ਗੰਭੀਰ ਦੇ ਆਉਂਦੇ ਹੀ ਟੀਮ ਇੰਡੀਆ ਦਾ ਨਿਕਲਿਆ ‘ਜਲੂਸ’, ਟੁੱਟ ਰਹੇ ਨੇ ਸਾਲਾਂ ਪੁਰਾਣੇ ਰਿਕਾਰਡ, ਭਾਰਤ ‘ਚ ਵੀ ਹੋਇਆ ਬੁਰਾ ਹਾਲ
India Performance Under Gautam Gambhir: ਟੀਮ ਇੰਡੀਆ ਨਿਊਜ਼ੀਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ 2-0 ਨਾਲ ਪਛੜ ਗਈ ਹੈ, ਯਾਨੀ ਭਾਰਤ ਨੇ ਪਹਿਲੀ ਵਾਰ ਘਰੇਲੂ ਮੈਦਾਨ 'ਤੇ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਹਾਰੀ ਹੈ।
ਗੌਤਮ ਗੰਭੀਰ ਦੇ ਮੁੱਖ ਕੋਚ ਬਣਨ ਤੋਂ ਬਾਅਦ ਟੀਮ ਇੰਡੀਆ ਲਈ ਇਹ ਇੱਕ ਹੋਰ ਵੱਡਾ ਝਟਕਾ ਹੈ। ਤੁਹਾਨੂੰ ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਰਾਹੁਲ ਦ੍ਰਾਵਿੜ ਦਾ ਮੁੱਖ ਕੋਚ ਦੇ ਤੌਰ 'ਤੇ ਕਾਰਜਕਾਲ ਖਤਮ ਹੋ ਗਿਆ ਸੀ ਤਾਂ ਗੌਤਮ ਗੰਭੀਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਪਰ ਗੌਤਮ ਗੰਭੀਰ ਦੇ ਛੋਟੇ ਕਾਰਜਕਾਲ ਵਿੱਚ ਟੀਮ ਇੰਡੀਆ ਦੇ ਨਾਂਅ ਕਈ ਸ਼ਰਮਨਾਕ ਰਿਕਾਰਡ ਦਰਜ ਹੋ ਗਏ ਜਿਸ ਦੀ ਸ਼ੁਰੂਆਤ ਸ੍ਰੀਲੰਕਾ ਦੌਰੇ ਤੋਂ ਹੀ ਹੋਈ ਸੀ।
ਮੁੱਖ ਕੋਚ ਵਜੋਂ ਗੌਤਮ ਗੰਭੀਰ ਦਾ ਪਹਿਲਾ ਵਿਦੇਸ਼ੀ ਦੌਰਾ ਸ਼੍ਰੀਲੰਕਾ ਦਾ ਸੀ, ਇੱਥੋਂ ਹੀ ਉਨ੍ਹਾਂ ਦਾ ਕਾਰਜਕਾਲ ਸ਼ੁਰੂ ਹੋਇਆ ਸੀ। ਉਹ ਟੀ-20 ਸੀਰੀਜ਼ 'ਚ ਟੀਮ ਨੂੰ ਜਿੱਤ ਦਿਵਾਉਣ 'ਚ ਸਫਲ ਰਹੇ ਪਰ ਟੀਮ ਇੰਡੀਆ ਨੂੰ ਵਨਡੇ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾ ਖਿਲਾਫ 27 ਸਾਲ ਬਾਅਦ ਇਹ ਪਹਿਲੀ ਵਨਡੇ ਸੀਰੀਜ਼ ਹਾਰ ਸੀ। ਟੀਮ ਇੰਡੀਆ ਸ਼੍ਰੀਲੰਕਾ ਦੇ ਖਿਲਾਫ ਖੇਡੀ ਗਈ ਇਸ ਵਨਡੇ ਸੀਰੀਜ਼ ਦੇ ਤਿੰਨੋਂ ਮੈਚਾਂ ਵਿੱਚ ਆਲ ਆਊਟ ਹੋ ਗਈ ਸੀ। ਇਹ ਵੀ ਇੱਕ ਰਿਕਾਰਡ ਸੀ। ਦਰਅਸਲ, ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਟੀਮ ਇੰਡੀਆ ਵਨਡੇ ਸੀਰੀਜ਼ ਦੇ ਸਾਰੇ ਮੈਚਾਂ ਵਿੱਚ ਆਲ ਆਊਟ ਹੋਈ ਸੀ।
