇ ਆਸਟ੍ਰੇਲੀਆ ਨੂੰ ਸਿਖਾਇਆ ਸਬਕ, 99 ਦੌੜਾਂ ਨਾਲ ਜਿੱਤਿਆ ਦੂਜਾ ਵਨਡੇਅ
IND vs AUS 2nd ODI:ਗੇਂਦਬਾਜ਼ੀ ਵਿੱਚ ਅਸ਼ਵਿਨ ਅਤੇ ਜਡੇਜਾ ਦੀ ਜੋੜੀ ਨੇ ਕਮਾਲ ਕੀਤਾ। ਇਨ੍ਹਾਂ ਦੋਵਾਂ ਦੇ ਸਾਹਮਣੇ ਆਸਟ੍ਰੇਲੀਆਈ ਬੱਲੇਬਾਜ਼ ਦਮ ਤੋੜਦੇ ਨਜ਼ਰ ਆਏ। ਭਾਰਤ ਨੇ DL ਵਿਧੀ ਦੀ ਵਰਤੋਂ ਕਰਦਿਆਂ 99 ਦੌੜਾਂ ਨਾਲ ਜਿੱਤ ਦਰਜ ਕੀਤੀ।
IND vs AUS 2nd ODI: ਆਸਟਰੇਲਿਆਈ ਟੀਮ ਨੇ ਇੰਦੌਰ ਵਿੱਚ ਭਾਰਤ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਦਿੱਤਾ। ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ ਅਤੇ ਸੂਰਿਆਕੁਮਾਰ ਯਾਦਵ ਦੀ ਤੂਫਾਨੀ ਬੱਲੇਬਾਜ਼ੀ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਜਾਦੂਈ ਸਪਿਨ ਨੇ ਭਾਰਤ ਨੂੰ ਦੂਜੇ ਵਨਡੇ 'ਚ ਜਿੱਤ ਦਿਵਾਈ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਸੀਰੀਜ਼ 'ਤੇ ਵੀ ਕਬਜ਼ਾ ਕਰ ਲਿਆ।
ਮੀਂਹ ਤੋਂ ਪ੍ਰਭਾਵਿਤ ਇਸ ਮੈਚ ਵਿਚ ਭਾਰਤ ਨੇ ਪਹਿਲਾਂ ਖੇਡਦਿਆਂ ਸ਼੍ਰੇਅਸ ਅਈਅਰ (105), ਸ਼ੁਭਮਨ ਗਿੱਲ (104) ਅਤੇ ਸੂਰਿਆਕੁਮਾਰ ਯਾਦਵ (ਅਜੇਤੂ 72) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 50 ਓਵਰਾਂ ਵਿਚ 5 ਵਿਕਟਾਂ 'ਤੇ 399 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਆਸਟਰੇਲੀਆ ਦੀ ਪਾਰੀ ਦੇ 9 ਓਵਰਾਂ ਬਾਅਦ ਮੀਂਹ ਆ ਗਿਆ ਅਤੇ ਫਿਰ ਆਸਟਰੇਲੀਆ ਨੂੰ 33 ਓਵਰਾਂ ਵਿੱਚ 317 ਦੌੜਾਂ ਦਾ ਟੀਚਾ ਮਿਲਿਆ। ਹਾਲਾਂਕਿ ਆਸਟ੍ਰੇਲੀਆ ਦੀ ਟੀਮ 217 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਇਹ ਮੈਚ 99 ਦੌੜਾਂ ਨਾਲ ਜਿੱਤ ਲਿਆ।
ਮੀਂਹ ਰੁਕਣ ਤੋਂ ਬਾਅਦ ਜਦੋਂ ਖੇਡ ਦੁਬਾਰਾ ਸ਼ੁਰੂ ਹੋਈ ਤਾਂ ਆਸਟਰੇਲੀਆ ਨੂੰ 144 ਗੇਂਦਾਂ ਵਿੱਚ 261 ਦੌੜਾਂ ਹੋਰ ਬਣਾਉਣੀਆਂ ਪਈਆਂ। ਡੇਵਿਡ ਵਾਰਨਰ ਅਤੇ ਮਾਰਨਸ ਲਾਬੂਸ਼ੇਨ ਕ੍ਰੀਜ਼ 'ਤੇ ਸਨ। ਦੋਵਾਂ ਨੇ ਸ਼ੁਰੂਆਤ 'ਚ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਅਜਿਹਾ ਲੱਗ ਰਿਹਾ ਸੀ ਕਿ ਆਸਟਰੇਲਿਆਈ ਟੀਮ ਮੈਚ ਨੂੰ ਆਪਣੀ ਝੋਲੀ ਵਿੱਚ ਲੈ ਲਵੇਗੀ ਪਰ ਫਿਰ ਅਸ਼ਵਿਨ ਨੇ ਆਪਣੀ ਜਾਦੂਈ ਸਪਿਨ ਨਾਲ ਮੈਚ ਭਾਰਤ ਦੀ ਝੋਲੀ ਵਿੱਚ ਪਾ ਦਿੱਤਾ। ਭਾਰਤ ਦੀ ਸਖ਼ਤ ਗੇਂਦਬਾਜ਼ੀ ਦੇ ਸਾਹਮਣੇ ਆਸਟਰੇਲੀਆ ਨੇ 140 ਦੌੜਾਂ 'ਤੇ ਅੱਠ ਵਿਕਟਾਂ ਗੁਆ ਦਿੱਤੀਆਂ ਸਨ, ਪਰ ਅੰਤ ਵਿੱਚ ਸੀਨ ਐਬੋਟ ਅਤੇ ਜੋਸ਼ ਹੇਜ਼ਲਵੁੱਡ ਨੇ ਹਾਰ ਦਾ ਫਰਕ ਘੱਟ ਕਰ ਦਿੱਤਾ।
ਵਾਰਨਰ ਦੇ ਆਊਟ ਹੁੰਦੇ ਹੀ ਟੀਮ ਤਾਸ਼ ਦੇ ਪੱਤਿਆਂ ਵਾਂਗ ਡਿੱਗ ਗਈ। ਇਸ ਦੌਰਾਨ ਮਾਰਨਸ ਲੈਬੁਸ਼ਗਨ (27), ਜੋਸ਼ ਇੰਗਲਿਸ (06), ਅਲੈਕਸ ਕੈਰੀ (14), ਕੈਮਰੂਨ ਗ੍ਰੀਨ (19) ਅਤੇ ਐਡਮ ਜ਼ਾਂਪਾ (05) ਪੈਵੇਲੀਅਨ ਪਰਤ ਗਏ।
ਭਾਰਤ ਲਈ ਅਸ਼ਵਿਨ ਨੇ 41 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਜਡੇਜਾ ਨੇ 42 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਜਦੋਂ ਕਿ ਪ੍ਰਸਿਦ ਕ੍ਰਿਸ਼ਨ ਨੂੰ ਦੋ ਅਤੇ ਮੁਹੰਮਦ ਸ਼ਮੀ ਨੂੰ ਇੱਕ ਸਫਲਤਾ ਮਿਲੀ। ਅਸ਼ਵਿਨ ਨੇ ਵਾਰਨਰ, ਲਾਬੂਸ਼ੇਨ ਅਤੇ ਇੰਗਲਿਸ਼ ਨੂੰ ਪਵੇਲੀਅਨ ਭੇਜਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।