Indore Test : ਆਸਟ੍ਰੇਲੀਆ ਖ਼ਿਲਾਫ਼ ਘਰੇਲੂ ਮੈਦਾਨਾਂ 'ਤੇ ਟੀਮ ਇੰਡੀਆ ਦਾ ਚੌਥਾ ਸਭ ਤੋਂ ਘੱਟ ਸਕੋਰ, ਇਕ ਹੋਰ ਵੀ ਸ਼ਰਮਨਾਕ ਰਿਕਾਰਡ ਬਣਾਇਆ
IND vs AUS 3rd Test: ਬਾਰਡਰ-ਗਾਵਸਕਰ ਟਰਾਫੀ 2023 ਦਾ ਤੀਜਾ ਟੈਸਟ ਇੰਦੌਰ ਵਿੱਚ ਖੇਡਿਆ ਜਾ ਰਿਹੈ। ਇੱਥੇ ਟੀਮ ਇੰਡੀਆ ਪਹਿਲੇ ਦਿਨ ਦੇ ਦੂਜੇ ਸੈਸ਼ਨ ਵਿੱਚ ਹੀ ਆਲ ਆਊਟ ਹੋ ਗਈ। ਭਾਰਤੀ ਟੀਮ ਸਿਰਫ਼ 109 ਦੌੜਾਂ ਹੀ ਬਣਾ ਸਕੀ।
India vs Australia : ਭਾਰਤ ਤੇ ਆਸਟ੍ਰੇਲੀਆ ਵਿਚਾਲੇ ਇੰਦੌਰ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਮੇਜ਼ਬਾਨ ਟੀਮ ਸਿਰਫ 109 ਦੌੜਾਂ 'ਤੇ ਹੀ ਸਿਮਟ ਗਈ। ਆਸਟ੍ਰੇਲੀਆ ਦੇ ਖ਼ਿਲਾਫ਼ ਘਰੇਲੂ ਮੈਦਾਨਾਂ 'ਤੇ ਖੇਡੇ ਗਏ ਟੈਸਟ ਮੈਚਾਂ 'ਚ ਟੀਮ ਇੰਡੀਆ ਦਾ ਇਹ ਹੁਣ ਤੱਕ ਦਾ ਚੌਥਾ ਸਭ ਤੋਂ ਛੋਟਾ ਸਕੋਰ ਹੈ। ਪਿਛਲੇ 20 ਸਾਲਾਂ 'ਚ ਤਿੰਨ ਵਾਰ ਟੀਮ ਇੰਡੀਆ 109 ਤੋਂ ਘੱਟ ਸਕੋਰ 'ਤੇ ਆਲ ਆਊਟ ਹੋਈ ਹੈ। ਦੱਸ ਦੇਈਏ ਕਿ ਆਸਟਰੇਲੀਆ ਦੀ ਟੀਮ ਭਾਰਤ ਵਿੱਚ ਆਪਣਾ 53ਵਾਂ ਟੈਸਟ ਮੈਚ ਖੇਡ ਰਹੀ ਹੈ।
ਭਾਰਤੀ ਟੀਮ ਦਾ ਆਸਟ੍ਰੇਲੀਆ ਖ਼ਿਲਾਫ਼ ਆਪਣੀ ਧਰਤੀ 'ਤੇ ਸਭ ਤੋਂ ਛੋਟਾ ਸਕੋਰ 104 ਦੌੜਾਂ ਰਿਹਾ ਹੈ। ਸਾਲ 2004 'ਚ ਮੁੰਬਈ 'ਚ ਖੇਡੇ ਗਏ ਟੈਸਟ 'ਚ ਟੀਮ ਇੰਡੀਆ ਸਿਰਫ 104 ਦੌੜਾਂ ਹੀ ਬਣਾ ਸਕੀ ਸੀ। ਇਸ ਤੋਂ ਬਾਅਦ ਸਾਲ 2017 'ਚ ਪੁਣੇ 'ਚ ਹੋਏ ਟੈਸਟ 'ਚ ਟੀਮ ਇੰਡੀਆ ਦੀ ਇਕ ਪਾਰੀ 105 ਅਤੇ ਦੂਜੀ ਪਾਰੀ 107 'ਤੇ ਸਿਮਟ ਗਈ ਸੀ।
ਇਹ ਵੀ ਇੱਕ ਸ਼ਰਮਨਾਕ ਰਿਕਾਰਡ ਬਣਾਇਆ