ਪਿਛਲੇ 45 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਇੱਕ ਸਾਲ ਵਿੱਚ ਕੋਈ ਵੀ ਵਨਡੇ ਮੈਚ ਨਹੀਂ ਜਿੱਤ ਸਕੀ ਹੈ। ਤੁਹਾਨੂੰ ਦੱਸ ਦੇਈਏ ਕਿ ਟੀਮ ਇੰਡੀਆ ਨੇ ਇਸ ਸਾਲ ਸਿਰਫ 3 ਵਨਡੇ ਖੇਡੇ, ਜਿਸ 'ਚ 2 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇੱਕ ਟਾਈ ਰਿਹਾ।
ਨਿਊਜ਼ੀਲੈਂਡ ਖਿਲਾਫ ਵੀ ਟੀਮ ਇੰਡੀਆ ਦਾ ਖਰਾਬ ਪ੍ਰਦਰਸ਼ਨ ਜਾਰੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਬੈਂਗਲੁਰੂ 'ਚ ਖੇਡਿਆ ਗਿਆ ਸੀ, ਜਿਸ 'ਚ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਟੀਮ ਇੰਡੀਆ 36 ਸਾਲ ਬਾਅਦ ਘਰੇਲੂ ਮੈਦਾਨ 'ਤੇ ਨਿਊਜ਼ੀਲੈਂਡ ਖਿਲਾਫ ਟੈਸਟ ਮੈਚ ਵੀ ਹਾਰ ਗਈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ 1988 ਵਿੱਚ ਭਾਰਤ ਵਿੱਚ ਇੱਕ ਟੈਸਟ ਜਿੱਤਿਆ ਸੀ।
ਟੀਮ ਇੰਡੀਆ 19 ਸਾਲਾਂ ਬਾਅਦ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਕੋਈ ਟੈਸਟ ਮੈਚ ਹਾਰ ਗਈ ਸੀ। ਇਸ ਤੋਂ ਪਹਿਲਾਂ ਸਾਲ 2005 'ਚ ਪਾਕਿਸਤਾਨ ਨੇ ਐੱਮ ਚਿੰਨਾਸਵਾਮੀ ਸਟੇਡੀਅਮ 'ਚ ਹੋਏ ਟੈਸਟ ਮੈਚ 'ਚ ਟੀਮ ਇੰਡੀਆ ਨੂੰ ਹਰਾਇਆ ਸੀ।
ਟੀਮ ਇੰਡੀਆ ਨਿਊਜ਼ੀਲੈਂਡ ਖਿਲਾਫ ਬੇਂਗਲੁਰੂ ਟੈਸਟ ਦੀ ਪਹਿਲੀ ਪਾਰੀ 'ਚ 46 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਸੀ ਜਦੋਂ ਟੀਮ ਇੰਡੀਆ ਘਰੇਲੂ ਮੈਦਾਨ 'ਤੇ 50 ਤੋਂ ਘੱਟ ਦੌੜਾਂ 'ਤੇ ਆਲ ਆਊਟ ਹੋਈ ਸੀ।
ਟੀਮ ਇੰਡੀਆ ਨੂੰ ਨਿਊਜ਼ੀਲੈਂਡ ਖਿਲਾਫ ਪੁਣੇ ਟੈਸਟ 'ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੇ ਨਾਲ ਹੀ ਭਾਰਤੀ ਟੀਮ ਇਹ ਸੀਰੀਜ਼ ਵੀ ਹਾਰ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ 12 ਸਾਲ ਬਾਅਦ ਘਰੇਲੂ ਮੈਦਾਨ 'ਤੇ ਕੋਈ ਟੈਸਟ ਮੈਚ ਹਾਰਿਆ ਹੈ।
ਇਸ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੇ ਘਰੇਲੂ ਮੈਦਾਨ 'ਤੇ ਲਗਾਤਾਰ 18 ਟੈਸਟ ਸੀਰੀਜ਼ ਜਿੱਤੀਆਂ ਸਨ ਪਰ ਹੁਣ ਇਹ ਸਿਲਸਿਲਾ ਟੁੱਟ ਗਿਆ ਹੈ। ਭਾਰਤ 4302 ਦਿਨਾਂ ਬਾਅਦ ਘਰੇਲੂ ਮੈਦਾਨ 'ਤੇ ਟੈਸਟ ਸੀਰੀਜ਼ ਹਾਰ ਗਿਆ ਹੈ।