ਬਾਰਡਰ-ਗਾਵਸਕਰ ਟਰਾਫੀ 2023 ਦੇ ਤੀਜੇ ਟੈਸਟ 'ਚ ਟੀਮ ਇੰਡੀਆ ਦੇ ਨਾਂ ਇਕ ਹੋਰ ਸ਼ਰਮਨਾਕ ਰਿਕਾਰਡ ਵੀ ਦਰਜ ਹੋਇਆ ਹੈ। ਟੀਮ ਇੰਡੀਆ ਇਸ ਟੈਸਟ ਦੀ ਪਹਿਲੀ ਪਾਰੀ 'ਚ ਸਿਰਫ 33.2 ਓਵਰ ਹੀ ਬੱਲੇਬਾਜ਼ੀ ਕਰ ਸਕੀ। ਘਰੇਲੂ ਮੈਦਾਨ 'ਤੇ ਟੈਸਟ ਮੈਚਾਂ ਦੇ ਇਤਿਹਾਸ 'ਚ ਪਹਿਲੀ ਪਾਰੀ 'ਚ ਭਾਰਤੀ ਟੀਮ ਵੱਲੋਂ ਸੁੱਟੇ ਗਏ ਇਹ ਚੌਥੇ ਸਭ ਤੋਂ ਘੱਟ ਓਵਰ ਸਨ।
ਆਪਣੇ ਹੀ ਜਾਲ 'ਚ ਫਸੀ ਟੀਮ ਇੰਡੀਆ
ਭਾਰਤੀ ਟੀਮ ਨੂੰ ਇੰਦੌਰ ਟੈਸਟ ਲਈ ਵੀ ਨਾਗਪੁਰ ਅਤੇ ਦਿੱਲੀ ਦੀ ਤਰਜ਼ 'ਤੇ ਬਣਾਇਆ ਗਿਆ ਸਪਿਨ ਟ੍ਰੈਕ ਮਿਲਿਆ, ਪਰ ਇੱਥੇ ਭਾਰਤੀ ਟੀਮ ਆਪਣੇ ਹੀ ਜਾਲ ਦਾ ਸ਼ਿਕਾਰ ਹੋ ਗਈ। ਟੀਮ ਇੰਡੀਆ ਮੈਚ ਦੇ ਪਹਿਲੇ ਦਿਨ ਦੇ ਦੂਜੇ ਸੈਸ਼ਨ ਵਿੱਚ ਆਲ ਆਊਟ ਹੋ ਗਈ। ਆਸਟ੍ਰੇਲੀਆਈ ਸਪਿਨਰਾਂ ਨੇ ਟੀਮ ਇੰਡੀਆ ਦੇ ਕਿਸੇ ਵੀ ਬੱਲੇਬਾਜ਼ ਨੂੰ ਜ਼ਿਆਦਾ ਦੇਰ ਟਿਕਣ ਨਹੀਂ ਦਿੱਤਾ। ਇੱਥੇ ਮੈਥਿਊ ਕੁਹਨੇਮੈਨ ਨੇ ਪੰਜ, ਨਾਥਨ ਲਿਓਨ ਨੇ ਤਿੰਨ ਅਤੇ ਟੌਡ ਮਰਫੀ ਨੇ ਇੱਕ ਵਿਕਟ ਲਈ।
ਬਾਰਡਰ ਗਾਵਸਕਰ ਟਰਾਫੀ 2023 ਦੇ ਇਸ ਤੀਜੇ ਟੈਸਟ ਵਿੱਚ ਇੱਕ ਸਮੇਂ ਭਾਰਤੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 27 ਦੌੜਾਂ ਜੋੜੀਆਂ ਸਨ ਪਰ ਜਿਵੇਂ ਹੀ ਪਹਿਲੀ ਵਿਕਟ ਡਿੱਗੀ ਤਾਂ ਬੈਕ ਟੂ ਬੈਕ ਖਿਡਾਰੀ ਪੈਵੇਲੀਅਨ ਪਰਤਣ ਲੱਗੇ। 18 ਦੌੜਾਂ ਦੇ ਅੰਦਰ 5 ਬੱਲੇਬਾਜ਼ ਆਊਟ ਹੋ ਗਏ। ਭਾਰਤ ਦੀ ਅੱਧੀ ਟੀਮ 45 ਦੌੜਾਂ 'ਤੇ ਪੈਵੇਲੀਅਨ ਪਹੁੰਚ ਚੁੱਕੀ ਸੀ। ਇਸ ਤੋਂ ਬਾਅਦ ਹੇਠਲੇ ਕ੍ਰਮ ਨੇ ਕੁਝ ਸਮਾਂ ਸੰਘਰਸ਼ ਕੀਤਾ ਪਰ ਅੰਤ ਵਿੱਚ ਭਾਰਤੀ ਟੀਮ 109 ਦੌੜਾਂ ਹੀ ਬਣਾ ਸਕੀ।